ਰਾਸ਼ਟਰੀ ਵੈਟਰਨ ਐਥਲੈਟਿਕਸ ਮੀਟ ’ਚ ਰੋਪੜ ਦੇ ਖਿਡਾਰੀ ਚਮਕੇ
ਰਾਸ਼ਟਰੀ ਵੈਟਰਨ ਐਥਲੈਟਿਕਸ ਮੀਟ ਵਿਚ ਰੋਪੜ ਦੇ ਮਾਸਟਰਜ਼ ਖਿਡਾਰੀਆਂ ਦੀ ਚਮਕ
Publish Date: Mon, 16 Mar 2026 05:27 PM (IST)
Updated Date: Mon, 16 Mar 2026 05:31 PM (IST)

ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜਿੱਤੇ ਸੋਨੇ ’ਤੇ ਕਾਂਸੇ ਦੇ ਤਗਮੇ ਦਿਨੇਸ਼ ਹੱਲਣ, ਪੰਜਾਬੀ ਜਾਗਰਣ ਨੂਰਪੁਰਬੇਦੀ : ਨੈਸ਼ਨਲ ਵੈਟਰਨ ਫੈਡਰੇਸ਼ਨ ਆਫ ਇੰਡੀਆ ਵੱਲੋਂ ਸ਼੍ਰੀ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵਿਖੇ ਆਯੋਜਿਤ ਰਾਸ਼ਟਰੀ ਵੈਟਰਨ ਐਥਲੈਟਿਕਸ ਮੀਟ ਵਿਚ ਰੋਪੜ ਜ਼ਿਲ੍ਹੇ ਦੇ ਮਾਸਟਰਜ਼ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਈ ਤਗਮੇ ਆਪਣੇ ਨਾਮ ਕੀਤੇ ਹਨ। ਇਸ ਮੁਕਾਬਲੇ ਵਿਚ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਆਏ ਮਾਸਟਰਜ਼ ਖਿਡਾਰੀਆਂ ਨੇ ਹਿੱਸਾ ਲੈ ਕੇ ਆਪਣੀ ਖੇਡ ਕਾਬਲੀਅਤ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਮੁਕਾਬਲੇ ਦੌਰਾਨ ਅੰਤਰਰਾਸ਼ਟਰੀ ਮਾਸਟਰ ਅਥਲੀਟ ਅਤੇ ਡੀਪੀਆਈ ਮਹਿੰਦਰ ਸਿੰਘ ਗਿੱਲ ਬੈਂਸ ਨੇ ਡਿਸਕਸ ਥਰੋ ਅਤੇ ਹੈਮਰ ਥਰੋ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦੋਵੇਂ ਇਵੈਂਟਾਂ ਵਿਚ ਸੋਨੇ ਦੇ ਤਗਮੇ ਜਿੱਤ ਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ। ਇਸੇ ਤਰ੍ਹਾਂ ਫ਼ੌਜੀ ਸੁਖਵੀਰ ਸਿੰਘ ਭੋਗੀਪੁਰ ਨੇ 5000 ਮੀਟਰ ਦੌੜ ਵਿਚ ਸੋਨੇ ਦਾ ਤਗਮਾ ਹਾਸਲ ਕਰਕੇ ਆਪਣੀ ਸ਼ਾਨਦਾਰ ਫ਼ਿਟਨੈੱਸ ਅਤੇ ਮਿਹਨਤ ਦਾ ਪਰਚਾ ਦਿੱਤਾ। ਉੱਧਰ ਮਾਸਟਰ ਐਥਲੀਟ ਜੋਗਾ ਸਿੰਘ ਸੈਣੀ ਮਾਜਰਾ ਨੇ ਵੀ ਕਾਬਿਲ-ਏ-ਤਾਰੀਫ਼ ਪ੍ਰਦਰਸ਼ਨ ਕਰਦੇ ਹੋਏ 5000 ਮੀਟਰ ਅਤੇ 800 ਮੀਟਰ ਦੌੜ ਵਿਚ ਕਾਂਸੀ ਦੇ ਤਗਮੇ ਜਿੱਤ ਕੇ ਰੋਪੜ ਜ਼ਿਲ੍ਹੇ ਦਾ ਮਾਣ ਵਧਾਇਆ। ਖਿਡਾਰੀਆਂ ਦੀ ਇਸ ਉਪਲਬਧੀ ਨਾਲ ਇਲਾਕੇ ਵਿਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ ਅਤੇ ਖੇਡ ਪ੍ਰੇਮੀਆਂ ਵੱਲੋਂ ਉਨ੍ਹਾਂ ਦੀ ਵੱਡੀ ਪੱਧਰ ਤੇ ਸ਼ਲਾਘਾ ਕੀਤੀ ਜਾ ਰਹੀ ਹੈ। ਇਸ ਰਾਸ਼ਟਰੀ ਪੱਧਰ ਦੀ ਐਥਲੈਟਿਕਸ ਮੀਟ ਵਿਚ ਦੇਸ਼ ਭਰ ਤੋਂ 500 ਤੋਂ ਵੱਧ ਅਥਲੀਟਾਂ ਨੇ ਭਾਗ ਲਿਆ। ਇਸ ਵਿਚ ਪੰਜਾਬ ਦੇ ਨਾਲ-ਨਾਲ ਹਰਿਆਣਾ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਰਾਜਸਥਾਨ, ਤਾਮਿਲਨਾਡੂ, ਕੇਰਲ ਅਤੇ ਕਰਨਾਟਕਾ ਸਮੇਤ ਕਈ ਰਾਜਾਂ ਦੇ ਮਾਸਟਰਜ਼ ਅਥਲੀਟ ਸ਼ਾਮਿਲ ਹੋਏ। ਵੱਖ-ਵੱਖ ਉਮਰ ਵਰਗਾਂ ਵਿਚ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਵਿਚ ਖਿਡਾਰੀਆਂ ਨੇ ਆਪਣੀ ਤਿਆਰੀ ਅਤੇ ਅਨੁਭਵ ਦਾ ਪ੍ਰਦਰਸ਼ਨ ਕਰਦਿਆਂ ਦਿਲਚਸਪ ਟੱਕਰ ਦਿੱਤੀ। ਇਸ ਸਬੰਧੀ ਮਾਸਟਰ ਗੁਰਵਿੰਦਰ ਸਿੰਘ ਸਸਕੌਰ, ਬਲਜਿੰਦਰ ਸਿੰਘ ਰੀਹਲ, ਮਾਸਟਰ ਲਖਵਿੰਦਰ ਸਿੰਘ ਸੈਣੀ ਮਾਜਰਾ ਅਤੇ ਰਾਕੇਸ਼ ਭੰਡਾਰੀ ਨੇ ਜੇਤੂ ਖਿਡਾਰੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਰੋਪੜ ਜ਼ਿਲ੍ਹੇ ਦੇ ਇਹ ਮਾਸਟਰਜ਼ ਖਿਡਾਰੀ ਲੰਮੇ ਸਮੇਂ ਤੋਂ ਖੇਡਾਂ ਦੇ ਖੇਤਰ ਵਿਚ ਸ਼ਲਾਘਾਯੋਗ ਪ੍ਰਦਰਸ਼ਨ ਕਰਦੇ ਆ ਰਹੇ ਹਨ ਅਤੇ ਨੌਜਵਾਨ ਪੀੜ੍ਹੀ ਲਈ ਪ੍ਰੇਰਣਾ ਸਰੋਤ ਬਣ ਰਹੇ ਹਨ। ਉਨ੍ਹਾਂ ਕਿਹਾ ਕਿ ਸੀਨੀਅਰ ਉਮਰ ਵਿਚ ਵੀ ਇਹ ਖਿਡਾਰੀ ਆਪਣੀ ਮਿਹਨਤ, ਅਨੁਸ਼ਾਸਨ ਅਤੇ ਲਗਨ ਨਾਲ ਨਵੇਂ ਕੀਰਤਿਮਾਨ ਸਥਾਪਤ ਕਰ ਰਹੇ ਹਨ, ਜੋ ਕਿ ਸਾਰੇ ਖੇਤਰ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਨੇ ਸਰਕਾਰ ਅਤੇ ਖੇਡ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਅਜਿਹੇ ਮਾਸਟਰਜ਼ ਖਿਡਾਰੀਆਂ ਨੂੰ ਉਚਿਤ ਮਾਣ-ਸਨਮਾਨ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਹੋਰ ਵਧੀਆ ਸਹੂਲਤਾਂ ਵੀ ਪ੍ਰਦਾਨ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਇਹ ਖਿਡਾਰੀ ਪਹਿਲਾਂ ਵੀ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਪ੍ਰਾਪਤੀਆਂ ਹਾਸਲ ਕਰ ਚੁੱਕੇ ਹਨ, ਇਸ ਲਈ ਇਨ੍ਹਾਂ ਨੂੰ ਵੱਡੇ ਪੱਧਰ ਤੇ ਸਨਮਾਨਿਤ ਕਰਨਾ ਅਤੇ ਖੇਡਾਂ ਦੇ ਪ੍ਰਚਾਰ-ਪ੍ਰਸਾਰ ਲਈ ਅੱਗੇ ਲਿਆਉਣਾ ਸਮੇਂ ਦੀ ਲੋੜ ਹੈ।