ਮੋਰਿੰਡਾ ਵਿਖੇ ਕੁੱਤਿਆਂ ਦੇ ਕਹਿਰ ਕਾਰਨ ਲੋਕਾਂ ’ਚ ਬੱਚਿਆਂ ਪ੍ਰਤੀ ਚਿੰਤਾ ਅਤੇ ਸਹਿਮ
ਮੋਰਿੰਡਾ ਵਿਖੇ ਕੁੱਤਿਆਂ ਦੇ ਕਹਿਰ ਕਾਰਨ ਲੋਕਾਂ ’ਚ ਬੱਚਿਆਂ ਪ੍ਰਤੀ ਚਿੰਤਾ ਅਤੇ ਸਹਿਮ
Publish Date: Thu, 11 Jun 2026 05:21 PM (IST)
Updated Date: Thu, 11 Jun 2026 05:23 PM (IST)

ਅਮਰਜੀਤ ਧੀਮਾਨ, ਪੰਜਾਬੀ ਜਾਗਰਣ ਮੋਰਿੰਡਾ : ਮੋਰਿੰਡਾ ਵਿਖੇ ਬੀਤੇ ਦਿਨ ਸ਼ਹਿਰ ਦੇ ਵਾਰਡ ਨੰਬਰ 1 ਦੀ ਗਾਰਡਨ ਕਲੌਨੀ ਵਿਚ ਇੱਕ ਨੌ ਸਾਲਾ ਬੱਚੀ ਨੂੰ ਖੂੰਖਾਰ ਕੁੱਤਿਆਂ ਵੱਲੋਂ ਦਿਨ-ਦਿਹਾੜੇ ਨੋਚ ਨੋਚ ਕੇ ਖਾਣ ਤੋਂ ਬਾਅਦ ਬੱਚੀ ਦੀ ਮੌਤ ਹੋ ਜਾਣ ਕਾਰਨ ਸ਼ਹਿਰ ਵਾਸੀਆਂ ਵਿਚ ਜਿੱਥੇ ਆਪਣੇ ਬੱਚਿਆਂ ਦੀ ਸੁਰੱਖਿਆ ਪ੍ਰਤੀ ਭਾਰੀ ਚਿੰਤਾ ਪਾਈ ਜਾ ਰਹੀ ਹੈ, ਉੱਥੇ ਹੀ ਨਗਰ ਕੌਂਸਲ ਦੀ ਕਾਰਗੁਜ਼ਾਰੀ ਖਿਲਾਫ ਭਾਰੀ ਰੋਸ ਵੀ ਪਾਇਆ ਜਾ ਰਿਹਾ ਹੈ। ਮੋਰਿੰਡਾ ਵਿਖੇ ਬੀਤੇ ਬੁੱਧਵਾਰ ਦੁਪਹਿਰ ਵੇਲੇ ਆਪਣੇ ਘਰੋਂ ਦੁਕਾਨ ਤੱਕ ਦੁੱਧ ਲੈਣ ਗਈ ਇੱਕ ਨੌ ਸਾਲਾ ਬੱਚੀ ਕ੍ਰਿਤੀ ਨੂੰ 5-6 ਖੂੰਖਾਰ ਆਵਾਰਾ ਕੁੱਤਿਆਂ ਵੱਲੋਂ ਘੇਰ ਕੇ ਨੋਚ ਨੋਚ ਕੇ ਖਾ ਲਿਆ ਗਿਆ ਜਿਸ ਨਾਲ ਲੜਕੀ ਗੰਭੀਰ ਜ਼ਖਮੀ ਹੋ ਗਈ, ਜਿਸ ਨੂੰ ਮਹੱਲਾ ਵਾਸੀ ਪਰਗਟ ਸਿੰਘ ਖਾਲਸਾ ਵੱਲੋਂ ਤੁਰੰਤ ਇੱਕ ਨਿੱਜੀ ਹਸਪਤਾਲ ਪਹੁੰਚਾਇਆ ਗਿਆ। ਇੱਥੇ ਡਾਕਟਰਾਂ ਵੱਲੋਂ ਉਸ ਨੂੰ ਮੁੱਢਲੀ ਡਾਕਟਰੀ ਸਹਾਇਤਾ ਦੇ ਕੇ ਪੀਜੀਆਈ ਲਈ ਰੈਫਰ ਕਰ ਦਿੱਤਾ ਗਿਆ। ਬੱਚੀ ਦੀ ਮਾਤਾ ਪੁਸ਼ਪਾ ਦੇਵੀ ਅਨੁਸਾਰ ਪੀਜੀਆਈ ਵਿਖੇ ਡਾਕਟਰਾਂ ਵੱਲੋਂ ਉਨ੍ਹਾਂ ਦੀ ਬੇਟੀ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਇਸ ਘਟਨਾ ਤੋਂ ਉਪਰੰਤ ਸ਼ਹਿਰ ਦੇ ਸਮੂਹ ਕੌਂਸਲਰਾਂ, ਵਖ ਵੱਖ ਜੱਥੇਬੰਦੀਆਂ ਦੇ ਆਗੂਆਂ ਤੇ ਮੈਂਬਰਾਂ, ਦੁਕਾਨਦਾਰਾਂ ਅਤੇ ਪਤਵੰਤਿਆਂ ਨੇ ਨਗਰ ਕੌਂਸਲ ਮੋਰਿੰਡਾ ਵਿਖੇ ਇਕੱਤਰ ਹੋ ਕੇ ਇਸ ਮਸਲੇ ਬਾਰੇ ਡੂੰਘੀ ਵਿਚਾਰ ਚਰਚਾ ਕੀਤੀ। ਇਸ ਦੇ ਉਪਰੰਤ ਉਨ੍ਹਾਂ ਵੱਲੋਂ ਐੱਸਡੀਐੱਮ ਮੋਰਿੰਡਾ ਚੇਤਨ ਬੰਗੜ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਅਤੇ ਸ਼ਹਿਰ ਵਿਚ ਘੁੰਮਦੇ ਅਵਾਰਾ ਅਤੇ ਖੁੰਖਾਰ ਕੁੱਤਿਆਂ ਨੂੰ ਕਾਬੂ ਕਰਨ ਅਤੇ ਕਿਸੇ ਡੌਗ ਸ਼ੈਲਟਰ ਵਿਚ ਭੇਜਣ ਦੀ ਮੰਗ ਕੀਤੀ ਗਈ। ਇਸ ਮੌਕੇ ਮੰਗ ਪੱਤਰ ਦੇਣ ਉਪਰੰਤ ਮਨਦੀਪ ਸਿੰਘ ਬਾਜਵਾ, ਰਾਜੇਸ਼ ਸਿਸੋਦੀਆ, ਹਰਜੀਤ ਸਿੰਘ ਸੋਢੀ, ਮਹਿੰਦਰ ਸਿੰਘ ਢਿੱਲੋਂ (ਸਾਰੇ ਕੌਂਸਲਰ), ਸਾਬਕਾ ਕੌਂਸਲਰ ਰਾਕੇਸ਼ ਕੁਮਾਰ ਬੱਗਾ, ਯੂਥ ਆਗੂ ਚੁਚੂ ਸੂਦ ਵਗੀਸ਼, ਸਮਾਜ ਸੇਵੀ ਨਵਦੀਪ ਸਿੰਘ ਟੋਨੀ, ਪਨਗਰੇਨ ਦੇ ਸਾਬਕਾ ਚੇਅਰਮੈਨ ਬੰਤ ਸਿੰਘ ਕਲਾਰਾਂ, ਸੀਨੀਅਰ ਕਾਂਗਰਸ ਆਗੂ ਹਰਮਿੰਦਰ ਸਿੰਘ ਲੱਕੀ, ਸੰਗਤ ਸਿੰਘ ਭਾਮੀਆਂ, ਪਰਮਿੰਦਰ ਸਿੰਘ ਕਾਲਾ ਮਠਾੜੂ, ਭਾਜਪਾ ਆਗੂ ਜਤਿੰਦਰ ਗੁੰਬਰ, ਰਮਨ ਮੱਟੂ, ਰਾਹੁਲ ਸ਼ਰਮਾ, ਮਨਜੀਤ ਸਿੰਘ (ਮਨਜੀਤ ਕਾਪੀ ਹਾਊਸ), ਅਮਨਪ੍ਰੀਤ ਅਮਨਾ, ਬਲਵਿੰਦਰ ਸਿੰਘ ਮਾੜੂ, ਨਿਰਮਲਪ੍ਰੀਤ ਸਿੰਘ ਮੇਹਰਬਾਨ, ਨਿਰੰਜਨ ਸਿੰਘ ਕੰਗ, ਡਾ.ਬੌਬੀ, ਗਿਆਨੀ ਚਰਨਜੀਤ ਸਿੰਘ ਕਲਸੀ, ਪਰਮਿੰਦਰ ਸਿੰਘ ਮਠਾੜੂ ਆਦਿ ਸ਼ਹਿਰ ਵਾਸੀਆਂ ਨੇ ਕਿਹਾ ਕਿ ਅਵਾਰਾ ਕੁੱਤਿਆਂ ਦੀ ਸਮੱਸਿਆ ਦਾ ਫੌਰੀ ਤੌਰ ’ਤੇ ਹੱਲ੍ਹ ਕਰਨ ਦੀ ਮੰਗ ਕੀਤੀ ਗਈ ਹੈ। ਆਗੂਆਂ ਨੇ ਕਿਹਾ ਕਿ ਖੂੰਖਾਰ ਕੁੱਤਿਆਂ ਵੱਲੋਂ ਇੱਕ 9 ਸਾਲਾ ਬੱਚੀ ਨੂੰ ਨੋਚ ਨੋਚ ਕੇ ਮਾਰ ਦੇਣ ਦੀ ਘਟਨਾ ਨਾਲ ਸਮੁੱਚੇ ਸ਼ਹਿਰ ਵਾਸੀਆਂ ਦੇ ਮਨਾਂ ਵਿਚ ਆਪਣੇ ਬੱਚਿਆਂ ਦੀ ਸੁਰੱਖਿਆ ਪ੍ਰਤੀ ਗੰਭੀਰ ਚਿੰਤਾ ਬਣ ਗਈ ਹੈ। ਇਸ ਮੌਕੇ ਕੌਂਸਲਰ ਮਨਦੀਪ ਸਿੰਘ ਬਾਜਵਾ ਨੇ ਗੱਲਬਾਤ ਕਰਦਿਆਂ ਮੰਗ ਕੀਤੀ ਕਿ ਬੱਚੀ ਦੇ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ। ਕੁੱਤਿਆਂ ਵਾਸਤੇ ਕੋਈ ਅਲੱਗ ਤੋਂ ਸਕੀਮ ਬਣਾਈ ਜਾਵੇ, ਕੁੱਤਿਆਂ ਵਾਸਤੇ ਕੋਈ ਜਗ੍ਹਾ ਬਣਾਈ ਜਾਵੇ ਜਿੱਥੇ ਕੁੱਤਿਆਂ ਨੂੰ ਰੱਖਿਆ ਜਾ ਸਕੇ। ਉਨ੍ਹਾਂ ਕਿਹਾ ਕਿ ਕੂੜਾ ਡੰਪ ਨਾ ਹੋਣ ਨਾਲ ਵੀ ਕੁੱਤਿਆਂ ਦੀ ਗਿਣਤੀ ’ਚ ਬਹੁਤ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਕਾਰਜ ਲਈ ਉਹ ਸਾਰੇ ਇਕੱਠੇ ਹੋ ਕੇ ਸਹਿਯੋਗ ਦੇਣ ਲਈ ਤਿਆਰ ਹਾਂ। ਉਧਰ ਐਸਡੀਐਮ ਚੇਤਨ ਬੰਗੜ ਨੇ ਕਿਹਾ ਕਿ ਨਗਰ ਕੌਂਸਲ ਦੇ ਈਓ ਅਤੇ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਇਸ ਸਮੱਸਿਆ ਦਾ ਪਹਿਲ ਦੇ ਆਧਾਰ ’ਤੇ ਹੱਲ੍ਹ ਕੀਤਾ ਜਾਵੇ ਅਤੇ ਸਭ ਤੋਂ ਪਹਿਲਾਂ ਕੁੱਤਿਆਂ ਨੂੰ ਫੜ ਕੇ ਵਿਧੀਵੱਧ ਤਰੀਕੇ ਨਾਲ ਸਟਰਲਾਈਜ਼ ਕੀਤਾ ਜਾਵੇ। ਕਾਨੂੰਨ ਅਨੁਸਾਰ ਡਾਗ ਸ਼ੈਲਟਰ ਬਣਾਉਣ ਲਈ ਵੀ ਕਿਹਾ ਗਿਆ ਹੈ। ਪਨਗਰੇਨ ਦੇ ਸਾਬਕਾ ਚੇਅਰਮੈਨ ਬੰਤ ਸਿੰਘ ਕਲਾਰਾਂ ਅਤੇ ਬਲਾਕ ਕਾਂਗਰਸ ਪ੍ਰਧਾਨ ਦਰਸ਼ਨ ਸਿੰਘ ਸੰਧੂ ਨੇ ਕਿਹਾ ਕਿ ਬਹੁਤ ਹੀ ਮੰਦਭਾਗੀ ਘਟਨਾ ਹੈ ਲੜਕੀ ਦਾ ਪਰਿਵਾਰ ਬਹੁਤ ਗਰੀਬ ਪਰਿਵਾਰ ਹੈ। ਇਸ ਲਈ ਸਰਕਾਰ ਅਤੇ ਪ੍ਰਸ਼ਾਸਨ ਨੂੰ ਪੀੜਿਤ ਪਰਿਵਾਰ ਨੂੰ ਵੱਧ ਤੋਂ ਵੱਧ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਸਮਾਜ ਸੇਵੀ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਕਿ ਇਸ ਪੀੜਿਤ ਪਰਿਵਾਰ ਦੀ ਵੱਧ ਤੋਂ ਵੱਧ ਮੱਦਦ ਕੀਤੀ ਜਾਵੇ।