ਹੁਣ ਕਿਸਾਨਾਂ ਨੂੰ ਫਾਰਮਰ ਆਈਡੀ ਤੋਂ ਬਿਨਾਂ ਨਹੀ ਮਿਲੇਗਾ ਸਬਸਿਡੀਆਂ ਦਾ ਲਾਭ
ਸਾਵਧਾਨ: ਹੁਣ ਕਿਸਾਨਾਂ ਨੂੰ ਫਾਰਮਰ ਆਈਡੀ ਤੋਂ ਬਿਨਾਂ ਨਹੀ ਮਿਲੇਗਾ ਸਬਸਿਡੀਆਂ ਦਾ ਲਾਭ
Publish Date: Thu, 11 Jun 2026 04:50 PM (IST)
Updated Date: Thu, 11 Jun 2026 04:53 PM (IST)

ਜ਼ਿਲ੍ਹੇ ਦੇ 36 ਹਜਾਰ ਕਿਸਾਨਾਂ ਵਿਚੋਂ 9400 ਕਿਸਾਨਾਂ ਨੇ ਕਰਵਾਈ ਆਈਡੀ ਲਈ ਰਜਿਸਟ੍ਰੇਸਨ। ਲਖਵੀਰ ਖਾਬੜਾ, ਪੰਜਾਬੀ ਜਾਗਰਣ ਰੂਪਨਗਰ : ਫਸਲਾਂ ਲਈ ਅੰਨੇਵਾਹ ਹੋ ਰਹੀ ਖਾਦਾ ਦੀ ਵਰਤੋਂ ਨੂੰ ਨਕੇਲ ਪਾਉਣ ਲਈ ਸਰਕਾਰ ਹੁਣ ਉਨਾਂ ਕਿਸਾਨਾਂ ਨੂੰ ਸਬਸਿਡੀ ਰਾਂਹੀ ਆਪਣੀਆ ਸਕੀਮਾਂ ਦਾ ਲਾਭ ਦੇਵੇਗੀ ਜਿਨ੍ਹਾਂ ਕਿਸਾਨਾਂ ਦੀ ਫਾਰਮਰ ਆਈਡੀ ਬਣੀ ਹੋਵੇਗੀ। ਰੂਪਨਗਰ ਜ਼ਿਲ੍ਹੇ ਦੇ 36 ਹਜਾਰ ਕਿਸਾਨਾਂ ਵਿਚੋਂ 9400 ਕਿਸਾਨਾਂ ਨੇ ਫਾਰਮਰ ਆਈ ਬਨਾਉਣ ਵਿਚ ਆਪਣੀ ਦਿਲਚਸਪੀ ਦਿਖਾਈ ਹੈ। ਵਿਭਾਗੀ ਸੂਤਰਾਂ ਦੱਸਦੇ ਹਨ ਕਿ ਕੇਂਦਰ ਸਰਕਾਰ ਵੱਲੋਂ ਖਾਸਕਰ ਖਾਦਾ ਦੀ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਅੰਨੇਵਾਹ ਵਰਤੋਂ ਨੂੰ ਨਕੇਲ ਪਾਉਣ ਲਈ ਫਾਰਮਰ ਆਈਡੀ ਬਨਾਉਣੀ ਜਰੂਰੀ ਕਰ ਦਿੱਤੀ ਹੈ ਜੋ ਫਾਰਮਰ ਦੇ ਅਧਾਰ ਕਾਰਡ ਤੇ ਜਮੀਨ ਦੀ ਫ਼ਰਦ ਨਾਲ ਜੋੜੀ ਜਾਵੇਗੀ। ਸੂਤਰਾਂ ਦੱਸਦੇ ਹਨ ਕਿ ਪਹਿਲਾ ਕਿਸਾਨ ਬਾਇਓਮੈਟ੍ਰਿਕ ਮਸ਼ੀਨ ਨਾਲ ਹੀ ਖਾਦਾ ਲੈਦੇ ਸਨ ਪ੍ਰੰਤੂ ਉਸ ਵਿਚ ਜਮੀਨ ਦਾ ਵੇਰਵਾ ਨਹੀ ਸੀ ਹੁਣ ਜਦੋਂ ਕਿਸਾਨ ਦੀ ਆਈਡੀ ਬਣੇਗੀ ਤਾਂ ਉਸ ਨਾਲ ਫਰਦ ਚੜੇਗੀ ਜਿਸ ਨਾਲ ਕਿਸਾਨ ਨੂੰ ਜਮੀਨ ਦੇ ਹਿਸਾਬ ਨਾਲ ਖਾਦ ਮਿਲੇਗੀ ਭਾਵੇ ਉਹ ਯੂਰੀਆ ਹੋਵੇ ਜਾ ਡੀਏਪੀ ਹੋਵੇ। ਕਈ ਕਿਸਾਨ ਲੋੜ ਤੋਂ ਵੱਧ ਖਾਦਾ ਦੀ ਵਰਤੋਂ ਕਰਦੇ ਹਨ ਜਾ ਲੋੜ ਤੋਂ ਵੱਧ ਖਰੀਦ ਕੇ ਰੱਖ ਲੈਦੇ ਸਨ ਹੁਣ ਲੋੜ ਅਨਸਾਰ ਹੀ ਖਾਦ ਮਿਲਗੇੀ ਭਾਵੇ ਉਹ ਕੌਆਪਰੇਟਿਵ ਸੋਸਾਇਟੀਆ ਹੋਣ ਚਾਹੇ ਪ੍ਰਾਈਵੇਟ ਡੀਲਰ। ਸਰਕਾਰ ਵੱਲੋਂ ਰੂਪਨਗਰ ਜ਼ਿਲ੍ਹੇ ਵਿਚ ਡਿਮਾਂਡ ਅਨਸਾਰ 22 ਹਜਾਰ ਟਨ ਦੇ ਕਰੀਬ ਯੂਰੀਆ ਮੰਗਵਾਇਆ ਜਾਂਦਾ ਹੈ ਜਿਸ ਵਿਚੋਂ 40 ਪ੍ਰਤੀਸ਼ਤ ਪ੍ਰਾਈਵੇਟ ਤੇ 60 ਪ੍ਤੀਸ਼ਤ ਸੁਸਾਇਟੀਆ ਨੂੰ ਦਿੱਤਾ ਜਾਂਦਾ ਹੈ। ਰੂਪਨਗਰ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ ਵਿਨੈ ਕੁਮਾਰ ਨੇ ਸਪੰਰਕ ਕਰਨ ਤੇ ਦੱਸਿਆ ਕਿ ਸਰਕਾਰ ਨੇ ਕਿਸਾਨਾਂ ਨੂੰ ਖੇਤੀਬਾੜੀ ਨਾਲ ਸਬੰਧਿਤ ਕੋਈ ਵੀ ਸਬਸਿਡੀ ਵਾਲੀ ਸਕੀਮ ਦਾ ਲਾਭ ਦੇਣ ਲਈ ਫਾਰਮਰ ਆਈਡੀ ਹੋਣੀ ਲਾਜ਼ਮੀ ਕਰ ਦਿੱਤਾ ਹੈ ਏਥੋ ਤੱਕ ਕਿ ਕਿਸਾਨਾਂ ਨੂੰ ਕਿਸਾਨ ਸਨਮਾਨ ਨਿਧੀ ਯੋਜਨਾਂ ਦਾ ਲਾਭ ਲੈਣ ਲਈ ਫਾਰਮਰ ਆਈਡੀ ਹੋਣਾ ਜਰੂਰੀ ਕਰ ਦਿੱਤਾ ਹੈ ਇਸ ਤੋਂ ਬਿਨਾਂ ਉਨ੍ਹਾਂ ਦੇ ਖਾਤਿਆ ਵਿਚ ਯੋਜਨਾਂ ਤਹਿਤ ਪੈਸੇ ਨਹੀ ਆਉਣਗੇ। ਇਸੇ ਤਰਾਂ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਖੇਤੀਬਾੜੀ ਲਈ ਲੋੜੀਦਾਂ ਸਾਜੋਸਮਾਨ ਵੀ ਸਬਸਿਡੀ ‘ਤੇ ਦਿੱਤਾ ਜਾਂਦਾ ਹੈ ਉਹ ਲਾਭ ਵੀ ਉਹੀ ਕਿਸਾਨ ਲੈ ਸਕਦਾ ਹੈ ਜਿਸ ਦੀ ਰਜਿਸਟਰੇਸ਼ਨ ਹੋਵੇਗੀ। ਉਨਾਂ ਦੱਸਿਆ ਕਿ ਜਿਲ੍ਹੇ ਦਾ ਕੋਈ ਵੀ ਕਿਸਾਨ ਆਈਡੀ ਬਨਾਉਣ ਲਈ ਇੱਕ ਅਧਾਰ ਕਾਰਡ ਦੀ ਕਾਪੀ ਤੇ ਜਮੀਨ ਦੀ ਫਰਦ ਲੈ ਕੇ ਸਾਡੇ ਮੁੱਖ ਦਫਤਰ ਜਾਂ ਬਲਾਕ ਦਫਤਰਾਂ ਵਿਚ ਜਾ ਕੇ ਰਜਿਸਟਰੇਸ਼ਨ ਕਰਵਾ ਸਕਦਾ ਹੈ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਰਕਾਰ ਦੀਆ ਸਬਸਿਡੀ ਵਾਲੀਆ ਸਕੀਮਾਂ ਦਾ ਲਾਭ ਲੈਣ ਲਈ ਕਿਸਾਨ ਪਹਿਲ ਦੇ ਅਧਾਰ ‘ਤੇ ਆਪੋ ਆਪਣੀ ਰਜਿਸਟਰੇਸ਼ਨ ਕਰਵਾਉਣ ਨਹੀ ਤਾਂ ਸਹੂਲਤਾਂ ਤੋਂ ਵਾਂਝੇ ਰਹਿ ਜਾਣਗੇ। ਕ੍ਰਿਸ਼ੀ ਵਿਗਿਆਨ ਕੇਂਦਰ ਦੇ ਡਾ ਜਗਮਨਜੋਤ ਸਿੰਘ ਨੇ ਦੱਸਿਆ ਕਿ ਕਿਸਾਨਾਂ ਨੂੰ ਅਸੀ ਜਾਗਰੂਕ ਕਰ ਰਹੇ ਹਾਂ ਕਿ ਪ੍ਰਤੀ ਏਕੜ ਝੋਨੇ ਦੇ ਖੇਤ ਵਿਚ ਦੋ ਤੋਂ ਤਿੰਨ ਬੈਗ ਯੂਰੀਆ ਦੇ ਪਾਉਣ ਦੀ ਲੋੜ ਹੈ ਪਰ ਕੋਈ ਵੀ ਖੁਰਾਕੀ ਤੱਤ ਦੀ ਵਰਤੋਂ ਕਿਸਾਨ ਮਿੱਟੀ ਪਰਖ ਦੇ ਅਧਾਰ ਤੇ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਉਨਾਂ ਕਿਹਾ ਕਿ ਕਣਕ ਵਿਚ ਸਿਫਾਰਸ਼ ਕੀਤੀ ਡੀਏਪੀ ਖਾਦ ਦੀ ਵਰਤੋਂ ਕੀਤੀ ਹੈ ਤਾਂ ਝੋਨੇ ਵਿਚ ਡੀਏਪੀ ਪਾਉਣ ਲੋੜ ਨਹੀ ਰਹਿੰਦੀ। ਉਨਾਂ ਦੱਸਿਆ ਕਿ ਹਰੇਕ ਕਿਸਾਨ ਆਪਣੇ ਖੇਤ ਦੀ ਮਿੱਟੀ ਤੇ ਪਾਣੀ ਦੀ ਜਾਂਚ ਜਰੂਰ ਕਰਵਾਏ ਤਾਂ ਕਿ ਉਸ ਨੂੰ ਪਤਾ ਲੱਗ ਸਕੇਂ ਕਿ ਮੇਰੇ ਖੇਤ ਦੀ ਮਿੱਟੀ ਵਿਚ ਕਿਸ ਤੱਤ ਦੀ ਘਾਟ ਅਤੇ ਕਿਸ ਦੀ ਲੋੜ ਹੈ। ਉਨਾਂ ਕਿਹਾਕਿ ਹੁਣ ਕਿਸਾਨ ਆਪਣੀ ਮਰਜੀ ਅਨਸਾਰ ਖਾਦਾ ਪਾ ਕੇ ਮਿੱਟੀ ਨੂੰ ਜਹਿਰ ਨਾ ਬਨਾਉਣ।