ਰੇਲਿੰਗ ਲਗਵਾ ਕੇ ਸਵਰਨ ਭੰਗੂ ਨੂੰ ਦਿੱਤੀ ਸੱਚੀ ਸ਼ਰਧਾਂਜਲੀ
ਰੇਲਿੰਗ ਲਗਵਾ ਕੇ ਸਵਰਨ ਭੰਗੂ ਨੂੰ ਦਿੱਤੀ ਸੱਚੀ ਸ਼ਰਧਾਂਜਲੀ
Publish Date: Thu, 11 Jun 2026 03:20 PM (IST)
Updated Date: Thu, 11 Jun 2026 03:20 PM (IST)

ਅਸ਼ੋਕ ਚੇਤਲ, ਪੰਜਾਬੀ ਜਾਗਰਣ, ਸ੍ਰੀ ਚਮਕੌਰ ਸਾਹਿਬ: ਬੀਤੇ ਦਿਨੀਂ ਸ੍ਰੀ ਚਮਕੌਰ ਸਾਹਿਰ ਵਿਖੇ ਪੰਜਾਬੀ ਫਿਲਮਾਂ ਦੀ ਅਦਾਕਾਰਾ ਗੁਰਪ੍ਰੀਤ ਕੌਰ ਭੰਗੂ ਦੇ ਪਤੀ ਸਮਾਜਿਕ ਚਿੰਤਕ ਅਤੇ ਪੱਤਰਕਾਰ ਸਵਰਨ ਸਿੰਘ ਭੰਗੂ ਨਾਲ ਵਾਪਰੇ ਦਰਦਨਾਕ ਹਾਦਸੇ ਤੋਂ ਬਾਅਦ ਵੀ ਸਥਾਨਕ ਪ੍ਰਸ਼ਾਸਨ ਨੇ ਕੋਈ ਸਬਕ ਨਹੀਂ ਲਿਆ। ਜ਼ਿਕਰਯੋਗ ਹੈ ਕਿ ਰੇਲਿੰਗ ਨਾ ਹੋਣ ਕਾਰਨ ਨਾਲੇ ਵਿਚ ਡਿੱਗਣ ਨਾਲ ਸਵਰਨ ਭੰਗੂ ਦੀ ਮੌਤ ਹੋ ਗਈ ਸੀ, ਪ੍ਰੰਤੂ ਇਸ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਇਸ ਨਾਲੇ ਦੇ ਆਸਪਾਸ ਕੋਈ ਸੁਰੱਖਿਆ ਦੀਵਾਰ ਜਾਂ ਰੇਲਿੰਗ ਆਦਿ ਦੇ ਨਾਲ ਇਸ ਖਤਰਨਾਕ ਥਾਂ ਨੂੰ ਸੁਰੱਖਿਅਤ ਕਰਨ ਲਈ ਕੋਈ ਕਦਮ ਨਹੀਂ ਚੁੱਕਿਆ ਗਿਆ। ਪ੍ਰਸ਼ਾਸਨ ਦੀ ਇਸ ਲਾਪਰਵਾਹੀ ਨੂੰ ਦੇਖਦਿਆਂ ਖਤਰਨਾਕ ਨਾਲੇ ਦੁਆਲੇ ਰੇਲਿੰਗ ਲਗਵਾ ਕੇ ਸੁਰੱਖਿਅਤ ਕਰਨ ਦਾ ਬੀੜਾ ਸ੍ਰੀ ਚਮਕੌਰ ਸਾਹਿਬ ਦੇ ਤਿੰਨ ਸਕੇ ਭਰਾਵਾਂ ਨੇ ਚੁੱਕਿਆ ਹੈ। ਇੰਗਲੈਂਡ ਰਹਿੰਦੇ ਪਿੰਡ ਦੇ ਨਰਿੰਦਰ ਸਿੰਘ ਚੱਕਲ ਵੱਲੋਂ ਆਪਣੇ ਭਰਾ ਦਵਿੰਦਰ ਸਿੰਘ ਚੱਕਲ ਅਤੇ ਲਾਡੀ ਸੋਮਲ ਨਾਲ ਮਿਲ ਕੇ ਲੋਹੇ ਦੀ ਰੇਲਿੰਗ ਤਿਆਰ ਕਰਵਾਈ ਗਈ ਹੈ। ਇਸ ਸਬੰਧੀ ਦਵਿੰਦਰ ਸਿੰਘ ਚੱਕਲ ਅਤੇ ਲਾਡੀ ਸੋਮਲ ਨੇ ਦੱਸਿਆ ਕਿ ਉਹ ਗੁਰਪ੍ਰੀਤ ਕੌਰ ਭੰਗੂ ਦੇ ਵਿਦਿਆਰਥੀ ਰਹੇ ਹਨ ਅਤੇ ਸਵਰਨ ਭੰਗੂ ਨਾਲ ਉਨ੍ਹਾਂ ਦਾ ਪਰਿਵਾਰਕ ਰਿਸ਼ਤਾ ਸੀ। ਉਨ੍ਹਾਂ ਦੇ ਘਰ ਨੂੰ ਜਾਂਦੇ ਰਸਤੇ ’ਤੇ ਵਾਪਰੇ ਇਸ ਹਾਦਸੇ ਤੋਂ ਦੁਖੀ ਹੋ ਕੇ ਉਨ੍ਹਾਂ ਇਹ ਫੈਸਲਾ ਲਿਆ ਤਾਂ ਜੋ ਭਵਿੱਖ ਵਿਚ ਕਿਸੇ ਹੋਰ ਪਰਿਵਾਰ ਦਾ ਚਿਰਾਗ ਨਾ ਬੁਝੇ। ਇਸ ਉਪਰਾਲੇ ਲਈ ਇਲਾਕਾ ਨਿਵਾਸੀਆਂ ਵੱਲੋਂ ਜਿੱਥੇ ਨੌਜਵਾਨਾਂ ਦੇ ਇਸ ਜਜ਼ਬੇ ਦੀ ਭਰਪੂਰ ਪ੍ਰਸ਼ੰਸਾ ਕੀਤੀ ਜਾ ਰਹੀ ਹੈ, ਉੱਥੇ ਹੀ ਪ੍ਰਸ਼ਾਸਨ ਦੀ ਨਾਕਾਮੀ ਤੇ ਲਾਪਰਵਾਹੀ ਦੀ ਸਖਤ ਨਿੰਦਾ ਕੀਤੀ ਗਈ ਹੈ। ਇਸ ਘਟਨਾ ਤੋਂ ਦੁੱਖੀ ਸਥਾਨਕ ਨੌਜਵਾਨਾਂ ਅਤੇ ਸਮਾਜ ਸੇਵੀਆਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਸਥਾਨਕ ਐੱਮਸੀ ’ਤੇ ਤਿੱਖੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਲੱਖਾਂ ਰੁਪਏ ਤਨਖਾਹਾਂ ਲੈਣ ਵਾਲੇ ਅਧਿਕਾਰੀਆਂ ਨੂੰ ਹਾਦਸੇ ਤੋਂ ਪਹਿਲਾਂ ਇਹ ਖਤਰਾ ਕਿਉਂ ਨਜਰ ਨਹੀਂ ਆਇਆ? ਨੌਜਵਾਨਾਂ ਨੇ ਇਸ ਘਟਨਾ ਨੂੰ ਪ੍ਰਸ਼ਾਸਨਿਕ ਕਤਲ ਕਰਾਰ ਦਿੰਦਿਆਂ ਕਿਹਾ ਕਿ ਇਹ ਵਾਰਡ ਦੇ ਐੱਮਸੀ ਦੀ ਵੱਡੀ ਅਣਗਹਿਲੀ ਹੈ। ਇਹ ਕੋਈ ਵੱਡਾ ਪ੍ਰੋਜੈਕਟ ਨਹੀਂ ਸੀ, ਸਿਰਫ ਲਾਪਰਵਾਹੀ ਕਾਰਨ ਸਮਾਜ ਦੀ ਇੱਕ ਮਹਾਨ ਸ਼ਖਸੀਅਤ ਸਾਡੇ ਕੋਲੋਂ ਖੋਹੀ ਗਈ ਕਿਉਂਕਿ ਸਵਰਗੀ ਸਵਰਨ ਸਿੰਘ ਭੰਗੂ ਦਾ ਸਿੱਖਿਆ ਅਤੇ ਪੱਤਰਕਾਰੀ ਦੇ ਖੇਤਰ ਵਿਚ ਵੱਡਾ ਯੋਗਦਾਨ ਸੀ।