ਢਾਬਿਆਂ ਅੱਗੇ ਭਾਰੀ ਵਾਹਨ ਖੜ੍ਹੇ ਹੋਣ ਕਾਰਨ ਹੋ ਰਹੇ ਹਾਦਸੇ
ਢਾਬਿਆਂ ਅੱਗੇ ਭਾਰੀ ਵਾਹਨ ਖੜੇ ਹੋਣ ਕਾਰਨ ਹੋ ਰਹੇ ਹਾਦਸੇ, ਇਲਾਕਾ ਵਾਸੀ ਪਰੇਸ਼ਾਨ
Publish Date: Thu, 11 Jun 2026 03:19 PM (IST)
Updated Date: Thu, 11 Jun 2026 03:20 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਰਿੰਡਾ : ਮੋਰਿੰਡਾ-ਸਰਹਿੰਦ ਰੋਡ ’ਤੇ ਢਾਬਿਆਂ ਅੱਗੇ ਮੁੱਖ ਮਾਰਗ ’ਤੇ ਭਾਰੀ ਵਾਹਨ ਖੜੇ ਹੋਣ ਕਾਰਨ ਆਉਣ-ਜਾਣ ਵਾਲੇ ਰਾਹਗੀਰਾਂ ਤੇ ਇਲਾਕਾ ਨਿਵਾਸੀਆਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਇਲਾਵਾ ਸੜਕਾਂ ’ਤੇ ਖੜੇ ਭਾਰੀ ਵਾਹਨ ਅਕਸਰ ਹਾਦਸਿਆਂ ਦਾ ਕਾਰਨ ਵੀ ਬਣਦੇ ਹਨ। ਪਿੰਡ ਸੁੱਖੋਮਾਜਰਾ ਦੇ ਸਰਪੰਚ ਬਲਜਿੰਦਰ ਕੌਰ, ਅਵਤਾਰ ਸਿੰਘ, ਜਸਪਾਲ ਸਿੰਘ, ਨੰਬਰਦਾਰ ਧਰਮਵੀਰ ਸਿੰਘ, ਠੇਕੇਦਾਰ ਜਸਵੀਰ ਸਿੰਘ, ਪੰਚਾਇਤ ਮੈਂਬਰ ਹਰਮਿੰਦਰ ਸਿੰਘ, ਕਾਂਗਰਸੀ ਆਗੂ ਬਲਵਿੰਦਰ ਸਿੰਘ ਚਲਾਕੀ, ਬਲਵਿੰਦਰ ਸਿੰਘ ਕਾਲਾ ਆਦਿ ਨੇ ਦੱਸਿਆ ਕਿ ਮੋਰਿੰਡਾ ਸਰਹਿੰਦ ਰੋਡ ’ਤੇ ਪਿੰਡ ਸੁੱਖੋ ਮਾਜਰਾ ਤੱਕ ਜੋ ਵੀ ਢਾਬੇ ਖੁੱਲੇ ਹੋਏ ਹਨ, ਉਨ੍ਹਾਂ ਕੋਲ ਗੱਡੀਆਂ ਤੇ ਹੋਰ ਭਾਰੀ ਵਾਹਨਾਂ ਦੀ ਪਾਰਕਿੰਗ ਕਰਨ ਲਈ ਕਿਸੀ ਉਚਿੱਤ ਥਾਂ ਦਾ ਪ੍ਰਬੰਧ ਨਹੀਂ ਹੈ। ਇਸ ਦੇ ਕਾਰਨ ਇਨ੍ਹਾਂ ਢਾਬਿਆਂ ’ਤੇ ਰੁਕਣ ਵਾਲੇ ਡਰਾਈਵਰ ਆਪਣੇ ਭਾਰੀ ਵਾਹਨਾਂ ਟਿੱਪਰਾਂ-ਟਰਾਲਿਆਂ ਆਦਿ ਨੂੰ ਸੜਕ ’ਤੇ ਹੀ ਖੜਾ ਕਰਕੇ ਢਾਬਿਆਂ ਵਿਚ ਚਲੇ ਜਾਂਦੇ ਹਨ। ਇਨ੍ਹਾਂ ਭਾਰੀ ਵਾਹਨਾਂ ਦੇ ਕਾਰਨ ਰਾਹਗੀਰਾਂ ਤੇ ਇਲਾਕਾ ਨਿਵਾਸੀਆਂ ਨੂੰ ਵੱਡੀ ਸਮੱਸਿਆ ਪੇਸ਼ ਆਉਂਦੀ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਇਨ੍ਹਾਂ ਵਾਹਨਾਂ ਦੇ ਕਾਰਨ ਸੜਕ ਹਾਦਸੇ ਦੀ ਵਾਪਰ ਚੁੱਕੇ ਹਨ ਤੇ ਕਈ ਲੋਕ ਆਪਣੀਆ ਜਾਨਾਂ ਤੋਂ ਵੀ ਹੱਥ ਧੋ ਬੈਠੇ ਹਨ। ਉਨ੍ਹਾਂ ਦੱਸਿਆ ਕਿ ਪਿੰਡ ਸੁੱਖੋ ਮਾਜਰਾ ਦੀ ਲਿੰਕ ਰੋੜ ਦੇ ਬਿਲਕੁੱਲ ਨਜ਼ਦੀਕ ਇੱਕ ਪ੍ਰਸਿੱਧ ਢਾਬਾ ਮਾਲਕ ਦੇ ਕੋਲ ਇਨ੍ਹਾਂ ਭਾਰੀ ਵਾਹਨਾਂ ਦੀ ਪਾਰਕਿੰਗ ਲਈ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਇਸ ਦੇ ਕਾਰਨ ਰੋਜ਼ਾਨਾ ਇਸ ਢਾਬੇ ’ਤੇ ਰੋਟੀ ਆਦਿ ਲਈ ਰੁਕਣ ਵਾਲੇ ਡਰਾਈਵਰ ਆਪਣੇ ਭਾਰੀ ਵਾਹਨਾਂ ਨੂੰ ਸੜਕ ਦੇ ਦੋਨੋਂ ਸਾਈਡਾਂ ’ਤੇ ਰੋਡ ਦੇ ਉੱਤੇ ਹੀ ਖੜਾ ਕਰ ਦਿੰਦੇ ਹਨ। ਇਸ ਦੇ ਕਾਰਨ ਸੜਕ ਤੋਂ ਆਉਣ ਜਾਣ ਵਾਲੇ ਹੋਰ ਵਾਹਨਾਂ ਲਈ ਬਹੁਤ ਘੱਟ ਥਾਂ ਰਹਿ ਜਾਂਦੀ ਹੈ ਜੋ ਕਈ ਬਾਰ ਸੜਕ ਹਾਦਸਿਆਂ ਦਾ ਕਾਰਨ ਵੀ ਬਣੇ ਹਨ ਅਤੇ ਕਈ ਲੋਕ ਗੰਭੀਰ ਰੂਪ ਵਿਚ ਵੀ ਜਖਮੀ ਹੋਏ ਹਨ। ਉਨ੍ਹਾਂ ਦੱਸਿਆ ਕਿ ਇਹ ਲਿੰਕ ਸੜਕ ਕਈ ਪਿੰਡਾਂ ਨੂੰ ਜਾਂਦੀ ਹੈ ਅਤੇ ਇਥੋਂ ਥੋੜੀ ਦੂਰੀ ’ਤੇ ਕਈ ਸਕੂਲ ਵੀ ਹਨ ਅਤੇ ਸਵੇਰ ਦੇ ਸਮੇਂ ਸਕੂਲੀ ਬੱਸਾਂ ਬੱਚਿਆਂ ਨੂੰ ਲੈਣ ਤੇ ਛੱਡਣ ਲਈ ਆਉਂਦੀਆਂ ਹਨ। ਇਨ੍ਹਾਂ ਸਕੂਲੀ ਬੱਸਾਂ ਲਈ ਵੀ ਇਸ ਢਾਬੇ ਦੇ ਬਾਹਰ ਮੁੱਖ ਸੜਕ ’ਤੇ ਰੋਜ਼ਾਨਾ ਖੜੇ ਹੁੰਦੇ ਇਹ ਭਾਰੀ ਵਾਹਨ ਵੱਡੀ ਸਿਰਦਰਦੀ ਬਣੇ ਹੋਏ ਹਨ। ਉਨ੍ਹਾਂ ਦੱਸਿਆ ਕਿ ਇਸ ਸਮੱਸਿਆ ਨੂੰ ਲੈ ਕੇ ਉਨ੍ਹਾਂ ਵੱਲੋਂ ਬੀਤੀ 10 ਸਤੰਬਰ 2025 ਨੂੰ ਇਲਾਕੇ ਦੇ ਸਰਪੰਚਾਂ-ਪੰਚਾਂ, ਮੋਹਤਬਰਾਂ ਤੇ ਸਕੂਲਾਂ ਦੇ ਕਈ ਪ੍ਰਿੰਸੀਪਲਾਂ ਵੱਲੋਂ ਏਡੀਸੀ ਰੂਪਨਗਰ ਨੂੰ ਇੱਕ ਲਿਖਤੀ ਸ਼ਿਕਾਇਤ ਵੀ ਦਿੱਤੀ ਗਈ ਸੀ। ਇਸ ਸ਼ਿਕਾਇਤ ’ਤੇ ਏਡੀਸੀ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਸਬੰਧਤ ਵਿਭਾਗ ਦੇ ਡੀਟੀਪੀ ਦਫਤਰ ਰੂਪਨਗਰ ਨੂੰ ਮੌਕਾ ਦੇਖ ਕੇ ਕਾਰਵਾਈ ਕਰਨ ਦੀਆਂ ਸਖਤ ਹਦਾਇਤਾਂ ਕੀਤੀਆਂ ਗਈਆਂ ਸਨ ਪ੍ਰੰਤੂ ਇਸ ਦੇ ਬਾਵਜੂਦ ਹੁਣ ਤੱਕ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਵੱਲੋਂ ਇਨ੍ਹਾਂ ਢਾਬੇ ਵਾਲਿਆਂ ’ਤੇ ਇਸ ਸਬੰਧੀ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਜੇਕਰ ਇਸ ਮੋੜ ’ਤੇ ਕੋਈ ਵੀ ਹਾਦਸਾ ਵਾਪਰਦਾ ਹੈ ਤਾਂ ਉਸਦਾ ਜਿੰਮੇਵਾਰ ਢਾਬਾ ਦਾ ਮਾਲਕ ਜਾਂ ਸਬੰਧਤ ਵਿਭਾਗ ਦਾ ਅਧਿਕਾਰੀ ਹੋਵੇਗਾ। ਇਸ ਮੌਕੇ ਉਨ੍ਹਾਂ ਡਿਪਟੀ ਕਮਿਸ਼ਨਰ ਰੂਪਨਗਰ ਤੇ ਪੰਜਾਬ ਸਰਕਾਰ ਤੋਂ ਜ਼ੋਰਦਾਰ ਮੰਗ ਕਰਦਿਆਂ ਕਿਹਾ ਕਿ ਜਾਂ ਤਾਂ ਇਨ੍ਹਾਂ ਢਾਬਿਆਂ ਦੇ ਮਾਲਕਾਂ ਨੂੰ ਗੱਡੀਆਂ ਖੜੀਆਂ ਕਰਨ ਲਈ ਪਾਰਕਿੰਗ ਦਾ ਪ੍ਰਬੰਧ ਕਰਨ ਲਈ ਸਖਤ ਹਦਾਇਤਾਂ ਕੀਤੀਆਂ ਜਾਣ ਅਤੇ ਜੋ ਵੀ ਢਾਬਿਆਂ ਦੇ ਅੱਗੇ ਟਰੱਕ ਡਰਾਈਵਰ ਆਪਣੇ ਭਾਰੀ ਵਾਹਾਨ ਮੇਨ ਸੜਕ ’ਤੇ ਖੜੇ ਕਰਦੇ ਹਨ ਉਨ੍ਹਾਂ ਖਿਲਾਫ ਵੀ ਬਣਦੀ ਕਾਰਵਾਈ ਕੀਤੀ ਜਾਵੇ।