ਚੁੱਲ੍ਹਾ ਬੁਝਾਉਣ ਤੇ ਖੇਤ ਉਜਾੜਨ ’ਚ ਭਾਜਪਾ ਤੇ ਆਪ ਇੱਕੋ ਜਿਹੇ : ਅਸ਼ਵਨੀ ਸ਼ਰਮਾ
ਚੁੱਲ੍ਹਾ ਬੁਝਾਉਣ ਤੇ ਖੇਤ ਉਜਾੜਨ ’ਚ ਭਾਜਪਾ ਅਤੇ ਆਪ ਇੱਕੋ ਜਿਹੇ:ਅਸ਼ਵਨੀ ਸ਼ਰਮਾ
Publish Date: Wed, 10 Jun 2026 03:32 PM (IST)
Updated Date: Wed, 10 Jun 2026 03:35 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਜ਼ਿਲ੍ਹਾ ਕਾਂਗਰਸ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਗੈਸ ਸਬਸਿਡੀ ’ਚ 66 ਫੀਸਦੀ ਦੀ ਕਟੌਤੀ ਕਰਕੇ ਗਰੀਬ ਦਾ ਚੁੱਲ੍ਹਾ ਬੁਝਾ ਰਹੀ ਹੈ ਅਤੇ ਖਾਦ ਮਹਿੰਗੀ ਕਰਕੇ ਕਿਸਾਨ ਦੇ ਖਰਚੇ ਵਧਾ ਰਹੀ ਹੈ, ਜਦੋਂ ਕਿ ਪੰਜਾਬ ਦੀ ਆਪ ਸਰਕਾਰ ਇਨ੍ਹਾਂ ਮੁੱਦਿਆਂ ’ਤੇ ਚੁਟਕਲੇ ਅਤੇ ਮਿਮਿਕਰੀ ਕਰਨ ’ਚ ਵਿਅਸਤ ਹੈ। ਉਨ੍ਹਾਂ ਕਿਹਾ ਕਿ ਕੇਂਦਰ ਨੇ ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਦੇ ਸਬਸਿਡੀ ਵਾਲੇ ਗੈਸ ਸਿਲੰਡਰ 12 ਤੋਂ ਘਟਾ ਕੇ ਸਿਰਫ਼ 4 ਕਰ ਦਿੱਤੇ ਹਨ। ਮਤਲਬ 12 ’ਚੋਂ 8 ਸਿਲੰਡਰਾਂ ਦੀ ਸਬਸਿਡੀ ਖਤਮ। ਹੁਣ ਗਰੀਬ ਪਰਿਵਾਰ ਨੂੰ ਸਾਲ ਦੇ ਬਾਕੀ 8 ਸਿਲੰਡਰ ਮਾਰਕੀਟ ਰੇਟ ’ਤੇ, ਲੱਗਭਗ 900-1000 ਰੁਪਏ ਪ੍ਰਤੀ ਸਿਲੰਡਰ ਖਰੀਦਣੇ ਪੈਣਗੇ, 8-10 ਹਜ਼ਾਰ ਕਮਾਉਣ ਵਾਲਾ ਮਜ਼ਦੂਰ ਇਹ ਵਾਧੂ ਬੋਝ ਕਿਵੇਂ ਚੁੱਕੇਗਾ? ਉਨ੍ਹਾਂ ਕਿਹਾ ਕਿ ਡੀਏਪੀ, ਯੂਰੀਆ ਸਮੇਤ ਖਾਦਾਂ ਦੀਆਂ ਕੀਮਤਾਂ ਵਧਣ ਨਾਲ ਕਿਸਾਨ ਦੀ ਪ੍ਰਤੀ ਏਕੜ ਲਾਗਤ 1500-2000 ਰੁਪਏ ਵੱਧ ਗਈ ਹੈ। ਫਸਲ ਦਾ ਭਾਅ ਉਹੀ, ਖਰਚਾ ਵੱਧ ਅਤੇ ਕਿਸਾਨ ਦਾ ਮੁਨਾਫ਼ਾ ਖਤਮ। ਇਹ ਕਿਸਾਨ ਦੇ ਖੇਤ ’ਤੇ ਸਿੱਧਾ ਵਾਰ ਹੈ। ਉਨ੍ਹਾਂ ਆਪ ਸਰਕਾਰ ’ਤੇ ਹਮਲਾ ਕਰਦਿਆਂ ਕਿਹਾ ਕਿ ਆਪ ਕੇਂਦਰ ਦੀ ਐੱਨਡੀਏ ਸਹਿਯੋਗੀ ਨਹੀਂ ਹੈ, ਪ੍ਰੰਤੂ ਵਿਰੋਧ ਦੇ ਨਾਂ ’ਤੇ ਸਿਰਫ਼ ਬਿਆਨਬਾਜ਼ੀ, ਚੁਟਕਲੇ ਅਤੇ ਮਿਮਿਕਰੀ ਕਰਦੀ ਹੈ। ਜਦੋਂ ਕੇਂਦਰ ਗੈਸ-ਖਾਦ ਮਹਿੰਗੇ ਕਰਦੀ ਹੈ, ਤਾਂ ਆਪ ਦੇ ਆਗੂ ਟੀਵੀ ’ਤੇ ਮਜ਼ਾਕ ਕਰ ਦਿੰਦੇ ਹਨ ਪ੍ਰੰਤੂ ਨਾ ਵਿਧਾਨਸਭਾ ’ਚ ਮਤਾ, ਨਾ ਕੇਂਦਰ ਕੋਲ ਡੈਲੀਗੇਸ਼ਨ, ਨਾ ਸੜਕਾਂ ’ਤੇ ਮੋਰਚਾ। ਗਰੀਬ ਦਾ ਚੁੱਲ੍ਹਾ ਬੁਝ ਰਿਹਾ ਹੈ, ਕਿਸਾਨ ਕਰਜ਼ੇ ਹੇਠ ਦੱਬ ਰਿਹਾ ਹੈ, ਪ੍ਰੰਤੂ ਆਪ ਨੂੰ ਕੋਈ ਫਿਕਰ ਨਹੀਂ। ਉਨ੍ਹਾਂ ਮੰਗ ਕੀਤੀ ਕਿ ਉੱਜਵਲਾ ਲਾਭਪਾਤਰੀਆਂ ਦੇ ਸਬਸਿਡੀ ਵਾਲੇ ਸਿਲੰਡਰ ਤੁਰੰਤ ਮੁੜ 12 ਕੀਤੇ ਜਾਣ, ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ’ਚ ਕਟੌਤੀ ਕੀਤੀ ਜਾਵੇ, ਖਾਦਾਂ ਦੀਆਂ ਕੀਮਤਾਂ ’ਚ ਕੀਤਾ ਵਾਧਾ ਵਾਪਸ ਲਿਆ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਕੇਂਦਰ ਨੇ ਇਹ ਕਿਸਾਨ-ਗਰੀਬ ਵਿਰੋਧੀ ਫੈਸਲੇ ਵਾਪਸ ਨਾ ਲਏ, ਤਾਂ ਕਾਂਗਰਸ ਪਾਰਟੀ ਰੂਪਨਗਰ ਤੋਂ ਸ਼ੁਰੂਆਤ ਕਰਕੇ ਪੂਰੇ ਪੰਜਾਬ ’ਚ ਜ਼ਬਰਦਸਤ ਅੰਦੋਲਨ ਕਰੇਗੀ। ਉਨ੍ਹਾਂ ਕਿਹਾ ਕਿ ਉਹ ਗਰੀਬ ਦਾ ਚੁੱਲ੍ਹਾ ਵੀ ਬਚਾਣਗੇ ਤੇ ਕਿਸਾਨਾਂ ਦੇ ਖੇਤ ਵੀ। ਇਸ ਮੌਕੇ ਸਾਬਕਾ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਵਿਸਕੀ, ਅਮਰਜੀਤ ਸਿੰਘ ਭੁੱਲਰ, ਰਾਜੇਸ਼ਵਰ ਲਾਲੀ, ਮਦਨ ਗੋਪਾਲ, ਆਸੀਫ ਘੱਟ ਗਿਣਤੀ ਸੈਲ, ਰਾਣਾ ਰਵਨੀਤ ਕੰਗ, ਮਿੰਟੂ ਸਰਾਫ, ਸੁਰਿੰਦਰ ਮੁਕਾਰੀ, ਦੀਪਕ ਪਰਖਾਲੀ, ਮਨਪ੍ਰੀਤ ਰਸੂਲਪੁਰ, ਭੁਪਿੰਦਰ ਸੈਣੀ ਦਫ਼ਤਰ ਇੰਚਾਰਜ ਆਦਿ ਹਾਜ਼ਰ ਸਨ।