ਭਾਕਿਯੂ ਸਿੱਧੂਪੁਰ ਦੀ ਮੀਟਿੰਗ ਦੌਰਾਨ ਕਿਸਾਨੀ ਮੰਗਾਂ ਤੇ ਮੁਸ਼ਕਿਲਾਂ ’ਤੇ ਹੋਈ ਗੰਭੀਰ ਚਰਚਾ
ਭਾਕਿਯੂ ਸਿੱਧੂਪੁਰ ਦੀ ਮੀਟਿੰਗ ਦੌਰਾਨ ਕਿਸਾਨੀ ਮੰਗਾਂ ਤੇ ਮੁਸ਼ਕਿਲਾਂ ’ਤੇ ਹੋਈ ਗੰਭੀਰ ਚਰਚਾ
Publish Date: Fri, 05 Jun 2026 05:20 PM (IST)
Updated Date: Fri, 05 Jun 2026 05:23 PM (IST)

ਅਮਰਜੀਤ ਧੀਮਾਨ, ਪੰਜਾਬੀ ਜਾਗਰਣ, ਮੋਰਿੰਡਾ: ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਇੱਕ ਅਹਿਮ ਮੀਟਿੰਗ ਬਲਾਕ ਪ੍ਰਧਾਨ ਹਰਚੰਦ ਸਿੰਘ ਗੜਾਂਗਾਂ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿਚ ਮੇਹਰ ਸਿੰਘ ਥੇੜੀ ਅਤੇ ਜ਼ਿਲ੍ਹਾ ਪ੍ਰਧਾਨ ਰਵਿੰਦਰ ਸਿੰਘ ਦੇਹਕਲਾਂ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰੈੱਸ ਸਕੱਤਰ ਹਕੀਕਤ ਸਿੰਘ ਘੜੂੰਆਂ ਨੇ ਦੱਸਿਆ ਕਿ ਮੀਟਿੰਗ ਦੌਰਾਨ ਕਿਸਾਨ ਆਗੂਆਂ ਨੇ ਮੌਜੂਦਾ ਸਮੇਂ ਦੌਰਾਨ ਯੂਰੀਆ ਖਾਦ ਦੀ ਘਾਟ ’ਤੇ ਚਿੰਤਾ ਪ੍ਰਗਟ ਕੀਤੀ ਗਈ। ਆਗੂਆਂ ਨੇ ਦੱਸਿਆ ਕਿ ਸਹਿਕਾਰੀ ਸਭਾਵਾਂ ’ਚ ਯੂਰੀਆ ਬਹੁਤ ਘੱਟ ਮਾਤਰਾ ਵਿਚ ਆਇਆ ਹੈ, ਜਦਕਿ ਪ੍ਰਾਈਵੇਟ ਡੀਲਰ ਕਿਸਾਨਾਂ ਨੂੰ ਇੱਕ ਬੋਰੀ ਖਾਦ ਦੇ ਨਾਲ ਬੇਲੋੜੀਆਂ ਦਵਾਈਆਂ ਜ਼ਬਰਦਸਤੀ ਦੇ ਕੇ ਉਨ੍ਹਾਂ ਦੀ ਆਰਥਿਕ ਲੁੱਟ ਕਰ ਰਹੇ ਹਨ। ਉਨ੍ਹਾਂ ਪੰਜਾਬ ਦੇ ਖੇਤੀਬਾੜੀ ਡਾਇਰੈਕਟਰ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਵਿਚ ਨਿੱਜੀ ਦਖਲ ਦੇ ਕੇ ਅਜਿਹੇ ਡੀਲਰਾਂ ਨੂੰ ਰੋਕਣ ਅਤੇ ਹਰ ਖਾਦ ਜਾਂ ਬੀਜ ਦੀ ਖ਼ਰੀਦ ਦਾ ਪੱਕਾ ਬਿੱਲ ਲਾਜ਼ਮੀ ਦੇਣ ਦੀ ਹਿਦਾਇਤ ਕੀਤੀ ਜਾਵੇ। ਇਸ ਮੌਕੇ ਆਗੂਆਂ ਨੇ ਦੱਸਿਆ ਕਿ ਖਰੜ ਬਲਾਕ ਵਿਚ ਜ਼ਮੀਨਾਂ-ਜਾਇਦਾਦਾਂ ਦੀ ਰਜਿਸਟਰੀ ਦੇ ਸਮੇਂ ਸਬ-ਰਜਿਸਟਰਾਰ (ਡੀਆਰਓ) ਦਫ਼ਤਰ ਵਿਖੇ ਭਾਰੀ ਭੀੜ ਜਮ੍ਹਾਂ ਹੋ ਜਾਂਦੀ ਹੈ, ਪ੍ਰੰਤੂ ਬੈਠਣ ਲਈ ਕੋਈ ਯੋਗ ਜਗ੍ਹਾ ਨਹੀਂ ਹੈ। ਉਨ੍ਹਾਂ ਖਾਲੀ ਪਈ ਤਹਿਸੀਲਦਾਰ ਦਫ਼ਤਰ ਦੀ ਬਿਲਡਿੰਗ ਵਿਚ ਆਮ ਪਬਲਿਕ ਦੇ ਬੈਠਣ ਲਈ ਪ੍ਰਬੰਧ ਕੀਤੇ ਜਾਣ ਦੀ ਅਪੀਲ ਕੀਤੀ। ਉਨ੍ਹਾਂ ਪ੍ਰਸ਼ਾਸਨ ਨੂੰ ਜ਼ਮੀਨਾਂ ਦੀ ਰਜਿਸਟਰੀ ਹੋਣ ਤੋਂ ਬਾਅਦ ਇੰਤਕਾਲ (ਨਾਮ ਤਬਦੀਲੀ) ਕਰਵਾਉਣ ਲਈ ਦਰਖਾਸਤ ਦੇਣ ਦੀ ਗੁੰਝਲਦਾਰ ਪ੍ਰਕਿਰਿਆ ਨੂੰ ਵੀ ਤੁਰੰਤ ਸਰਲ ਬਣਾਉਣ ਦੀ ਮੰਗ ਕੀਤੀ। ਇਸ ਮੌਕੇ ਵਿਸ਼ਵ ਵਾਤਾਵਰਣ ਦਿਵਸ ਸਬੰਧੀ ਕਿਸਾਨ ਆਗੂਆਂ ਨੇ ਕਿਹਾ ਕਿ ਜਾਗਰੂਕ ਲੋਕ ਲੱਖਾਂ ਰੁਪਏ ਖਰਚ ਕੇ ਵਾਤਾਵਰਣ ਬਚਾਉਣ ਲਈ ਪੌਦੇ ਲਗਾਉਂਦੇ ਹਨ ਪ੍ਰੰਤੂ ਖੁੱਲ੍ਹੇ ਫਿਰਦੇ ਪਸ਼ੂ ਇਨ੍ਹਾਂ ਬੂਟਿਆਂ ਨੂੰ ਬਰਬਾਦ ਕਰ ਦਿੰਦੇ ਹਨ। ਉਨ੍ਹਾਂ ਪ੍ਰਸ਼ਾਸਨ ਤੋਂ ਖੁੱਲ੍ਹੇ ਫਿਰਦੇ ਪਸ਼ੂਆਂ ਦੀ ਸਮੱਸਿਆ ਦਾ ਪੱਕਾ ਹੱਲ੍ਹ ਕਰਨ ਦੀ ਮੰਗ ਵੀ ਕੀਤੀ। ਇਸ ਮੌਕੇ ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਕਿਸਾਨਾਂ ਦੀਆਂ ਇਨ੍ਹਾਂ ਹੱਕੀ ਮੰਗਾਂ ਵੱਲ ਸਰਕਾਰ ਵੱਲੋਂ ਤੁਰੰਤ ਧਿਆਨ ਨਾ ਦਿੱਤਾ ਗਿਆ, ਤਾਂ ਆਉਣ ਵਾਲੇ ਦਿਨਾਂ ਵਿਚ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ, ਜਿਸ ਦੀ ਸਾਰੀ ਜ਼ਿੰਮੇਵਾਰੀ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਪੰਜਾਬ ਸਰਕਾਰ ਦੇ ਸਿਰ ਹੋਵੇਗੀ। ਇਸ ਮੀਟਿੰਗ ਵਿਚ ਸਾਹਿਬਪ੍ਰੀਤ ਸਿੰਘ ਪੋਪਨਾ, ਗੁਰਜੀਤ ਸਿੰਘ ਟੋਨੀ, ਮਹਿੰਦਰ ਸਿੰਘ ਗੜਾਂਗਾਂ, ਮਨਦੀਪ ਸਿੰਘ ਸਕਰੁਲਾਂਪੁਰ, ਅਨਦੀਪ ਸਿੰਘ ਟੋਡਰਮਾਜਰਾ, ਚੇਤਨ ਸਿੰਘ, ਹਰਬਚਨ ਲਾਲ ਰੰਗੀਆਂ, ਜਾਗਰ ਸਿੰਘ ਪੜੌਲ, ਦੀਦਾਰ ਸਿੰਘ ਰੋੜਾ, ਕੁਲਦੀਪ ਸਿੰਘ ਗੱਗੋਮਾਜਰਾ, ਗੁਰਜੰਟ ਸਿੰਘ ਪੋਪਨਾ, ਅਮਰੀਕ ਸਿੰਘ ਪੋਪਨਾ, ਜਸਵਿੰਦਰ ਸਿੰਘ ਨਿਆਮੀਆਂ, ਕਰਨੈਲ ਸਿੰਘ ਤੇ ਦੀਦਾਰ ਸਿੰਘ ਚੋਲਟਾ, ਪਰਮਿੰਦਰ ਸਿੰਘ ਗੜਾਂਗਾਂ, ਜਸਵਿੰਦਰ ਸਿੰਘ ਪੱਪੀ ਗੜਾਂਗਾਂ, ਸੁਦਾਗਰ ਸਿੰਘ ਰੰਗੀਆਂ, ਅਮਨਪ੍ਰੀਤ ਸਿੰਘ ਬਾਸੀਆਂ ਆਦਿ ਸਮੇਤ ਵੱਡੀ ਗਿਣਤੀ ਵਿਚ ਯੂਨੀਅਨ ਦੇ ਅਹੁੱਦੇਦਾਰ ਤੇ ਮੈਂਬਰ ਤੇ ਇਲਾਕੇ ਦੇ ਕਿਸਾਨ ਹਾਜ਼ਰ ਸਨ।