ਬਰਸਾਤ ਦੇ ਮੌਸਮ ਤੋਂ ਪਹਿਲਾ ਹੋਵੇਗਾ ਦਾਊਦਪੁਰ ਤੇ ਫੱਸੇ ਬੰਨ੍ਹਾਂ ਦੇ ਮਜ਼ਬੂਤੀਕਰਨ ਦਾ ਕੰਮ ਮੁਕੰਮਲ
ਬਰਸਾਤ ਦੇ ਮੌਸਮ ਤੋਂ ਪਹਿਲਾ ਹੋਵੇਗਾ ਦਾਊਦਪੁਰ ਤੇ ਫੱਸੇ ਬੰਨਾਂ ਦੇ ਮਜ਼ਬੂਤੀਕਰਨ ਦਾ ਕੰਮ ਮੁਕੰਮਲ
Publish Date: Thu, 04 Jun 2026 05:14 PM (IST)
Updated Date: Fri, 05 Jun 2026 03:32 PM (IST)

ਪਿਛਲੇ ਸਾਲ ਸਤਲੁੱਜ ਦਰਿਆ ਵਿਚ ਆਏ ਪਾਣੀ ਦੇ ਊਫਾਨ ਨੇ ਲੋਕਾਂ ਦੀ ਰਾਤਾਂ ਦੀ ਨੀਂਦ ਉਡਾ ਦਿੱਤੀ ਸੀ ਲਖਵੀਰ ਖਾਬੜਾ, ਪੰਜਾਬੀ ਜਾਗਰਣ,ਰੂਪਨਗਰ: ਮਾਨਸੂਨ ਸੀਜ਼ਨ ਤੋਂ ਪਹਿਲਾਂ ਹੜ੍ਹ ਸੁਰੱਖਿਆ ਬੰਨਾਂ ਨੂੰ ਮਜ਼ਬੂਤ ਕਰਨ ਲਈ, ਡਿਪਟੀ ਕਮਿਸ਼ਨਰ ਰੂਪਨਗਰ ਆਦਿਤਿਆ ਡੇਚਲਵਾਲ ਨੇ ਚੱਲ ਰਹੇ ਹੜ੍ਹ ਸੁਰੱਖਿਆ ਕਾਰਜਾਂ ਦਾ ਨਿਰੀਖਣ ਕਰਨ ਲਈ ਦਾਊਦਪੁਰ ਅਤੇ ਫੱਸੇ ਬੰਨਾਂ ਦਾ ਦੌਰਾ ਕੀਤਾ। ਡੀਸੀ ਨੇ ਕਿਹਾ ਕਿ ਪਿਛਲੇ ਸਾਲ ਸਤਲੁਜ ਦਰਿਆ ਦੇ ਨਾਲ ਲੱਗਦੇ ਕਈ ਇਲਾਕਿਆਂ ਵਿਚ ਹੜ੍ਹਾਂ ਕਾਰਨ ਵਸਨੀਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਇਸ ਨੂੰ ਧਿਆਨ ਵਿਚ ਰੱਖਦੇ ਹੋਏ, ਬਰਸਾਤ ਦੇ ਮੌਸਮ ਤੋਂ ਪਹਿਲਾਂ ਜ਼ਰੂਰੀ ਸੁਰੱਖਿਆ ਉਪਾਅ ਕੀਤੇ ਜਾ ਰਹੇ ਹਨ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ ਅਤੇ ਜਾਨ-ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਪੰਜਾਬੀ ਜਾਗਰਣ ਨੇ ਇਨ੍ਹਾਂ ਦੋਵੇਂ ਬੰਨਾਂ ਦਾ ਦੌਰਾ ਕੀਤਾ ਅਤੇ ਪਾਇਆ ਕਿ ਪ੍ਰਸ਼ਾਸਨ ਇਨ੍ਹਾਂ ਨੂੰ ਮਜ਼ਬੂਤ ਕਰਨ ਲਈ ਕੰਮ ਕਰ ਰਿਹਾ ਹੈ। 30 ਜੂਨ ਤੱਕ ਬੰਨ੍ਹ ਦਾ ਕੰਮ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ਨਿਰੀਖਣ ਦੌਰਾਨ, ਉਨ੍ਹਾਂ ਦੱਸਿਆ ਕਿ ਦਾਊਦਪੁਰ ਪਿੰਡ ਵਿਚ ਦੋ ਸਟੱਡਾਂ ਅਤੇ ਇੱਕ 850 ਫੁੱਟ ਦੇ ਬੰਨ੍ਹ ਤੇ ਕੰਮ ਚੱਲ ਰਿਹਾ ਹੈ, ਜਦੋਂ ਕਿ ਫੱਸੇ ਬੰਨ ਵਿਚ ਤਿੰਨ ਸਟੱਡਾਂ ਅਤੇ ਇੱਕ 2,300 ਫੁੱਟ ਦੇ ਬੰਨ੍ਹ ਦਾ ਨਿਰਮਾਣ ਕੀਤਾ ਜਾ ਰਿਹਾ ਹੈ। 8.50 ਕਰੋੜ ਰੁਪਏ ਦੀ ਲਾਗਤ ਨਾਲ ਕੀਤੇ ਜਾ ਰਹੇ ਇਹ ਕੰਮ 30 ਜੂਨ, 2026 ਤੱਕ ਪੂਰੇ ਕਰਨ ਦਾ ਟੀਚਾ ਹੈ। ਉਨ੍ਹਾਂ ਦੱਸਿਆ ਕਿ ਜ਼ਿਆਦਾਤਰ ਹੜ੍ਹ ਸੁਰੱਖਿਆ ਕਾਰਜ ਲਗਭਗ ਪੂਰੇ ਹੋ ਗਏ ਹਨ। ਉਨ੍ਹਾਂ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਬਾਕੀ ਰਹਿੰਦੇ ਕੰਮ ਨੂੰ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਪੂਰਾ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲ੍ਹੇ ਦੇ ਹੋਰ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਮਿੱਟੀ ਦੀ ਨਿਕਾਸੀ, ਸਫਾਈ, ਅਤੇ ਹੋਰ ਸੁਰੱਖਿਆ ਕਾਰਜ ਤੇਜ਼ੀ ਨਾਲ ਚੱਲ ਰਹੇ ਹਨ। ਡੀਸੀ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਸੰਭਾਵੀ ਹੜ੍ਹ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਕਿਸੇ ਵੀ ਆਫ਼ਤ ਦੀ ਸਥਿਤੀ ਵਿਚ ਤੁਰੰਤ ਕਾਰਵਾਈ ਯਕੀਨੀ ਬਣਾਉਣ ਲਈ ਸਾਰੇ ਸਬੰਧਤ ਵਿਭਾਗਾਂ ਨੂੰ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਮੌਕੇ ਪ੍ਰਦੀਪ ਬੈਂਸ ਅਤੇ ਨਿਸ਼ਾਂਤ ਗਰਗ ਸਮੇਤ ਸਬੰਧਤ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ। ਡੀਸੀ ਤੇ ਐਸਐਸਪੀ ਸਾਰੀ ਰਾਤ ਜਾਗਦੇ ਰਹੇ ਸਨ ਪਿਛਲੇ ਸਾਲ ਬਰਸਾਤ ਨੇ ਜ਼ਿਲ੍ਹੇ ਵਿਚ ਸਤਲੁਜ ਦਰਿਆ ਦੇ ਨਾਲ ਲੱਗਦੇ ਕਈ ਇਲਾਕਿਆਂ ਵਿਚ ਬੰਨਾਂ ਨੂੰ ਢਾਅ ਲਾ ਕੇ ਲੋਕਾਂ ਦੀ ਦਿਨ ਦੀ ਸ਼ਾਂਤੀ ਅਤੇ ਰਾਤ ਦੀ ਨੀਂਦ ਭੰਗ ਕਰ ਦਿੱਤੀ ਸੀ। ਖਾਸ ਕਰਕੇ ਪਿੰਡ ਦਾਉਦਪੁਰ ਅਤੇ ਫੱਸੇ ਧੁੱਸੀ ਬੰਨ੍ਹਾਂ ਦੀ ਸਥਿਤੀ ਬਹੁਤ ਭਿਆਨਕ ਸੀ। ਜੇਕਰ ਸਤਲੁਜ ਦਾ ਪਾਣੀ ਬੰਨ੍ਹਾਂ ਨੂੰ ਤੋੜ ਦਿੰਦਾ, ਤਾਂ ਹੜ੍ਹ ਨੇ ਨੁਕਸਾਨ ਨਾ ਸਿਰਫ਼ ਸ੍ਰੀ ਚਮਕੌਰ ਸਾਹਿਬ ਸਗੋਂ ਸਮਰਾਲਾ ਤਹਿਸੀਲ ਦੇ ਮਾਛੀਵਾੜਾ ਤੱਕ ਫੈਲੇ ਪਿੰਡਾਂ ਨੂੰ ਵੀ ਪ੍ਰਭਾਵਿਤ ਕਰਨਾਂ ਸੀ। ਵਿਗੜਦੀ ਸਥਿਤੀ ਨੇ ਪ੍ਰਸ਼ਾਸਨ ਨੂੰ ਫੌਜ ਬੁਲਾਉਣ ਲਈ ਮਜਬੂਰ ਕੀਤਾ। ਫੌਜ ਦੀ ਵਿਸ਼ੇਸ਼ ਬਟਾਲੀਅਨ ਨੇ ਦਾਉਦਪੁਰ ਅਤੇ ਫੱਸੇ ਬੰਨ ਦੀ ਜ਼ਿੰਮੇਵਾਰੀ ਸੰਭਾਲ ਲਈ ਅਤੇ ਪਿੰਡ ਵਾਸੀਆਂ ਦੀ ਮਦਦ ਨਾਲ ਦੋਵਾਂ ਬੰਨ੍ਹਾਂ ਤੇ ਮਿੱਟੀ ਦੀਆਂ ਬੋਰੀਆਂ ਰੱਖ ਕੇ ਉਨ੍ਹਾਂ ਨੂੰ ਮਜ਼ਬੂਤ ਕੀਤਾ। ਤਤਕਾਲੀ ਡੀਸੀ ਵਰਜੀਤ ਵਾਲੀਆ ਅਤੇ ਐਸਐਸਪੀ ਗੁਲਨੀਤ ਸਿੰਘ ਖੁਰਾਣਾ ਨੇ ਰਾਤ ਭਰ ਰਾਹਤ ਕਾਰਜਾਂ ਦੀ ਅਗਵਾਈ ਕੀਤੀ।