ਕੰਕਰੀਟ ਮਿਕਸਰ ਪਲਾਂਟ ਬੰਦ ਕਰਵਾਉਣ ਲਈ ਪੱਕਾ ਧਰਨਾ ਸ਼ੁਰੂ
ਕੰਕਰੀਟ ਮਿਕਸਰ ਪਲਾਂਟ ਬੰਦ ਕਰਵਾਉਣ ਲਈ ਪੱਕਾ ਧਰਨਾ ਸ਼ੁਰੂ
Publish Date: Fri, 24 Apr 2026 04:45 PM (IST)
Updated Date: Fri, 24 Apr 2026 04:49 PM (IST)

ਜੌਲੀ ਸੂਦ, ਪੰਜਾਬੀ ਜਾਗਰਣ, ਮੋਰਿੰਡਾ: ਪਿੰਡ ਢੰਗਰਾਲੀ ਤੇ ਖੈਰਪੁਰ ਵਾਸੀਆਂ ਵਿਚ ਪਿੰਡ ਵਿਚ ਲੱਗ ਰਹੇ ਰੈਡੀਮਿਕਸ ਕੰਕਰੀਟ ਮਿਕਸਰ ਪਲਾਂਟ ਦੇ ਵਿਰੁੱਧ ਤਿੱਖਾ ਰੋਸ ਪਾਇਆ ਜਾ ਰਿਹਾ ਹੈ। ਇਸ ਪਲਾਂਟ ਦੇ ਸਿਹਤ ਮਾਰੂ ਪ੍ਰਭਾਵਾਂ ਦੇ ਮੱਦੇਨਜ਼ਰ ਸਰਪੰਚ ਰਣਦੀਪ ਸਿੰਘ ਦੀਪੂ ਬਾਠ ਢੰਗਰਾਲੀ ਤੇ ਸਰਪੰਚ ਹਰਜਿੰਦਰ ਸਿੰਘ ਖੱਟੜਾ ਖੈਰਪੁਰ ਦੀ ਅਗਵਾਈ ਹੇਠ ਦੋਨੋਂ ਪਿੰਡ ਦੇ ਵਾਸੀਆਂ ਵੱਲੋਂ ਬਣ ਰਹੇ ਪਲਾਂਟ ਕੋਲ ਪੱਕਾ ਧਰਨਾ ਲਗਾ ਦਿੱਤਾ ਗਿਆ ਹੈ। ਇਸ ਸਬੰਧੀ ਪਿੰਡ ਵਾਸੀਆਂ ਨੇ ਦੱਸਿਆ ਕਿ ਪਲਾਂਟ ਮਾਲਕ ਕਰਮਜੀਤ ਸਿੰਘ ਨੇ ਪਿੰਡ ਵਾਸੀਆਂ ਨੂੰ ਝੂਠ ਬੋਲ ਕੇ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਪਲਾਂਟ ਦੇ ਨਿਰਮਾਣ ਦੀ ਸ਼ੁਰੂਆਤ ਮੌਕੇ ਪਲਾਂਟ ਮਾਲਕ ਨੇ ਪਿੰਡਾਂ ਦੇ ਸਰਪੰਚਾਂ ਨੂੰ ਦੱਸਿਆ ਸੀ ਕਿ ਉਹ ਕੇਵਲ ਫ਼ਾਰਮ ਹਾਊਸ ਬਣਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਬਾਅਦ ਵਿਚ ਪਤਾ ਲੱਗਿਆ ਕਿ ਕਰਮਜੀਤ ਸਿੰਘ ਫਾਰਮ ਹਾਊਸ ਨਹੀਂ ਸਗੋਂ ਕੰਕਰੀਟ ਮਿਕਸਰ ਪਲਾਂਟ ਲਗਵਾ ਰਿਹਾ ਹੈ। ਇਸ ਉਪਰੰਤ ਜਦੋਂ ਪਿੰਡ ਵਾਸੀ ਮੁੜ ਪਲਾਂਟ ਮਾਲਕ ਨੂੰ ਮਿਲੇ ਤਾਂ ਉਸ ਨੇ ਮੰਨਿਆ ਕਿ ਉਹ ਕੰਕਰੀਟ ਮਿਕਸਰ ਪਲਾਂਟ ਹੀ ਲਗਾ ਰਿਹਾ ਹੈ ਅਤੇ ਉਸ ਨੇ ਪਿੰਡ ਵਾਸੀਆਂ ’ਤੇ ਧੌਂਸ ਮਾਰਦੇ ਹੋਏ ਕਿਹਾ ਕਿ ਪਲਾਂਟ ਤਾਂ ਲੱਗਣਾ ਹੀ ਲੱਗਣਾ ਹੈ। ਇਸ ਧਰਨਾ ਪ੍ਰਦਰਸ਼ਨ ਦੌਰਾਨ ਕਿਸਾਨ ਆਗੂ ਸਵਰਨ ਸਿੰਘ ਢੰਗਰਾਲੀ ਨੇ ਕਿਹਾ ਕਿ ਪਲਾਂਟ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੈ ਅਤੇ ਲੋਕਾਂ ਨੂੰ ਮਾਰਨ ਦਾ ਵਸੀਲਾ ਹੈ। ਉਨ੍ਹਾਂ ਕਿਹਾ ਕਿ ਇਸ ਕੰਕਰੀਟ ਮਿਕਸਰ ਪਲਾਂਟ ਤੋਂ ਮਹਿਜ਼ 90 ਮੀਟਰ ਦੀ ਦੂਰੀ ’ਤੇ ਬਲਾਕ ਪੱਧਰੀ ਖੇਡ ਸਟੇਡੀਅਮ ਹੈ। ਇਸ ਦੇ ਇਲਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੇ ਪਿੰਡ ਵਾਸੀਆਂ ਦੀ ਰਿਹਾਇਸ਼ 250 ਮੀਟਰ ਦੀ ਦੂਰੀ ’ਤੇ ਸਥਿਤ ਹੈ। ਉਨ੍ਹਾਂ ਕਿਹਾ ਕਿ ਅਜਿਹੀ ਥਾਂ ’ਤੇ ਕੰਕਰੀਟ ਮਿਕਸਰ ਪਲਾਂਟ ਲਗਾਉਣਾ 5 ਹਜ਼ਾਰ ਪਿੰਡ ਵਾਸੀਆਂ ਅਤੇ 300 ਸਕੂਲੀ ਬੱਚਿਆਂ ਦੀ ਮੌਤ ਦੇ ਵਾਰੰਟ ’ਤੇ ਦਸਤਖਤ ਕਰਨਾ ਹੈ। ਇਸ ਮੌਕੇ ਸਰਪੰਚ ਰਣਦੀਪ ਸਿੰਘ ਦੀਪੂ ਬਾਠ ਤੇ ਸਰਪੰਚ ਹਰਜਿੰਦਰ ਸਿੰਘ ਖੱਟੜਾ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਮਹਿਜ਼ ਰੋਸ ਪ੍ਰਦਰਸ਼ਨ ਨਹੀਂ ਹੈ ਬਲਕਿ ਇਸ ਪਲਾਂਟ ਦਾ ਕੰਮ ਰੋਕਣ ਤੱਕ ਇਹ ਧਰਨਾ ਜਾਰੀ ਰਹੇਗਾ।ਹਰਜੋਤ ਸਿੰਘ ਨੇ ਦੱਸਿਆ ਕਿ ਕੰਕਰੀਟ ਮਿਕਸਰ ਪਲਾਂਟ ਦੇ ਪ੍ਰਦੂਸ਼ਣ ਨਾਲ ਸਿਹਤ ’ਤੇ ਖਤਰਨਾਕ ਪ੍ਰਭਾਵ ਪੈਂਦੇ ਹਨ, ਜਿਸ ਸਾਹ ਦੀਆਂ ਬੀਮਾਰੀਆਂ, ਫੇਫੜਿਆਂ ਦਾ ਨੁਕਸਾਨ, ਅੱਖਾਂ ਦੀਆਂ ਭਿਆਨਕ ਬੀਮਾਰੀਆਂ ਫੈਲਦੀਆਂ ਹਨ। ਇਸ ਧਰਨੇ ਵਿਚ ਪੰਚ ਸੱਜਣ ਸਿੰਘ, ਲਖਵੀਰ ਸਿੰਘ, ਬਹਾਦਰ ਸਿੰਘ, ਅਰਸ਼ਦੀਪ ਸਿੰਘ ਹੈੱਪੀ, ਜਗਤਾਰ ਸਿੰਘ, ਬਲਦੇਵ ਸਿੰਘ ਧਾਲੀਵਾਲ, ਭਾਗ ਸਿੰਘ, ਰਣਜੋਧ ਸਿੰਘ, ਸੁਖਜੀਤ ਘੋਟਾ, ਅਰਸ਼ਪ੍ਰੀਤ ਸਿੰਘ, ਜਤਿੰਦਰ ਸਿੰਘ ਸਰਾਓ, ਮਾਨਾ ਬਾਠ, ਗੁਰਜੀਤ ਸਿੰਘ, ਅਮਰਜੀਤ ਸਿੰਘ, ਸੁਰਜੀਤ ਸਿੰਘ, ਬੀਰਦਵਿੰਦਰ, ਗੁਰਦੀਪ ਸਿੰਘ, ਜਸਵੀਰ ਸਿੰਘ ਜੱਸੀ, ਅਵਤਾਰ ਸਿੰਘ, ਜੰਗਜੀਤ ਸਿੰਘ, ਤਰਲੋਚਨ ਸਿੰਘ, ਭੁਪਿੰਦਰ ਸਿੰਘ, ਸੂਬੇਦਾਰ ਨਿਰਮਲ ਸਿੰਘ, ਕੁਲਵੰਤ ਸਿੰਘ, ਮੋਹਨ ਸਿੰਘ, ਜਸਵਿੰਦਰ ਸਿੰਘ, ਬਲਵੀਰ ਸਿੰਘ, ਨਿਰਮਲ ਸਿੰਘ ਗਿੱਲ, ਰਾਣਾ ਰਣਜੀਤ, ਬਾਬਾ ਮਨਜੀਤ, ਰੁਲਦਾ ਸਿੰਘ, ਜੋਗੀ ਆਦਿ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਸ਼ਾਮਲ ਸਨ।