ਹਰ ਸ਼ੁਕਰਵਾਰ “ਡੇਂਗੂ ਤੇ ਵਾਰ” ਮੁਹਿੰਮ ਤਹਿਤ ਸਰਵੇ ਟੀਮਾਂ ਨੂੰ ਕੀਤਾ ਰਵਾਨਾ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਸਿਵਲ ਸਰਜਨ ਰੂਪਨਗਰ ਡਾ.ਰਮਨ ਕੁਮਾਰ ਗੁਪਤਾ ਦੀ ਅਗਵਾਈ ਹੇਠ ਹਰ ਸ਼ੁੱਕਰਵਾਰ ਨੂੰ ਚਲਾਈ ਜਾ ਰਹੀ ਵਿਸ਼ੇਸ਼ “ਡੇਂਗੂ ਤੇ ਵਾਰ” ਮੁਹਿੰਮ ਤਹਿਤ ਜ਼ਿਲ੍ਹਾ ਪੱਧਰ ’ਤੇ ਸਰਵੇ ਟੀਮਾਂ ਨੂੰ ਜ਼ਿਲ੍ਹਾ ਟੀਕਾਕਰਨ ਅਫਸਰ ਡਾ.ਨਵਰੂਪ ਕੌਰ ਵੱਲੋਂ ਹਰੀ ਝੰਡੀ ਦਿਖਾ ਕੇ ਵੱਖ-ਵੱਖ ਇਲਾਕਿਆਂ ਲਈ ਰਵਾਨਾ ਕੀਤਾ ਗਿਆ। ਇਸ ਮੁਹਿੰਮ ਦਾ ਉਦੇਸ਼ ਡੇਂਗੂ ਮੱਛਰ ਦੇ ਪੈਦਾ ਹੋਣ ਵਾਲੇ ਸਥਾਨਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਤੁਰੰਤ ਖਤਮ ਕਰਨਾ ਅਤੇ ਲੋਕਾਂ ਨੂੰ ਬਿਮਾਰੀ ਤੋਂ ਬਚਾਅ ਸਬੰਧੀ ਜਾਣਕਾਰੀ ਪ੍ਰਦਾਨ ਕਰਨਾ ਹੈ। ਇਸ ਮੌਕੇ ਸਿਵਲ ਸਰਜਨ ਰੂਪਨਗਰ ਡਾ.ਰਮਨ ਕੁਮਾਰ ਗੁਪਤਾ ਨੇ ਦੱਸਿਆ ਕਿ ਡੇਂਗੂ ਇੱਕ ਵਾਇਰਲ ਬਿਮਾਰੀ ਹੈ ਜੋ ਏਡੀਜ਼ ਨਾਂ ਦੇ ਮੱਛਰ ਦੇ ਕੱਟਣ ਨਾਲ ਫੈਲਦੀ ਹੈ। ਇਹ ਮੱਛਰ ਸਾਫ ਅਤੇ ਖੜ੍ਹੇ ਪਾਣੀ ਵਿਚ ਪੈਦਾ ਹੁੰਦਾ ਹੈ। ਇਸ ਲਈ ਘਰਾਂ ਅਤੇ ਆਲੇ ਦੁਆਲੇ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਹਰ ਹਫ਼ਤੇ ਸ਼ੁੱਕਰਵਾਰ ਨੂੰ ਵਿਸ਼ੇਸ਼ ਮੁਹਿੰਮ ਚਲਾ ਕੇ ਘਰ-ਘਰ ਸਰਵੇ ਕੀਤਾ ਜਾਵੇਗਾ ਤਾਂ ਜੋ ਡੇਂਗੂ ਦੇ ਲਾਰਵੇ ਵਾਲੇ ਸਥਾਨਾਂ ਦੀ ਜਾਂਚ ਕੀਤੀ ਜਾ ਸਕੇ।ਉਨ੍ਹਾਂ ਦੱਸਿਆ ਕਿ ਅੱਜ ਰਵਾਨਾ ਕੀਤੀਆਂ ਗਈਆਂ 6 ਟੀਮਾਂ ਵਿਚ ਮਲਟੀ ਪਰਪਸ ਹੈੱਲਥ ਵਰਕਰ ਅਤੇ ਨਰਸਿੰਗ ਵਿਦਿਆਰਥਣਾਂ ਸ਼ਾਮਲ ਸਨ। ਇਨ੍ਹਾਂ ਵੱਲੋਂ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿਚ ਘਰਾਂ, ਦੁਕਾਨਾਂ, ਸਕੂਲਾਂ, ਦਫ਼ਤਰਾਂ ਅਤੇ ਜਨਤਕ ਸਥਾਨਾਂ ਦੀ ਜਾਂਚ ਕੀਤੀ ਜਾਵੇਗੀ। ਇਨ੍ਹਾਂ ਟੀਮਾਂ ਵੱਲੋਂ ਕੂਲਰਾਂ, ਫਰਿੱਜ ਦੀਆਂ ਟਰੇਆਂ, ਗਮਲਿਆਂ, ਪੁਰਾਣੇ ਟਾਇਰਾਂ, ਛੱਤਾਂ ਉੱਤੇ ਪਏ ਬਰਤਨਾਂ, ਪਾਣੀ ਵਾਲੀਆਂ ਟੈਂਕੀਆਂ ਅਤੇ ਹੋਰ ਅਜਿਹੇ ਸਥਾਨਾਂ ਦੀ ਜਾਂਚ ਕੀਤੀ ਜਾਵੇਗੀ ਜਿੱਥੇ ਸਾਫ ਪਾਣੀ ਖੜ੍ਹਾ ਰਹਿੰਦਾ ਹੈ। ਜਿੱਥੇ ਵੀ ਲਾਰਵਾ ਮਿਲੇਗਾ, ਉੱਥੇ ਤੁਰੰਤ ਨਸ਼ਟ ਕਰਨ ਦੀ ਕਾਰਵਾਈ ਕੀਤੀ ਜਾਵੇਗੀ।