ਪੰਜਾਬ ਸਟੇਟ ਕਰਮਚਾਰੀ ਦਲ ਵੱਲੋਂ ਡੀਸੀ ਦਫਤਰ ਸਾਹਮਣੇ ਧਰਨਾ
ਪੰਜਾਬ ਸਟੇਟ ਕਰਮਚਾਰੀ ਦਲ ਵੱਲੋਂ ਮੰਗਾਂ ਨੂੰ ਲੈ ਕੇ ਡੀਸੀ ਦਫਤਰ ਸਾਹਮਣੇ ਦਿੱਤਾ ਧਰਨਾ
Publish Date: Sat, 11 Apr 2026 07:23 PM (IST)
Updated Date: Sat, 11 Apr 2026 07:26 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ :ਰੂਪਨਗਰ ਵਿਖੇ ਪੰਜਾਬ ਸਟੇਟ ਕਰਮਚਾਰੀ ਦਲ ਦੀ ਜ਼ਿਲ੍ਹਾ ਰੂਪਨਗਰ ਟੀਮ ਨੇ ਕਰਮਚਾਰੀਆਂ ਦੀਆਂ ਲਟਕਦੀਆਂ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਧਰਨਾ ਦਿੱਤਾ। ਇਸ ਧਰਨੇ ਤੋਂ ਬਾਅਦ ਪਾਰਟੀ ਦੇ ਸੂਬਾ ਪ੍ਰਧਾਨ ਹਰੀ ਸਿੰਘ ਟੌਹੜਾ ਅਤੇ ਜ਼ਿਲ੍ਹਾ ਪ੍ਰਧਾਨ ਗਿਆਨ ਸਿੰਘ ਘਨੌਲੀ ਦੀ ਅਗਵਾਈ ਹੇਠ ਪਾਰਟੀ ਦੇ ਵਫ਼ਦ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਪੰਜਾਬ ਸਰਕਾਰ ਦੇ ਨਾਮ ਇੱਕ ਮੰਗ ਪੱਤਰ ਸੌਂਪਿਆ। ਜ਼ਿਲ੍ਹਾ ਜਨਰਲ ਸਕੱਤਰ ਬਲਦੇਵ ਸਿੰਘ ਮਾਣੇ ਮਾਜਰਾ ਦੇ ਅਨੁਸਾਰ, ਪਾਰਟੀ ਦੇ ਸੱਦੇ ’ਤੇ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਨੇ ਧਰਨੇ ਵਿਚ ਸ਼ਿਰਕਤ ਕੀਤੀ ਅਤੇ ਆਪਣਾ ਰੋਸ ਜਾਹਰ ਕੀਤਾ। ਇਸ ਮੌਕੇ ਸੂਬਾ ਪ੍ਰਧਾਨ ਟੌਹੜਾ ਨੇ ਕਿਹਾ ਕਿ ਪੰਜਾਬ ਸਰਕਾਰ ਕੇਂਦਰੀ ਪੈਟਰਨ ’ਤੇ ਆਧਾਰਿਤ ਡੀਏ ਦੀਆਂ ਕਿਸ਼ਤਾਂ ਦੇਣ ਤੋਂ ਝਿਜਕ ਰਹੀ ਹੈ, ਜਦੋਂ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪਹਿਲਾਂ ਹੀ ਪੰਜਾਬ ਸਰਕਾਰ ਨੂੰ ਵਿਆਜ ਸਮੇਤ ਡੀਏ ਦੇਣ ਦੇ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਸਰਕਾਰ ਇਸ ਸਬੰਧੀ ਕੋਈ ਕਾਰਵਾਈ ਨਹੀਂ ਕਰ ਰਹੀ, ਜਿਸ ਕਾਰਨ ਮੁਲਾਜ਼ਮਾਂ ਵਿਚ ਰੋਸ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਰਾਣੀ ਪੈਨਸ਼ਨ ਪ੍ਰਣਾਲੀ ਦੀ ਬਹਾਲੀ ਦੀ ਮੰਗ ਵੀ ਲਟਕ ਰਹੀ ਹੈ, ਜਦੋਂ ਕਿ ਠੇਕਾ ਆਧਾਰਿਤ ਕਾਮਿਆਂ ਦੇ ਨਾਲ-ਨਾਲ ਵੱਖ-ਵੱਖ ਵਿਭਾਗਾਂ ਵਿਚ ਰੋਜ਼ਾਨਾ ਦਿਹਾੜੀਦਾਰ ਅਤੇ ਆਊਟਸੋਰਸ ਮੁਲਾਜ਼ਮਾਂ ਨੂੰ ਰੈਗੂਲਰ ਨਹੀਂ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਵੱਖ-ਵੱਖ ਵਿਭਾਗਾਂ ਦੇ ਪੁਨਰਗਠਨ ਦੀ ਆੜ ਹੇਠ ਹਜ਼ਾਰਾਂ ਅਸਾਮੀਆਂ ਖਤਮ ਕਰ ਦਿੱਤੀਆਂ ਗਈਆਂ ਹਨ, ਪੰਜਾਬ ਸਰਕਾਰ ਵੱਲੋਂ ਕੱਟੇ ਗਏ ਪੇਂਡੂ ਭੱਤੇ ਅਤੇ ਹੋਰ ਲਾਭਾਂ ਨੂੰ ਬਹਾਲ ਕਰਨ ਦੀ ਗੱਲ ਤਾਂ ਦੂਰ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਵੱਧਦੀ ਮਹਿੰਗਾਈ ਦੇ ਮੁਕਾਬਲੇ ਘੱਟੋ-ਘੱਟ ਉਜਰਤਾਂ ਵਿਚ ਵਾਧਾ ਨਹੀਂ ਕੀਤਾ ਜਾ ਰਿਹਾ ਹੈ ਅਤੇ ਵਿਕਾਸ ਟੈਕਸ ਦੇ ਨਾਮ ’ਤੇ ਹਰ ਮਹੀਨੇ 200 ਰੁਪਏ ਦੀ ਕਟੌਤੀ ਵੀ ਬੰਦ ਨਹੀਂ ਕੀਤੀ ਜਾ ਰਹੀ, ਜੋ ਕਿ ਹਰ ਮੁਲਾਜ਼ਮ ਨਾਲ ਬੇਇਨਸਾਫ਼ੀ ਹੈ। ਉਨ੍ਹਾਂ ਕੇਂਦਰ ਵੱਲੋਂ ਲਾਗੂ ਕੀਤੇ ਚਾਰ ਲੇਬਰ ਕੋਡਾਂ ਨੂੰ ਰੱਦ ਕਰਨ ਦੀ ਵੀ ਮੰਗ ਕੀਤੀ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਕੇਂਦਰੀ ਸਕੇਲਾਂ ’ਤੇ ਕੀਤੀਆਂ ਗਈਆਂ, ਇਹ ਨਿਯੁਕਤੀਆਂ ਪੰਜਾਬ ਸਕੇਲਾਂ ’ਤੇ ਯਕੀਨੀ ਬਣਾਈਆਂ ਜਾਣ। ਇਸ ਮੌਕੇ ਬ੍ਰਾਂਚ ਸਕੱਤਰ ਗੁਰਮੀਤ ਸਿੰਘ ਭੈਰੋਮਾਜਰਾ, ਜਸਵਿੰਦਰ ਸਿੰਘ ਮੋਹਾਲੀ ਪ੍ਰਧਾਨ, ਰਾਮ ਸਿੰਘ ਰੂਪਨਗਰ ਪ੍ਰਧਾਨ, ਨਿਰਮਲ ਸਿੰਘ ਲੌਦੀਮਾਜਰਾ, ਤਲਵਿੰਦਰ ਸਿੰਘ ਫਤਿਹਗੜ੍ਹ ਸਾਹਿਬ ਪ੍ਰਧਾਨ, ਹਰਮੇਸ਼ ਚੰਦ ਨੰਗਲ ਪ੍ਰਧਾਨ, ਮਨਜੀਤ ਸਿੰਘ ਨਹਿਰੀ ਵਿਭਾਗ ਪ੍ਰਧਾਨ, ਗੁਰਜੰਟ ਸਿੰਘ, ਦਲਜੀਤ ਸਿੰਘ, ਕੁਲਵੰਤ ਸਿੰਘ ਬੰਤ, ਦਵਿੰਦਰ ਸਿੰਘ, ਸੁਖਚੈਨ ਸਿੰਘ, ਮੇਜਰ ਸਿੰਘ, ਜੋਗਾ ਸਿੰਘ, ਦਿਲਬਾਗ ਸਿੰਘ, ਇੰਦਰਜੀਤ ਸਿੰਘ, ਗੁਰਚਰਨ ਸਿੰਘ, ਜਸਵੰਤ ਸਿੰਘ, ਹੁਕਮ ਸਿੰਘ, ਰਾਜਿੰਦਰਪਾਲ ਸਿੰਘ ਆਦਿ ਹਾਜ਼ਰ ਸਨ।