ਕੁੱਲ ਹਿੰਦ ਕਿਸਾਨ ਸਭਾ ਦਾ 90ਵਾਂ ਸਥਾਪਨਾ ਦਿਵਸ ਮਨਾਇਆ
ਕੁੱਲ ਹਿੰਦ ਕਿਸਾਨ ਸਭਾ ਦਾ 90ਵਾਂ ਸਥਾਪਨਾ ਦਿਵਸ ਮਨਾਇਆ
Publish Date: Sat, 11 Apr 2026 06:38 PM (IST)
Updated Date: Sat, 11 Apr 2026 06:41 PM (IST)

ਪੁਸ਼ਪਿੰਦਰ ਗੋਲੀਆ, ਪੰਜਾਬੀ ਜਾਗਰਣ ਘਨੌਲੀ : ਪਿੰਡ ਚੱਕ ਕਰਮਾਂ ਵਿਖੇ ਕੁੱਲ ਹਿੰਦ ਕਿਸਾਨ ਸਭਾ ਦਾ 90ਵਾਂ ਸਥਾਪਨਾ ਦਿਵਸ ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਆਗੂ ਸਰਪੰਚ ਕਾਮਰੇਡ ਪਵਨ ਕੁਮਾਰ ਚੱਕ ਕਰਮਾਂ ਦੀ ਅਗਵਾਈ ਹੇਠ ਕਿਸਾਨ ਸਭਾ ਦਾ ਝੰਡਾ ਲਹਿਰਾ ਕੇ ਮਨਾਇਆ ਗਿਆ। ਇਸ ਦੇ ਉਪਰੰਤ ਆਗੂਆਂ ਨੇ ਕਿਹਾ ਕਿ 11 ਅਪ੍ਰੈਲ 1936 ਨੂੰ ਕੁਲ ਹਿੰਦ ਕਿਸਾਨ ਸਭਾ ਦਾ ਪਹਿਲਾ ਇਜਲਾਸ ਲਖਨਊ ਵਿਖੇ ਹੋਇਆ ਸੀ, ਜਿਸ ਵਿਚ ਸੁਆਮੀ ਸਹਿਜਾ ਨੰਦ ਸਰਸਵਤੀ ਬਾਨੀ ਪ੍ਰਧਾਨ ਚੁਣੇ ਗਏ ਸੀ। ਆਪਣੇ 90 ਸਾਲਾਂ ਦੇ ਇਤਿਹਾਸ ਵਿਚ ਕੁੱਲ ਹਿੰਦ ਕਿਸਾਨ ਸਭਾ ਨੇ ਆਪਣੇ ਸੰਘਰਸ਼ੀ ਆਗੂਆਂ ਦੀ ਅਗਵਾਈ ਹੇਠ ਸ਼ਾਨਾ ਮੱਤੇ ਸੰਘਰਸ਼ ਲੜੇ, ਭਾਵੇਂ ਉਹ ਆਜ਼ਾਦੀ ਦੀ ਲੜਾਈ ਹੋਵੇ, ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕੀ ਹੱਕਾਂ ਦੀ ਗੱਲ ਹੋਵੇ, ਜਗੀਰਦਾਰੀ ਖਤਮ ਕਰਨ ਦਾ ਸੰਘਰਸ਼ ਹੋਵੇ, ਕਿਸਾਨਾਂ ’ਤੇ ਲਗਾਏ ਗਏ ਖੁਸ਼ ਹੈਸੀਅਤੀ ਟੈਕਸ ਹੋਣ ਜਾਂ ਕਿਸਾਨਾਂ ’ਤੇ ਥੋਪੇ ਜਾ ਰਹੇ ਕਾਲੇ ਕਾਨੂੰਨ ਹੋਣ। ਇਸ ਤੋਂ ਇਲਾਵਾ ਹੋਰ ਲੋਕਲ ਮਸਲਿਆਂ ’ਤੇ ਵੀ ਕੁੱਲ ਹਿੰਦ ਕਿਸਾਨ ਸਭਾ ਨੇ ਕਿਸਾਨਾਂ ਨੂੰ ਲਾਮਬੰਦ ਕਰਕੇ ਸੰਘਰਸ਼ ਲੜੇ ਅਤੇ ਜਿੱਤੇ। ਉਨ੍ਹਾਂ ਕਿਹਾ ਕਿ ਹੁਣ ਵੀ ਕੁੱਲ ਹਿੰਦ ਕਿਸਾਨ ਸਭਾ ਜੋ ਕਿ ਦੇਸ਼ ਦੇ ਹਰ ਇੱਕ ਜ਼ਿਲ੍ਹੇ ਵਿਚ ਸੰਯੁਕਤ ਕਿਸਾਨ ਮੋਰਚੇ ਵਿਚ ਮੋਹਰੀ ਰੋਲ ਅਦਾ ਕਰਦਿਆਂ ਕਿਸਾਨਾਂ ਅਤੇ ਮਜ਼ਦੂਰਾਂ ਦੇ ਮਸਲਿਆਂ ਲਈ ਸੰਘਰਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿਚ ਕਾਰਪੋਰੇਟ ਘਰਾਣੇ ਸਰਕਾਰ ਦੀ ਮੱਦਦ ਨਾਲ ਕਿਸਾਨੀ ’ਤੇ ਕਬਜ਼ਾ ਕਰਕੇ ਲੋਕਾਂ ਦੀ ਲੁੱਟ ਅਤੇ ਆਪਣੇ ਮੁਨਾਫੇ ਵਧਾਉਣ ਦੀ ਕੋਸ਼ਿਸ਼ ਵਿਚ ਹਨ। ਇਸ ਨੂੰ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਵਿਸ਼ਾਲ ਏਕਤਾ ਕਾਇਮ ਕਰਕੇ ਤਿੱਖੇ ਸੰਘਰਸ਼ਾਂ ਨਾਲ ਹੀ ਰੋਕਿਆ ਜਾ ਸਕਦਾ ਹੈ ਤੇ ਖੇਤੀ ਨੂੰ ਖੁਸ਼ਹਾਲ ਬਣਾਇਆ ਜਾ ਸਕਦਾ ਹੈ। ਇਸ ਮੌਕੇ ਪਿਆਰਾ ਸਿੰਘ, ਰੂਪ ਲਾਲ, ਰਮੇਸ਼ ਕੁਮਾਰ, ਓਮ ਪ੍ਰਕਾਸ਼, ਰਾਮ ਕ੍ਰਿਸ਼ਨ ਸਾਬਕਾ ਪੰਚ, ਅੰਜੂ ਦੇਵੀ, ਪੰਚ ਪੂਨਮ ਕੁਮਾਰੀ, ਸਰੋਜ ਕੁਮਾਰੀ, ਰਾਣੀ, ਮੀਨਾ ਕੁਮਾਰੀ, ਬਲਵਿੰਦਰ ਕੁਮਾਰ, ਮਹਿੰਦਰ ਕੁਮਾਰ ਪੰਚ ਆਦਿ ਹਾਜ਼ਰ ਸਨ।