ਵਿਧਾਇਕ ਡਾ.ਚਰਨਜੀਤ ਨੇ ਸ਼ੁਰੂ ਕਰਵਾਈ ਕਣਕ ਦੀ ਖਰੀਦ
ਅਨਾਜ ਮੰਡੀ ਮੋਰਿੰਡਾ ’ਚ ਵਿਧਾਇਕ ਡਾ.ਚਰਨਜੀਤ ਨੇ ਸ਼ੁਰੂ ਕਰਵਾਈ ਕਣਕ ਦੀ
Publish Date: Sat, 11 Apr 2026 04:41 PM (IST)
Updated Date: Sat, 11 Apr 2026 04:44 PM (IST)

ਅਮਰਜੀਤ ਧੀਮਾਨ, ਪੰਜਾਬੀ ਜਾਗਰਣ, ਮੋਰਿੰਡਾ : ਅਨਾਜ ਮੰਡੀ ਮੋਰਿੰਡਾ ਵਿਖੇ ਪਹੁੰਚੇ ਵਿਧਾਇਕ ਡਾ.ਚਰਨਜੀਤ ਸਿੰਘ ਵੱਲੋਂ ਕਣਕ ਦੀ ਖਰੀਦ ਸ਼ੁਰੂ ਕਰਵਾਈ ਗਈ। ਇਸ ਮੌਕੇ ਐਸਡੀਐਮ ਮਰਿੰਡਾ ਚੇਤਨ ਬੰਗੜ ਵੀ ਹਾਜ਼ਰ ਸਨ। ਇਸ ਮੌਕੇ ਵਿਧਾਇਕ ਡਾ.ਚਰਨਜੀਤ ਸਿੰਘ ਨੇ ਆੜ੍ਹਤੀਆਂ ਅਤੇ ਕਿਸਾਨਾਂ ਨਾਲ ਗੱਲਬਾਤ ਕਰਨ ਉਪਰੰਤ ਕਿਹਾ ਕਿ ਕਿਸਾਨ ਮੰਡੀ ਵਿਚ ਖਰੀਦ ਪ੍ਰਬੰਧਾਂ ਤੋਂ ਖੁਸ਼ ਹਨ। ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਮੌਸਮ ਖੁਸ਼ਗੁਵਾਰ ਹੋਣ ਕਾਰਨ ਕਣਕ ਦੀ ਵਾਢੀ ਠੀਕ ਹੋ ਰਹੀ ਹੈ ਅਤੇ ਮੰਡੀ ਵਿਚ ਕਣਕ ਦੀ ਆਮਦ ਵੀ ਵੱਧ ਗਈ ਹੈ ਅਤੇ ਖਰੀਦ ਸ਼ੁਰੂ ਹੋ ਗਈ ਹੈ। ਉਨ੍ਹਾਂ ਖੁਸ਼ਗਵਾਰ ਮੌਸਮ ਲਈ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਅਤੇ ਅਰਦਾਸ ਕੀਤੀ ਕਿ ਮੌਸਮ ਨੂੰ ਲੈ ਕੇ ਪਰਮਾਤਮਾ ਦੀ ਕਿਰਪਾ ਇਸੇ ਤਰ੍ਹਾਂ ਬਣੀ ਰਹੇ। ਉਨ੍ਹਾਂ ਕਿਹਾ ਕਿ ਮੰਡੀ ਵਿਚ ਖਰੀਦ ਦੇ ਸਾਰੇ ਪ੍ਰਬੰਧ ਮੁਕੰਮਲ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮੰਡੀਆਂ ’ਚੋਂ ਕਿਸਾਨਾਂ ਦਾ ਇੱਕ ਇੱਕ ਦਾਣਾ ਚੁੱਕਣ ਲਈ ਵਚਨਬੱਧ ਹੈ ਅਤੇ ਅਦਾਇਗੀ ਵੀ ਨਾਲ ਦੀ ਨਾਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੰਡੀ ਵਿਚ ਬਾਰਦਾਨਾ, ਲੇਬਰ ਅਤੇ ਟਰਾਂਸਪੋਰਟ ਦੇ ਵੀ ਮੁਕੰਮਲ ਪ੍ਰਬੰਧ ਹਨ ਅਤੇ ਕਿਸਾਨਾਂ ਨੂੰ ਕੋਈ ਵੀ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਜੁਝਾਰ ਸਿੰਘ ਮਾਵੀ, ਆੜ੍ਹਤੀ ਆਗੂ ਬਲਦੇਵ ਸਿੰਘ ਚੱਕਲ, ਮਨਦੀਪ ਸਿੰਘ ਰੌਣੀ ਆਦਿ ਨੇ ਕਿਹਾ ਕਿ ਕਿਸਾਨ ਝੋਨੇ ਦੀ ਫਸਲ ਖਰਾਬ ਹੋਣ ਕਾਰਨ ਨਿਰਾਸ਼ਾ ਵਿਚ ਸਨ ਪ੍ਰੰਤੂ ਹੁਣ ਇਸ ਇਲਾਕੇ ਵਿਚ ਮੌਸਮ ਠੀਕ ਰਹਿਣ ਕਾਰਨ ਕਿਸਾਨਾਂ ਦੇ ਚਿਹਰੇ ’ਤੇ ਖੁਸ਼ੀ ਹੈ। ਉਨ੍ਹਾਂ ਕਿਹਾ ਕਿ ਬਾਜ਼ਾਰਾਂ ਦੀ ਆਰਥਿਕਤਾ ਵੀ ਕਿਸਾਨਾਂ ਦੀ ਫਸਲ ’ਤੇ ਨਿਰਭਰ ਕਰਦੀ ਹੈ। ਇਸ ਮੌਕੇ ਕਿਸਾਨ ਅਮਨਦੀਪ ਸਿੰਘ ਲੁਠੇੜੀ ਅਤੇ ਕਰਮਜੀਤ ਸਿੰਘ ਫਤਿਹਪੁਰ ਨੇ ਕਿਹਾ ਕਿ ਮੰਡੀ ਵਿਚ ਕਿਸਾਨਾਂ ਨੂੰ ਹਰ ਤਰ੍ਹਾਂ ਦੀਆਂ ਸੁਵਿਧਾਵਾਂ ਮਿਲ ਰਹੀਆਂ ਹਨ ਅਤੇ ਮੌਸਮ ਠੀਕ ਹੋਣ ਕਾਰਨ ਵੀ ਕਿਸਾਨਾਂ ਦੇ ਚਿਹਰਿਆਂ ’ਤੇ ਖੁਸ਼ੀ ਦੀ ਲਹਿਰ ਹੈ। ਇਸ ਮੌਕੇ ਹਰਪ੍ਰੀਤ ਸਿੰਘ ਭੰਡਾਰੀ, ਗੁਰਮੀਤ ਸਿੰਘ ਸਿੱਧੂ, ਜਰਨੈਲ ਸਿੰਘ ਮੰਡੋਲੀ, ਹਰਮੇਲ ਸਿੰਘ ਰੰਗੀ, ਪਰਮਿੰਦਰ ਸਿੰਘ ਖੱਟੜਾ, ਮਾਰਕੀਟ ਕਮੇਟੀ ਚੇਅਰਮੈਨ ਐੱਨਪੀ ਰਾਣਾ, ਏਐੱਫਐੱਸਓ ਮੀਨਾ ਬੈਂਸ, ਮਾਰਕੀਟ ਕਮੇਟੀ ਸਕੱਤਰ ਵਰਿੰਦਰ ਸਿੰਘ, ਮੰਡੀ ਸੁਪਰਵਾਈਜ਼ਰ ਜਸਵੰਤ ਸਿੰਘ ਮਾਹਲ, ਐੱਸਡੀਐੱਮ ਦੇ ਸਹਾਇਕ ਜਸਪ੍ਰੀਤ ਸਿੰਘ ਕਲਸੀ, ਸਿਆਸੀ ਸਕੱਤਰ ਜਗਤਾਰ ਸਿੰਘ ਘੜੂੰਆਂ, ਪੀਏ ਸ਼੍ਰੀਚੰਦ, ਪਨਗਰੇਨ ਇੰਸਪੈਕਟਰ ਦਵਿੰਦਰ ਸਿੰਘ, ਮਾਰਕਫੈੱਡ ਇੰਸਪੈਕਟਰ ਸੁਨੀਲ ਕੁਮਾਰ, ਵੇਅਰਹਾਊਸ ਇੰਸਪੈਕਟਰ ਹਰਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ।