20 ਗ੍ਰਾਮ ਨਸ਼ੀਲੇ ਪਾਊਡਰ ਸਮੇਤ 2 ਨੌਜਵਾਨ ਗ੍ਰਿਫਤਾਰ
20 ਗ੍ਰਾਮ ਨਸ਼ੀਲੇ ਪਾਊਡਰ ਸਮੇਤ 2 ਨੌਜਵਾਨ ਗ੍ਰਿਫਤਾਰ
Publish Date: Sat, 04 Apr 2026 06:58 PM (IST)
Updated Date: Sat, 04 Apr 2026 07:01 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਰਿੰਡਾ:ਡੀਐੱਸਪੀ ਮੋਰਿੰਡਾ ਗੁਰਜੀਤ ਸਿੰਘ ਦੀ ਦੇਖਰੇਖ ਹੇਠ ਚਲਾਏ ਗਏ ਸਰਚ ਅਭਿਆਨ ਤਹਿਤ ਮੋਰਿੰਡਾ ਸਦਰ ਪੁਲਿਸ ਨੇ 2 ਨੌਜਵਾਨਾਂ ਨੂੰ 20 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਸਦਰ ਮੋਰਿੰਡਾ ਦੇ ਐੱਸਐੱਚਓ ਰਣਜੀਤ ਸਿੰਘ ਨੇ ਦੱਸਿਆ ਕਿ ਏਐੱਸਆਈ ਪਵਨਦੀਪ ਸਿੰਘ ਵੱਲੋਂ ਏਐੱਸਆਈ ਕਸ਼ਮੀਰ ਸਿੰਘ, ਹੌਲਦਾਰ ਜਗਤਾਰ ਸਿੰਘ, ਸੀਨੀਅਰ ਸਿਪਾਹੀ ਜਸਪਾਲ ਸਿੰਘ ਤੇ ਯਾਦਵਿੰਦਰ ਸਿੰਘ ਦੀ ਪੁਲਿਸ ਪਾਰਟੀ ਦੇ ਸਹਿਯੋਗ ਨਾਲ ਸਮਾਜ ਵਿਰੋਧੀ ਅਨਸਰਾਂ, ਨਸ਼ਾ ਤਸਕਰਾਂ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਸਬੰਧੀ ਮੋਰਿੰਡਾ-ਸ਼੍ਰੀ ਚਮਕੌਰ ਸਾਹਿਬ ਸੜਕ ’ਤੇ ਗਸ਼ਤ ਕੀਤੀ ਜਾ ਰਹੀ ਸੀ। ਇਸ ਦੌਰਾਨ ਜਦੋਂ ਪੁਲਿਸ ਪਾਰਟੀ ਪਿੰਡ ਚੱਕਲਾਂ ਤੋ ਪਿੰਡ ਸਮਾਣਾ ਖੁਰਦ ਵੱਲ ਜਾਂਦੇ ਹੋਏ ਟੀ-ਪੁਆਇੰਟ ’ਤੇ ਪਿੰਡ ਓਇੰਦ ਕੋਲ ਪਹੁੰਚੀ ਤਾਂ ਪਿੰਡ ਸਮਾਣਾ ਖੁਰਦ ਵੱਲ ਤੋਂ ਦੋ ਨੌਜਵਾਨ ਆਉਂਦੇ ਦਿਖਾਈ ਦਿੱਤੇ ਜੋ ਕਿ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਏ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਚੋਂ ਇੱਕ ਨੌਜਵਾਨ ਨੇ ਆਪਣੀ ਪੈਂਟ ਦੀ ਜੇਬ ਵਿੱਚੋਂ ਇੱਕ ਪਾਰਦਰਸ਼ੀ ਲਿਫਾਫਾ ਕੱਢ ਕੇ ਸੜਕ ਕਿਨਾਰੇ ਸੁੱਟ ਦਿੱਤਾ ਅਤੇ ਦੋਨੋਂ ਉੱਥੋਂ ਖਿਸਕਣ ਲੱਗੇ। ਇਨ੍ਹਾਂ ਨੌਜਵਾਨਾਂ ਨੂੰ ਏਐੱਸਆਈ ਪਵਨਦੀਪ ਸਿੰਘ ਵੱਲੋਂ ਪੁਲਿਸ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕੀਤਾ ਗਿਆ ਅਤੇ ਜਦੋਂ ਉਨ੍ਹਾਂ ਵੱਲੋਂ ਸੁੱਟੇ ਗਏ ਲਿਫਾਫੇ ਨੂੰ ਚੈੱਕ ਕੀਤਾ ਗਿਆ ਤਾਂ ਉਸ ਵਿੱਚੋਂ 20 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਗਏ ਨੌਜਵਾਨਾਂ ਦੀ ਪਛਾਣ ਹਰਸ਼ ਸ਼ਰਮਾ ਪੁੱਤਰ ਸ਼ੰਮੀ ਕੁਮਾਰ ਵਾਸੀ ਪਿੰਡ ਕਾਈਨੌਰ (ਰੂਪਨਗਰ) ਅਤੇ ਸ਼ੁਭਮ ਕੁਮਾਰ ਪੁੱਤਰ ਦਵਿੰਦਰ ਕੁਮਾਰ ਨਿਵਾਸੀ ਪਿੰਡ ਉੱਚਾ ਪਿੰਡ ਸੰਘੋਲ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਆਰੋਪੀ ਨੌਜਵਾਨਾਂ ਖਿਲਾਫ ਵਿਰੁੱਧ ਐਨਡੀਪੀਐਸ ਐਕਟ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।