ਬੇਮੌਸਮੇ ਮੀਂਹ ਨੇ ਕਿਸਾਨਾਂ ਦੀ ਵਧਾਈ ਚਿੰਤਾ, ਰੂਪਨਗਰ ਮੰਡੀ ਵਿਚ ਕਣਕ ਦੀ ਹੋਈ ਆਮਦ
ਬੇਮੌਸਮੇ ਮੀਂਹ ਨੇ ਕਿਸਾਨਾਂ ਦੀ ਵਧਾਈ ਚਿੰਤਾ, ਰੂਪਨਗਰ ਮੰਡੀ ਵਿਚ ਕਣਕ ਦੀ ਹੋਈ ਆਮਦ
Publish Date: Sat, 04 Apr 2026 05:35 PM (IST)
Updated Date: Sat, 04 Apr 2026 05:37 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ,
ਰੂਪਨਗਰ:ਜ਼ਿਲ੍ਹਾ ਰੂਪਨਗਰ ਵਿਚ ਅਪ੍ਰੈਲ ਦੇ ਪਹਿਲੇ ਹਫ਼ਤੇ ਹੀ ਬੇਮੌਸਮੇ ਮੀਂਹ ਨੇ ਕਿਸਾਨਾਂ ਦੀ ਜਾਨ ਮੁੱਠੀ ਵਿਚ ਲੈ ਆਂਦੀ ਹੈ। ਕਿਸਾਨ ਆਪਣੀ ਪੁੱਤਾਂ ਵਾਂਗ ਪਾਲੀ ਕਣਕ ਦੀ ਫਸਲ ਨੂੰ ਸੁਨਹਿਰੀ ਹੋਈ ਵੇਖ ਰੱਬ ਅੱਗੇ ਅਰਦਾਸਾਂ ਕਰ ਰਿਹਾ ਹੈ। ਸ਼ੁੱਕਰਵਾਰ ਸਵੇਰ ਤੋਂ ਕਦੇ ਬੱਦਲ ਕਦੇ ਧੁੱਪ ਤੇ ਕਰੀਬ ਸਾਢੇ ਪੰਜ ਵਜੇ ਜ਼ਿਲ੍ਹੇ ਦੇ ਕਈ ਹਿੱਸਿਆਂ ਵਿਚ ਪਏ ਮੀਂਹ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ, ਜਦਕਿ ਰੂਪਨਗਰ ਦੀ ਅਨਾਜ ਮੰਡੀ ਵਿਚ ਕਣਕ ਦੀ ਆਮਦ ਹੋਈ ਹੈ। ਉਨ੍ਹਾਂ ਦੇ ਮਨ ਵਿਚ ਵੀ ਡਰ ਹੈ ਕਿ ਜੇਕਰ ਮੀਂਹ ਪਿਆ ਤੇ ਤੇਜ਼ ਹਵਾ ਚੱਲੀ ਤਾਂ ਖੇਤਾਂ ਵਿਚ ਖੜੀ ਪੱਕੀ ਹੋਈ ਕਣਕ ਦੀ ਫਸਲ ਤਬਾਹ ਹੋ ਜਾਵੇਗੀ। ਇਸ ਦੇ ਨਾਲ ਕਿਸਾਨਾਂ ਦਾ ਵੱਡਾ ਆਰਥਿਕ ਨੁਕਸਾਨ ਹੋ ਸਕਦਾ ਹੈ।
ਉੱਧਰ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਵਿਨੈ ਕੁਮਾਰ ਨੇ ਕਿਹਾ ਕਿ ਇਸ ਸਮੇਂ ਕਣਕ ਦੀ ਫਸਲ ਪੱਕੀ ਹੋਈ ਹੈ ਅਤੇ ਜੇਕਰ ਹੁਣ ਮੀਂਹ ਤੇ ਹਵਾ ਚਲਦੀ ਹੈ ਤਾਂ ਫਸਲ ਦੇ ਡਿੱਗਣ ਨਾਲ ਕਿਸਾਨਾਂ ਦਾ ਕਾਫੀ ਆਰਥਿਕ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਵਿਭਾਗ ਦੇ ਖੇਤੀ ਮਾਹਰ ਆਪੋ ਆਪਣੇ ਬਲਾਕਾਂ ਵਿਚ ਕਿਸਾਨਾਂ ਨਾਲ ਰਾਬਤਾ ਬਣਾ ਕੇ ਜਾਣਕਾਰੀ ਤੇ ਉੱਚਿਤ ਸਲਾਹ ਦੇ ਰਹੇ ਹਨ।
ਉੱਧਰ ਬੀਕੇਯੂ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਰੇਸ਼ਮ ਸਿੰਘ ਬਹਿਡਾਲੀ ਤੇ ਬਲਾਕ ਪ੍ਰਧਾਨ ਮੋਹਰ ਸਿੰਘ ਖਾਬੜਾ, ਸ਼ੇਰ-ਏ-ਪੰਜਾਬ ਕਿਸਾਨ ਜੱਥੇਬੰਦੀ ਦੇ ਆਗੂ ਕੁਲਵਿੰਦਰ ਸਿੰਘ ਪੰਜੋਲਾ ਆਦਿ ਨੇ ਕਿਹਾ ਕਿ ਕਣਕ ਦੀ ਫਸਲ ਖੇਤ ਵਿਚ ਪੱਕੀ ਖੜੀ ਹੈ ਅਤੇ ਕਈ ਥਾਂਵਾਂ ‘ਤੇ ਕਣਕ ਦੀ ਆਮਦ ਹੋਣ ਦਾ ਪਤਾ ਲੱਗਾ ਹੈ। ਉਨ੍ਹਾਂ ਕਿਹਾ ਕਿ ਹੁਣ ਤਾਂ ਰੱਬ ਮੇਹਰ ਰੱਖੇ ਨਹੀਂ ਤਾਂ ਕਿਸਾਨਾਂ ਨੂੰ ਆਰਥਿਕ ਨੁਕਸਾਨ ਹੋ ਸਕਦਾ ਹੈ। ਉੱਧਰ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਅਵਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਕਣਕ ਆਈ ਸੀ ਪ੍ਰੰਤੂ ਮੌਸਮ ਦੇ ਚੱਲਦਿਆਂ ਬੋਲੀ ਨਹੀਂ ਹੋ ਸਕੀ। ਉਨ੍ਹਾਂ ਕਿਹਾ ਕਿ ਕਿਸਾਨ ਵੀਰਾਂ ਨੂੰ ਅਪੀਲ ਹੈ ਕਿ ਕਣਕ ਦੀ ਕਟਾਈ ਮੌਸਮ ਨੂੰ ਦੇਖ ਕੇ ਕੀਤੀ ਜਾਵੇ ਤਾਂ ਕਣਕ ਦੀ ਖਰੀਦ ਸਮੇਂ ਖਰੀਦ ਏਜੰਸੀਆ ਨੂੰ ਕੋਈ ਦਿੱਕਤ ਨਾ ਆਵੇ।