ਢੇਰੋਂਵਾਲ ਬੈਰੀਅਰ ‘ਤੇ ਐਂਟਰੀ ਟੈਕਸ ਖ਼ਿਲਾਫ਼ ਵੱਖ ਵੱਖ ਜਥੇਬੰਦੀਆਂ ਨੇ ਦਿੱਤਾ ਧਰਨਾ
ਢੇਰੋਂਵਾਲ ਬੈਰੀਅਰ ‘ਤੇ ਐਂਟਰੀ ਟੈਕਸ ਖ਼ਿਲਾਫ਼ ਵੱਖ ਵੱਖ ਜਥੇਬੰਦੀਆਂ ਨੇ ਦਿੱਤਾ ਧਰਨਾ , ਵਿਧਾਇਕ ਚੱਢਾ ਹੋਏ ਸ਼ਾਮਲ
Publish Date: Wed, 01 Apr 2026 06:38 PM (IST)
Updated Date: Wed, 01 Apr 2026 06:40 PM (IST)

ਜਦੋਂ ਤੱਕ ਐਂਟਰੀ ਟੈਕਸ ਖਤਮ ਨਹੀਂ ਹੁੰਦਾ, ਉਹ ਲੋਕਾਂ ਨਾਲ ਮੈਦਾਨ ‘ਚ ਡਟੇ ਰਹਿਣਗੇ : ਚੱਢਾ ਪੁਸ਼ਵਿੰਦਰ ਗੋਲੀਆ,ਪੰਜਾਬੀ ਜਾਗਰਣ, ਘਨੌਲੀ : ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਲਗਾਏ ਗਏ ਐਂਟਰੀ ਟੈਕਸ ਦੇ ਵਿਰੋਧ ‘ਚ ਘਨੌਲੀ ਨਾਲਾਗੜ੍ਹ੍ ਸੜਕ ‘ਤੇ ਢੇਰੋਂਵਾਲ ਹਿਮਾਚਲ ਐਂਟਰੀ ਬੈਰੀਅਰ ‘ਤੇ ਵੱਖ ਵੱਖ ਜਥੇਬੰਦੀਆ ਵੱਲੋਂ ਦਿੱਤੇ ਜਾ ਰਹੇ ਧਰਨੇ ਵਿਚ ਬੁੱਧਵਾਰ ਨੂੰ ਹਲਕਾ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਆਪਣੀ ਪਾਰਟੀ ਆਮ ਆਦਮੀ ਪਾਰਟੀ ਦੀ ਟੀਮ ਅਤੇ ਸਾਥੀਆਂ ਸਮੇਤ ਮੌਕੇ ‘ਤੇ ਪੁੱਜੇ ਅਤੇ ਧਰਨਾਕਾਰੀਆਂ ਨਾਲ ਡਟ ਕੇ ਖੜ੍ਹਨ ਦਾ ਐਲਾਨ ਕੀਤਾ। ਸਮੂਹ ਕਿਸਾਨ ਜਥੇਬੰਦੀਆਂ ਤੇ ਹੋਰਨਾਂ ਵੱਖ-ਵੱਖ ਜੱਥੇਬੰਦੀਆਂ ਦੀ ਅਗਵਾਈ ਵਿਚ ਲੱਗੇ ਧਰਨੇ ਦੌਰਾਨ ਜਿੱਥੇ ਵੱਖ-ਵੱਖ ਬੁਲਾਰਿਆਂ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਹਿਮਾਚਲ ਦੀ ਕਾਂਗਰਸ ਸਰਕਾਰ ਦਾ ਵਿਰੁੱਧ ਆਪਣੀ ਭੜਾਸ ਕੱਢੀ , ਉੱਥੇ ਹੀ ਦੇਖਦਿਆਂ ਦੇਖਦਿਆਂ ਹਿਮਾਚਲ ਪਾਸੇ ਅਤੇ ਪੰਜਾਬ ਪਾਸੇ ਵਾਹਨਾਂ ਦੀਆਂ ਲੰਬੀਆਂ ਲੰਬੀਆਂ ਕਤਾਰਾਂ ਲੱਗ ਗਈਆਂ । ਇਸ ਦੌਰਾਨ ਹਿਮਾਚਲ ਦੇ ਪ੍ਰਸ਼ਾਸਨਿਕ ਅਧਿਕਾਰੀ ਤੇ ਤਹਿਸੀਲਦਾਰ ਧਰਨਾਕਾਰੀਆਂ ਨੂੰ ਸ਼ਾਂਤ ਕਰਵਾਉਣ ਦੇ ਲਈ ਪਹੁੰਚੇ ਪਰੰਤੂ ਉਨ੍ਹਾਂ ਨੂੰ ਸਥਾਨਿਕ ਧਰਨਾਕਾਰੀਆਂ ਤੇ ਹਲਕਾ ਵਿਧਾਇਕ ਦੇ ਤਿੱਖੇ ਸਵਾਲਾਂ ਦਾ ਜਵਾਬ ਦੇਣਾ ਪਿਆ ਅਤੇ ਉਹ ਸਵਾਲਾਂ ਤੋਂ ਭੱਜਦੇ ਨਜ਼ਰ ਆਏ । ਇਸ ਦੌਰਾਨ ਨਾਲਾਗੜ੍ਹ ਦੇ ਐਸਡੀਐਮ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਧਰਨਾਕਾਰੀਆਂ ਨੂੰ ਵਿਸ਼ਵਾਸ ਦਵਾਇਆ ਕਿ ਜਿੱਥੇ ਇਹ ਹਿਮਾਚਲ ਐਂਟਰੀ ਟੈਕਸ ਟੋਲ 24 ਘੰਟੇ ਲਈ ਫਰੀ ਕਰ ਦਿੱਤਾ ਗਿਆ ਹੈ ਉੱਥੇ ਹੀ ਜਦੋਂ ਤੱਕ ਕੋਈ ਫੈਸਲਾ ਨਹੀਂ ਹੋ ਜਾਂਦਾ ਉਦੋਂ ਤੱਕ ਪੁਰਾਣਾ ਹੀ ਟੈਕਸ ਵਸੂਲਿਆ ਜਾਵੇਗਾ । ਜੱਥੇਬੰਦੀਆਂ ਵੱਲੋਂ ਹਿਮਾਚਲ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ 10 ਦਿਨ ਦਾ ਸਮਾਂ ਦਿੱਤਾ ਹੈ ਜੇਕਰ ਇਸ ਮਸਲੇ ਦਾ ਪੱਕਾ ਹੱਲ ਨਹੀਂ ਹੁੰਦਾ ਤਾ ਅਣਮਿੱਥੇ ਸਮੇਂ ਲਈ ਹਿਮਾਚਲ ਦੇ ਐਂਟਰੀ ਨੂੰ ਬੰਦ ਕਰ ਦਿੱਤਾ ਜਾਵੇਗਾ । ਧਰਨੇ ਨੂੰ ਸੰਬੋਧਨ ਕਰਦਿਆਂ ਵਿਧਾਇਕ ਚੱਢਾ ਨੇ ਕਿਹਾ ਕਿ ਉਹ ਪਹਿਲਾਂ ਹੀ ਪੰਜਾਬ ਵਿਧਾਨ ਸਭਾ ਵਿਚ ਇਸ ਮੁੱਦੇ ਨੂੰ ਜ਼ੋਰਦਾਰ ਢੰਗ ਨਾਲ ਚੁੱਕ ਚੁੱਕੇ ਹਨ, ਜਿਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਵੀ ਵਾਪਸੀ ‘ਚ ਐਂਟਰੀ ਟੈਕਸ ਲਗਾਉਣ ਦੀ ਸੰਭਾਵਨਾ ਜਤਾਈ ਗਈ ਸੀ। ਉਨ੍ਹਾਂ ਕਿਹਾ ਕਿ ਭਾਵੇਂ ਹਿਮਾਚਲ ਦੇ ਮੁੱਖ ਮੰਤਰੀ ਵੱਲੋਂ ਵਾਧਾ ਵਾਪਸ ਲੈਣ ਦੀ ਗੱਲ ਕੀਤੀ ਗਈ ਹੈ, ਪਰ ਲੋਕਾਂ ਦਾ ਗੁੱਸਾ ਠੰਡਾ ਨਹੀਂ ਹੋਇਆ ਕਿਉਂਕਿ ਉਹ ਟੈਕਸ ਨੂੰ ਪੂਰੀ ਤਰ੍ਹਾਂ ਰੱਦ ਕਰਵਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾਕਿ ਹਿਮਾਚਲ ਦੀ ਕਾਂਗਰਸ ਸਰਕਾਰ ‘ਤੇ ਸਾਧਿਆ। ਉਨ੍ਹਾਂ ਕਿਹਾ ਕਿ ਇਹ ਟੈਕਸ ਨਾ ਸਿਰਫ਼ ਗਲਤ ਹੈ, ਸਗੋਂ “ਗੈਰ-ਸੰਵਿਧਾਨਕ” ਹੈ। ਉਨ੍ਹਾਂ ਦਲੀਲ ਦਿੱਤੀ ਕਿ ਇੱਕ ਹੀ ਦੇਸ਼ ਦੇ ਅੰਦਰ ਇਕ ਰਾਜ ਤੋਂ ਦੂਜੇ ਰਾਜ ਵਿੱਚ ਜਾਣ ‘ਤੇ ਟੈਕਸ ਲਗਾਉਣਾ ਲੋਕਾਂ ਦੀ ਆਜ਼ਾਦ ਆਵਾਜਾਈ ਦੇ ਅਧਿਕਾਰ ‘ਤੇ ਸਿੱਧਾ ਹਮਲਾ ਹੈ। ਉਨ੍ਹਾਂ ਹਿਮਾਚਲ ਸਰਕਾਰ ‘ਤੇ ਦੋਹਰੇ ਮਾਪਦੰਡਾਂ ਦੇ ਦੋਸ਼ ਲਗਾਉਂਦਿਆਂ ਕਿਹਾ ਕਿ 1975 ਦੇ ਕਾਨੂੰਨ ਦਾ ਹਵਾਲਾ ਦੇ ਕੇ ਬਾਹਰਲੇ ਸੂਬਿਆਂ ਦੀਆਂ ਗੱਡੀਆਂ ‘ਤੇ ਟੈਕਸ ਲਗਾਇਆ ਜਾ ਰਿਹਾ ਹੈ, ਜਦਕਿ ਹਿਮਾਚਲ ਦੀਆਂ ਆਪਣੀਆਂ ਗੱਡੀਆਂ ਨੂੰ ਇਸ ਤੋਂ ਬਾਹਰ ਰੱਖਣਾ “ਖੁੱਲਾ ਅਨਿਆਇ” ਹੈ। ਚੱਢਾ ਨੇ ਇਹ ਵੀ ਕਿਹਾ ਕਿ ਇਹ ਕਦਮ ਸਿਰਫ਼ ਪੰਜਾਬ ਹੀ ਨਹੀਂ, ਸਗੋਂ ਪੂਰੇ ਦੇਸ਼ ਦੇ ਲੋਕਾਂ ਨਾਲ ਧੋਖਾ ਹੈ। ਚੱਢਾ ਨੇ ਧਰਨਾਕਾਰੀਆਂ ਨੂੰ ਸੰਘਰਸ਼ ਹੋਰ ਤਿੱਖਾ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਜਦ ਤੱਕ ਐਂਟਰੀ ਟੈਕਸ ਪੂਰੀ ਤਰ੍ਹਾਂ ਖਤਮ ਨਹੀਂ ਹੁੰਦਾ, ਉਹ ਲੋਕਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਮੈਦਾਨ ‘ਚ ਡਟੇ ਰਹਿਣਗੇ।ਇਸ ਮੌਕੇ ਵੱਖ ਵੱਖ ਕਿਸਾਨ ਜੱਥੇਬੰਦੀਆਂ ਦੇ ਆਗੂ ਭਾਰਤੀ ਕਿਸਾਨ ਯੂਨੀਅਨ, ਸ਼ੇਰੇ ਪੰਜਾਬ ਕਿਸਾਨ ਯੂਨੀਅਨ, ਕਿਰਤੀ ਕਿਸਾਨ ਯੂਨੀਅਨ, ਸਰਬਜੀਤ ਸਿੰਘ ਚਾਹਲ, ਅਵਤਾਰ ਸਿੰਘ, ਵਿੱਕੀ ਧੀਮਾਨ, ਪ੍ਰਗਟ ਸਿੰਘ ਘਨੌਲੀ, ਸਵਰਨਜੀਤ ਸਿੰਘ ਬੋਬੀ ਬਹਾਦਰਪੁਰ, ਸਰਪੰਚ ਸੁਖਜਿੰਦਰ ਸਿੰਘ ਜੋਹਲ, ਸਾਬਕਾ ਸਰਪੰਚ ਤਜਿੰਦਰ ਸਿੰਘ ਸੋਨੀ , ਅਮਰਾਓ ਸਿੰਘ ਮੱਧੋ ਮਾਜਰਾ, ਪੰਚ ਪ੍ਰਦੀਪ ਸਿੰਘ ਦਸਮੇਸ਼ ਨਗਰ , ਸਰਪੰਚ ਹਰਜਿੰਦਰ ਸਿੰਘ ਲਾਡਾ ਮਕੌੜੀ , ਸਮੇਤ ਵੱਖ ਵੱਖ ਪਿੰਡਾਂ ਦੇ ਸਰਪੰਚ ਪੰਚ ਵੱਖ-ਵੱਖ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ।