ਜਰਮਨ ਭੇਜਣ ਦਾ ਝਾਂਸਾ ਦੇ ਕੇ ਠੱਗੀ ਮਾਰਨ ਵਾਲੇ ਟਰੈਵਲ ਏਜੰਟ ਪਤੀ ਪਤਨੀ ਖਿਲਾਫ ਮਾਮਲਾ ਦਰਜ
ਜਰਮਨ ਭੇਜਣ ਦਾ ਝਾਂਸਾ ਦੇ ਕੇ ਸਾਢੇ45 ਲੱਖ ਦੀ ਠੱਗੀ ਮਾਰਨ ਵਾਲੇ ਟਰੈਵਲ ਏਜੰਟ ਪਤੀ ਪਤਨੀ ਖਿਲਾਫ ਮਾਮਲਾ ਦਰਜ
Publish Date: Mon, 30 Mar 2026 04:47 PM (IST)
Updated Date: Mon, 30 Mar 2026 04:51 PM (IST)

ਅਸ਼ੋਕ ਕੁਮਾਰ ਚੇਤਲ, ਪੰਜਾਬੀ ਜਾਗਰਣ ਸ੍ਰੀ ਚਮਕੌਰ ਸਾਹਿਬ/ ਬੇਲਾ : ਸ੍ਰੀ ਚਮਕੌਰ ਸਾਹਿਬ ਪੁਲਿਸ ਨੇ ਮੋਰਿੰਡਾ ਦੇ ਇੱਕ ਟਰੈਵਲ ਏਜੰਟ ਤੇ ਉਸ ਦੀ ਪਤਨੀ ਖਿਲਾਫ ਇਲਾਕੇ ਦੇ ਅੱਧੀ ਦਰਜਨ ਦੇ ਕਰੀਬ ਨੌਜਵਾਨਾਂ ਨੂੰ ਜਰਮਨ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਤੇ ਧੋਖਾਦੇਹੀ ਕਰਨ ਸਬੰਧੀ ਮੁਕਦਮਾ ਦਰਜ ਕਰਕੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ । ਐਸਐਚਓ ਚਮਕੌਰ ਸਾਹਿਬ ਰਜਿੰਦਰ ਕੁਮਾਰ ਨੇ ਦੱਸਿਆ ਕਿ ਬਹਾਦਰ ਸਿੰਘ ਪੁੱਤਰ ਰਘਵੀਰ ਸਿੰਘ ਵਾਸੀ ਪਿੰਡ ਦੁੱਗਰੀ ,ਥਾਣਾ ਸ੍ਰੀ ਚਮਕੌਰ ਸਾਹਿਬ ਵੱਲੋਂ ਦਸੰਬਰ 2025 ਵਿਚ ਐਸਐਸਪੀ ਮਨਿੰਦਰ ਸਿੰਘ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਸੀ ਕਿ ਉਹ ਸ੍ਰੀ ਚਮਕੌਰ ਸਾਹਿਬ ਵਿਖੇ ਗੱਡੀਆਂ ਦੀ ਡੈਂਟਿੰਗ ਪੇਂਟਿੰਗ ਦੀ ਵਰਕਸ਼ਾਪ ਕਰਦਾ ਹੈ, ਜਿੱਥੇ ਹਰਪ੍ਰੀਤ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਸ਼ਹੀਦ ਭਗਤ ਸਿੰਘ ਕਲੋਨੀ ਮੋਰਿੰਡਾ ਅਤੇ ਉਸ ਦੀ ਪਤਨੀ ਗੁਰਦੀਪ ਕੌਰ ਉਰਫ ਰਮਨ ਆਪਣੀ ਗੱਡੀ ਦਾ ਕੰਮ ਕਾਰ ਕਰਵਾਉਣ ਲਈ ਅਕਸਰ ਆਉਂਦੇ ਜਾਂਦੇ ਰਹਿੰਦੇ ਸਨ। ਇਸੇ ਦੌਰਾਨ ਉਨ੍ਹਾਂ ਦੇ ਆਪਸ ਵਿਚ ਪਰਿਵਾਰਿਕ ਰਿਸ਼ਤੇ ਬਣ ਗਏ, ਜਿਸ ਦੌਰਾਨ ਹਰਪ੍ਰੀਤ ਸਿੰਘ ਨੇ ਉਸ ਨੂੰ ਦੱਸਿਆ ਕਿ ਉਹ ਜਰਮਨ ਦੇ ਸ਼ਹਿਰ ਬਰਲਿਨ ਵਿਚ ਆਪਣਾ ਰੈਸਟੋਰੈਂਟ ਖੋਲਣਾ ਚਾਹੁੰਦਾ ਹੈ ਜਿਸ ਲਈ ਉਸ ਨੂੰ ਵਰਕਰਾ ਦੀ ਲੋੜ ਹੈ। ਉਸ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਨੇ ਉਸ ਨੂੰ ਇਹ ਵੀ ਦੱਸਿਆ ਕਿ ਜਰਮਨ ਜਾਣ ਵਾਲੇ ਤੋਂ ਪ੍ਰਤੀ ਵਿਅਕਤੀ 12 ਲੱਖ ਰੁਪਏ ਲੈ ਜਾਣਗੇ ਅਤੇ ਉਸ ਨੂੰ 1.80 ਹਜਾਰ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ , ਜਿਸ ਕਾਰਨ ਉਹ ਹਰਪ੍ਰੀਤ ਸਿੰਘ ਦੀਆਂ ਗੱਲਾਂ ਵਿਚ ਆ ਗਿਆ ਅਤੇ ਉਹ ਆਪਣੇ ਤਿੰਨ ਭਤੀਜਿਆਂ ਹਰਮਨ ਸਿੰਘ ਪੁੱਤਰ ਹਰਵਿੰਦਰ ਸਿੰਘ , ਜਸ਼ਨਪ੍ਰੀਤ ਸਿੰਘ ਪੁੱਤਰ ਚਰਨਜੀਤ ਸਿੰਘ ਅਤੇ ਲਵਪ੍ਰੀਤ ਸਿੰਘ ਪੁੱਤਰ ਚਰਨਜੀਤ ਸਿੰਘ ਨੂੰ ਭੇਜਣ ਦੀ ਸਹਿਮਤ ਹੋ ਗਿਆ। ਇਸੇ ਤਰ੍ਹਾਂ ਹਰਪ੍ਰੀਤ ਸਿੰਘ ਨੇ ਉਸ ਨੂੰ ਕਿਹਾ ਕਿ ਤੁਹਾਡੇ ਕੋਲ ਜਿੰਨੀ ਰਕਮ ਬਣਦੀ ਹੈ, ਓਨੀ ਅਦਾ ਕਰ ਦਿੱਤੀ ਜਾਵੇ , ਬਾਕੀ ਦੀ ਰਕਮ ਜਾਣ ਵਾਲੇ ਵਿਅਕਤੀਆਂ ਦੀ ਤਨਖਾਹ ਵਿੱਚੋਂ ਕੱਟ ਲਈ ਜਾਵੇਗੀ। ਸ਼ਿਕਾਇਤਕਰਤਾ ਅਨੁਸਾਰ ਉਸ ਨੇ ਆਪਣੇ ਤਿੰਨ ਭਤੀਜਿਆਂ ਦੇ 18 ਲੱਖ ਰੁਪਏ, ਨਰਿੰਦਰ ਸਿੰਘ ਪੁੱਤਰ ਤਰਲੋਚਨ ਸਿੰਘ ਵਾਸੀ ਪਿੰਡ ਭੱਕੂਮਾਜਰਾ ਨੇ 5.50 ਲੱਖ ਰੁਪਏ, ਮੰਗਤ ਰਾਮ ਵਾਸੀ ਪਿੰਡ ਰਸੀਦਪੁਰ ਵੱਲੋਂ ਆਪਣੇ ਦੋ ਬੱਚਿਆਂ ਦੇ 7 ਲੱਖ ਰੁਪਏ ਹਰਪ੍ਰੀਤ ਸਿੰਘ ਨੂੰ ਉਸ ਦੀ ਵਰਕਸ਼ਾਪ ਵਿਚ ਨਗਦ ਦਿੱਤੇ ਗਏ। ਇਸ ਤੋਂ ਬਿਨਾਂ ਹਰਪ੍ਰੀਤ ਸਿੰਘ ਨੂੰ ਈਸ਼ਾਂਤ ਸ਼ਰਮਾ ਪੁੱਤਰ ਰਜਿੰਦਰ ਕੁਮਾਰ ਵਾਸੀ ਪਿੰਡ ਮਾਣੇਮਾਜਰਾ ਹਾਲ ਵਾਸੀ ਮੋਰਿਡਾ ਨੇ 5 ਲੱਖ ਰੁਪਏ, ਨਰਿੰਦਰ ਸਿੰਘ ਵਾਸੀ ਪਿੰਡ ਮਨੈਲੀ ਨੇ 5 ਲੱਖ ਰੁਪਏ, ਅਤੇ ਚਰਨਜੀਤ ਸਿੰਘ ਪੁੱਤਰ ਸਰੂਪ ਸਿੰਘ ਵਾਸੀ ਪਿੰਡ ਅਟਾਰੀ ਥਾਣਾ ਸ੍ਰੀ ਚਮਕੌਰ ਸਾਹਿਬ ਵੱਲੋਂ ਵੀ 5 ਲੱਖ ਰੁਪਏ ਦਿੱਤੇ ਗਏ ਸਨ। ਪਰੰਤੂ ਜਦੋਂ ਕਾਫੀ ਸਮੇਂ ਬਾਅਦ ਵੀ ਹਰਪ੍ਰੀਤ ਸਿੰਘ ਉਪਰੋਕਤ ਸਾਰਿਆਂ ਨੂੰ ਜਰਮਨ ਨਾ ਲਿਜਾ ਸਕਿਆ, ਤਾਂ ਉਨ੍ਹਾਂ ਸਾਰਿਆਂ ਨੇ ਮੋਰਿੰਡਾ ਵਿਖੇ ਪਹੁੰਚ ਕੇ ਹਰਪ੍ਰੀਤ ਸਿੰਘ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਪ੍ਰੰਤੁ ਉਹ ਆਪਣੀ ਪਤਨੀ ਨਾਲ ਗੱਡੀ ਨੰਬਰ ਪੀਬੀ 10 ਜੀ ਆਰ- 3021 ਵਿਚ ਸਵਾਰ ਹੋਕੇ ਉਨਾਂ ਨੂੰ ਬਿਨਾਂ ਮਿਲਿਆਂ ਹੀ ਘਰੋ ਬਾਹਰ ਚਲੇ ਗਏ ਅਤੇ ਜਦੋਂ ਉਨ੍ਹਾਂ ਨੇ ਹਰਪ੍ਰੀਤ ਸਿੰਘ ਤੇ ਉਸ ਦੀ ਪਤਨੀ ਤੇ ਫੋਨ ਰਾਹੀਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਦੋਨਾਂ ਦੇ ਫੋਨ ਬੰਦ ਆਏ। ਐਸਐਚਓ ਰਜਿੰਦਰ ਕੁਮਾਰ ਨੇ ਦੱਸਿਆ ਕਿ ਬਹਾਦਰ ਸਿੰਘ ਵੱਲੋਂ ਦਿੱਤੀ ਸ਼ਿਕਾਇਤ ਦੀ ਪੜਤਾਲ ਮਨਜੀਤ ਸਿੰਘ ਔਲਖ ਡੀਐਸਪੀ ਵੱਲੋਂ ਕੀਤੀ ਗਈ, ਜਿਨਾਂ ਵੱਲੋਂ ਪੜਤਾਲ ਦੌਰਾਨ ਹਰਪ੍ਰੀਤ ਸਿੰਘ ਤੇ ਉਸ ਦੀ ਪਤਨੀ ਵੱਲੋਂ ਪਹਿਲਾਂ ਤੋਂ ਹੀ ਮਨ ਵਿਚ ਬਦਨੀਤੀ ਕਾਰਨ ਅਤੇ ਲਾਲਚ ਵਸ ਉਕਤ ਨੌਜਵਾਨਾਂ ਨਾਲ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 45.50 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ਾਂ ਨੂੰ ਸਹੀ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਡੀਏ ਲੀਗਲ ਦੀ ਰਾਏ ਲੈਣ ਅਤੇ ਐਸਐਸਪੀ ਰੂਪਨਗਰ ਦੀ ਪ੍ਰਵਾਨਗੀ ਮਿਲਣ ਉਪਰੰਤ ਹਰਪ੍ਰੀਤ ਸਿੰਘ ਅਤੇ ਉਸ ਦੀ ਪਤਨੀ ਗੁਰਦੀਪ ਕੌਰ ਉਰ ਰਮਨ ਖਿਲਾਫ ਬੀਐਨਐਸ ਦੀ ਧਾਰਾ 318 ਅਤੇ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ ਦੀ ਧਾਰਾ 13 ਤਹਿਤ ਮੁਕੱਦਮ ਦਰਜ ਕਰਕੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।