ਬਲਾਕ ਸੰਮਤੀ ਰੂਪਨਗਰ ਦੇ ਨਵੇਂ ਚੇਅਰਮੈਨ ਤੇ ਵਾਈਸ ਚੇਅਰਮੈਨ ਦੀ ਤਾਜਪੋਸ਼ੀ
ਵਿਧਾਇਕ ਚੱਢਾ ਨੇ ਕਰਵਾਈ ਬਲਾਕ ਸੰਮਤੀ ਰੂਪਨਗਰ ਦੇ ਨਵੇਂ ਚੇਅਰਮੈਨ ਤੇ ਵਾਈਸ
Publish Date: Fri, 27 Mar 2026 05:52 PM (IST)
Updated Date: Fri, 27 Mar 2026 05:56 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਬੀਡੀਪੀਓ ਦਫਤਰ ਰੂਪਨਗਰ ਵਿਖੇ ਬੀਤੇ ਦਿਨੀਂ ਬਲਾਕ ਸੰਮਤੀ ਰੂਪਨਗਰ ਲਈ ਨਿਯੁਕਤ ਕੀਤੇ ਗਏ ਨਵੇਂ ਚੇਅਰਮੈਨ ਮਲਕੀਤ ਸਿੰਘ ਭੰਗੂ ਅਤੇ ਵਾਈਸ ਚੇਅਰਮੈਨ ਮਨਜੀਤ ਕੌਰ ਦਾ ਤਾਜਪੋਸ਼ੀ ਸਮਾਰੋਹ ਸ਼ਾਨੋ-ਸ਼ੌਕਤ ਨਾਲ ਆਯੋਜਿਤ ਕੀਤਾ ਗਿਆ। ਇਸ ਮੌਕੇ ਹਲਕਾ ਵਿਧਾਇਕ ਰੂਪਨਗਰ ਦਿਨੇਸ਼ ਚੱਢਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਉਨ੍ਹਾਂ ਵੱਲੋਂ ਦੋਵੇਂ ਅਹੁਦੇਦਾਰਾਂ ਨੂੰ ਸਨਮਾਨਿਤ ਕਰਦੇ ਹੋਏ ਤਾਜਪੋਸ਼ੀ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਵਿਧਾਇਕ ਦਿਨੇਸ਼ ਚੱਢਾ ਨੇ ਕਿਹਾ ਕਿ ਬਲਾਕ ਸੰਮਤੀ ਪਿੰਡ ਪੱਧਰ ’ਤੇ ਵਿਕਾਸ ਦੀ ਰੀੜ੍ਹ ਦੀ ਹੱਡੀ ਹੈ ਅਤੇ ਇਸ ਦੀ ਮਜ਼ਬੂਤੀ ਨਾਲ ਹੀ ਇਲਾਕੇ ਵਿਚ ਤਰੱਕੀ ਦੀ ਰਫ਼ਤਾਰ ਤੇਜ਼ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਨਵੀਂ ਟੀਮ ਤੋਂ ਉਮੀਦ ਹੈ ਕਿ ਉਹ ਲੋਕਾਂ ਦੇ ਮੁੱਦਿਆਂ ਨੂੰ ਤਰਜੀਹ ਦੇ ਅਧਾਰ ’ਤੇ ਸੁਣੇਗੀ ਅਤੇ ਵਿਕਾਸੀ ਕੰਮਾਂ ਨੂੰ ਤੇਜ਼ੀ ਨਾਲ ਅਮਲ ਵਿਚ ਲਿਆਏਗੀ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ-ਭਲਾਈ ਯੋਜਨਾਵਾਂ ਦਾ ਲਾਭ ਹਰੇਕ ਹੱਕਦਾਰ ਤੱਕ ਪਹੁੰਚਾਉਣਾ ਹੀ ਉਨ੍ਹਾਂ ਦੀ ਸਾਂਝੀ ਜ਼ਿੰਮੇਵਾਰੀ ਹੈ।\ ਇਸ ਮੌਕੇ ਨਵੇਂ ਚੇਅਰਮੈਨ ਮਲਕੀਤ ਸਿੰਘ ਭੰਗੂ ਨੇ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਦੇ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਬਲਾਕ ਦੇ ਹਰ ਪਿੰਡ ਵਿਚ ਬਿਨ੍ਹਾਂ ਕਿਸੇ ਭੇਦਭਾਵ ਦੇ ਵਿਕਾਸ ਕਰਨਾ ਉਨ੍ਹਾਂ ਦੀ ਪਹਿਲ ਰਹੇਗੀ ਅਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਤੁਰੰਤ ਹੱਲ੍ਹ ਕਰਨ ਲਈ ਉਹ ਹਰ ਵੇਲੇ ਉਪਲੱਬਧ ਰਹਿਣਗੇ। ਵਾਈਸ ਚੇਅਰਮੈਨ ਮਨਜੀਤ ਕੌਰ ਨੇ ਕਿਹਾ ਕਿ ਉਹ ਸੰਮਤੀ ਮੈਂਬਰਾਂ ਅਤੇ ਪੰਚਾਇਤਾਂ ਨਾਲ ਮਿਲ ਕੇ ਟੀਮਵਰਕ ਰਾਹੀਂ ਇਲਾਕੇ ਦੇ ਵਿਕਾਸ ਨੂੰ ਨਵੀਂ ਦਿਸ਼ਾ ਦੇਣਗੇ। ਉਨ੍ਹਾਂ ਕਿਹਾ ਕਿ ਪਾਰਦਰਸ਼ੀ ਪ੍ਰਸ਼ਾਸਨ ਅਤੇ ਲੋਕਾਂ ਨਾਲ ਸਿੱਧੀ ਸੰਵਾਦ ਪ੍ਰਕਿਰਿਆ ਉਨ੍ਹਾਂ ਦੀ ਕਾਰਗੁਜ਼ਾਰੀ ਦਾ ਕੇਂਦਰ ਰਹੇਗੀ। ਇਸ ਸਮਾਗਮ ਦੇ ਅੰਤ ਵਿਚ ਇਲਾਕਾ ਵਾਸੀਆਂ ਨੇ ਨਵੇਂ ਅਹੁੱਦੇਦਾਰਾਂ ਨੂੰ ਵਧਾਈਆਂ ਦਿੱਤੀਆਂ। ਇਸ ਮੌਕੇ ਚੇਅਰਮੈਨ ਸ਼ਿਵ ਕੁਮਾਰ ਲਾਲਪੁਰਾ, ਚੇਅਰਮੈਨ ਭਾਗ ਸਿੰਘ ਮੈਦਾਨ, ਯੂਥ ਜ਼ਿਲ੍ਹਾ ਪ੍ਰਧਾਨ ਚੇਤਨ ਕਾਲੀਆ, ਚੇਅਰਮੈਨ ਸੁਖਦੇਵ ਸਿੰਘ ਮੀਆਂਪੁਰ, ਐੱਮਸੀ ਰਾਜੂ ਸਤਿਆਲ, ਸਤਨਾਮ ਸਿੰਘ ਗਿੱਲ, ਸੰਮਤੀ ਮੈਂਬਰ ਲਲਿਤ ਡਕਾਲਾ, ਬਲਾਕ ਪ੍ਰਧਾਨ ਪਰਮਿੰਦਰ ਸਿੰਘ ਬਾਲਾ, ਸਰਪੰਚ ਪੱਪੀ ਫੂਲ, ਗੌਰਵ ਕਪੂਰ, ਸਰਪੰਚ ਵਿਕਰਾਂਤ ਚੌਧਰੀ, ਚੌਧਰੀ ਹੁਸਨ ਲਾਲ, ਸੁੱਚਾ ਸਿੰਘ, ਕੁਲਦੀਪ ਕਾਲੀਆ, ਸੰਦੀਪ ਜੋਸ਼ੀ, ਕੁਲਦੀਪ ਸਿੰਘ ਆਦਿ ਸਮੇਤ ਸਮੂਹ ਸੰਮਤੀ ਮੈਂਬਰ ਅਤੇ ਪਾਰਟੀ ਵਰਕਰ ਹਾਜ਼ਰ ਸਨ।