ਜੰਗਲਾਤ ਕਰਮਚਾਰੀਆਂ ਨੇ ਮੰਗਾਂ ਨੂੰ ਲੈ ਕੇ ਵਿਭਾਗ ਦੇ ਦਫਤਰ ਸਾਹਮਣੇ ਦਿੱਤਾ ਧਰਨਾ
ਜੰਗਲਾਤ ਕਰਮਚਾਰੀਆਂ ਨੇ ਮੰਗਾਂ ਨੂੰ ਲੈ ਕੇ ਵਿਭਾਗ ਦੇ ਦਫਤਰ ਸਾਹਮਣੇ ਦਿੱਤਾ ਧਰਨਾ
Publish Date: Fri, 27 Mar 2026 05:23 PM (IST)
Updated Date: Fri, 27 Mar 2026 05:26 PM (IST)

ਮੁੱਖ ਜੰਗਲਾਤ ਅਫ਼ਸਰ ਨੂੰ ਭੇਜਿਆ ਮੰਗ ਪੱਤਰ, ਅਗਲੇ ਸੰਘਰਸ਼ ਦੀ ਚੇਤਾਵਨੀ ਅੰਮ੍ਰਿਤਪਾਲ ਸਿੰਘ , ਪੰਜਾਬੀ ਜਾਗਰਣ ਰੂਪਨਗਰ : ਜੰਗਲਾਤ ਵਰਕਰ ਯੂਨੀਅਨ ਰੂਪਨਗਰ ਵੱਲੋਂ ਜੰਗਲਾਤ ਵਰਕਰ ਯੂਨੀਅਨ ਪੰਜਾਬ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਜੰਗਲਾਤ ਕਾਮਿਆਂ ਦੀਆਂ ਮੰਗਾਂ ਨੂੰ ਲੈ ਕੇ ਮੰਡਲ ਦਫ਼ਤਰ ਸਾਹਮਣੇ ਧਰਨਾ ਦਿੱਤਾ ਗਿਆ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਸਮੇਤ ਪੰਜਾਬ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕਰਦੇ ਹੋਏ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਵੀਕਾਂਤ ਨੇ ਕਿਹਾ ਕਿ ਹਾਲ ਹੀ ਵਿਚ ਹੋਈ ਸੂਬਾਈ ਬਾਡੀ ਮੀਟਿੰਗ ਤੋਂ ਬਾਅਦ ਸੂਬਾ ਪ੍ਰਧਾਨ ਅਮਰੀਕ ਸਿੰਘ ਨੇ ਸੂਬੇ ਭਰ ਦੇ ਸਾਰੇ ਜੰਗਲਾਤ ਵਿਭਾਗ ਦਫ਼ਤਰਾਂ ਦੇ ਸਾਹਮਣੇ ਵਿਰੋਧ ਪ੍ਰਦਰਸ਼ਨ ਕਰਨ ਅਤੇ ਮੁੱਖ ਜੰਗਲਾਤ ਅਫ਼ਸਰ ਨੂੰ ਇੱਕ ਮੰਗ ਪੱਤਰ ਸੌਂਪਣ ਦੇ ਨਿਰਦੇਸ਼ ਜਾਰੀ ਕੀਤੇ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਹਦਾਇਤਾਂ ਦੀ ਪਾਲਣਾ ਕਰਦਿਆਂ ਅੱਜ ਰੂਪਨਗਰ ਵਿਖੇ ਜੰਗਲਾਤ ਵਿਭਾਗ ਦਫ਼ਤਰ ਦੇ ਸਾਹਮਣੇ ਇੱਕ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਰੇਂਜ ਅਫ਼ਸਰ ਕੁਲਦੀਪ ਸਿੰਘ ਦੇ ਅਨੁਸਾਰ ਪੰਜਾਬ ਸਰਕਾਰ ਵੱਲੋਂ ਜਾਰੀ ਜਨਵਰੀ ਅਤੇ ਫਰਵਰੀ ਦੇ ਬਜਟ ਵਾਪਸ ਲੈ ਲਏ ਗਏ ਹਨ ਅਤੇ ਨਾਲ ਹੀ ਹਾਈ ਕੋਰਟ ਵੱਲੋਂ ਪਾਸ ਕੀਤੇ 4-4 ਦਿਨਾਂ ਦੇ ਏਰੀਅਰ ਵੀ ਵਾਪਸ ਲੈ ਲਏ ਗਏ ਹਨ, ਜੋ ਕਿ ਧੱਕੇਸ਼ਾਹੀ ਹੈ। ਉਨ੍ਹਾਂ ਕਿਹਾ ਕਿ ਮਹਿੰਗਾਈ ਦੇ ਇਸ ਯੁੱਗ ਵਿਚ ਪਹਿਲਾਂ ਹੀ ਘਰਾਂ ਦਾ ਗੁਜਾਰਾ ਕਰਨਾ ਮੁਸ਼ਕਿਲ ਹੈ ਜਦਕਿ ਸਰਕਾਰ ਧੱਕੇਸ਼ਾਹੀ ਕਰਨ ਤੋਂ ਬਾਜ਼ ਨਹੀਂ ਆ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ 25 ਸਾਲਾਂ ਤੋਂ ਵਿਭਾਗ ਵਿਚ ਕੰਮ ਕਰ ਰਹੇ ਕਾਮਿਆਂ ਨੂੰ ਅਜੇ ਤੱਕ ਪੱਕਾ ਨਹੀਂ ਕੀਤਾ ਗਿਆ ਹੈ ਅਤੇ ਜਿਨ੍ਹਾਂ ਨੂੰ ਪੱਕਾ ਕੀਤਾ ਗਿਆ ਹੈ, ਉਨ੍ਹਾਂ ਨਾਲ ਵੀ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਇਸ ਮੌਕੇ ਕੇਸਰ ਸਿੰਘ ਸਮੇਤ ਪਰਮਜੀਤ ਸਿੰਘ, ਸੁਰਿੰਦਰ ਪਾਲ ਅਤੇ ਅਫਰੀਕ ਮੁਹੰਮਦ ਆਦਿ ਨੇ ਪੰਜਾਬ ਸਰਕਾਰ ਅਤੇ ਵਿਭਾਗ ’ਤੇ ਹਾਲ ਹੀ ਵਿਚ ਪੱਕੇ ਹੋਏ ਕਾਮਿਆਂ ਨਾਲ ਬੇਇਨਸਾਫ਼ੀ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਨੂੰ ਕੇਵਲ 15,000 ਰੁਪਏ ਦੀ ਨਿਸ਼ਚਿਤ ਤਨਖਾਹ ਦਿੱਤੀ ਜਾ ਰਹੀ ਹੈ, ਜੋ ਕਿ ਧੱਕੇਸ਼ਾਹੀ ਹੈ। ਉਨ੍ਹਾਂ ਮੰਗ ਕੀਤੀ ਕਿ ਮੁੱਖ ਜੰਗਲਾਤ ਅਫ਼ਸਰ ਤੁਰੰਤ ਵਾਪਸ ਲਏ ਗਏ ਬਜਟ ਅਤੇ ਏਰਿਅਰ ਜਾਰੀ ਕਰਨ ਅਤੇ ਯੂਨੀਅਨ ਦੀਆਂ ਮੰਗਾਂ ਨੂੰ ਜਲਦੀ ਤੋਂ ਜਲਦੀ ਮਨਜ਼ੂਰੀ ਦੇਣ। ਉਨ੍ਹਾਂ ਰੋਸ ਜਤਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ ਸਬੰਧੀ ਜੰਗਲਾਤ ਮੰਤਰੀ ਅਤੇ ਵਿੱਤ ਮੰਤਰੀ ਨਾਲ ਕਈ ਮੀਟਿੰਗਾਂ ਹੋਈਆਂ ਹਨ ਪ੍ਰੰਤੂ ਅਜੇ ਤੱਕ ਉਨ੍ਹਾਂ ਦੀ ਇੱਕ ਵੀ ਮੰਗ ਦਾ ਹੱਲ੍ਹ ਨਹੀਂ ਹੋਇਆ। ਉਨ੍ਹਾਂ ਮੁੱਖ ਜੰਗਲਾਤ ਅਫ਼ਸਰ ਨੂੰ ਦਿੱਤੇ ਗਏ ਮੰਗ ਪੱਤਰ ਵਿਚ ਸਪੱਸ਼ਟ ਚੇਤਾਵਨੀ ਵੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋਈਆਂ ਤਾਂ 7 ਅਪ੍ਰੈਲ ਨੂੰ ਮੋਹਾਲੀ ਵਿਖੇ ਮੁੱਖ ਜੰਗਲਾਤ ਅਫ਼ਸਰ ਦੇ ਦਫ਼ਤਰ ਸਾਹਮਣੇ ਧਰਨਾ ਦਿੱਤਾ ਜਾਵੇਗਾ। ਮੰਗ ਪੱਤਰ ਵਿਚ ਚੁੱਕੀਆਂ ਗਈ ਅੱਠ ਮੁੱਖ ਮੰਗਾਂ: ਇਸ ਮੰਗ ਪੱਤਰ ਵਿਚ ਮੁੱਖ ਤੌਰ ’ਤੇ 8 ਮੰਗਾਂ ਚੁੱਕੀਆਂ ਗਈਆਂ ਹਨ, ਜਿਸ ਵਿਚ 2006 ਤੱਕ ਜੰਗਲਾਤ ਵਿਭਾਗ ਅਤੇ ਜੰਗਲੀ ਜੀਵ ਵਿਭਾਗ ਵਿਚ 10 ਸਾਲ ਪੂਰੇ ਕਰਨ ਵਾਲੇ 14 ਕਾਮਿਆਂ ਅਤੇ ਸੀਨੀਅਰ, ਅਨਪੜ੍ਹ ਕਰਮਚਾਰੀਆਂ ਨੂੰ ਜਲਦੀ ਤੋਂ ਜਲਦੀ ਪੱਕਾ ਕਰਨ, ਇਨ੍ਹਾਂ ਪੱਕੇ ਕਰਮਚਾਰੀਆਂ ਨੂੰ 2011 ਵਿਚ ਪੱਕੇ ਕੀਤੇ ਗਏ ਤਰੀਕਿਆਂ ਵਾਂਗ ਹੀ ਮੁੱਢਲੀ ਤਨਖਾਹ, ਡੀਏ ਅਤੇ ਗ੍ਰੇਡ ਪੇ ਸਮੇਤ ਤਨਖਾਹਾਂ ਦਿੱਤੀਆਂ ਜਾਣ, ਜੰਗਲਾਤ ਵਿਭਾਗ ਦੇ ਕਰਮਚਾਰੀਆਂ ਲਈ ਫਰਵਰੀ ਅਤੇ ਮਾਰਚ ਲਈ ਰੋਕਿਆ ਗਿਆ ਬਜਟ ਜਾਰੀ ਕੀਤਾ ਜਾਣ, ਵਿਭਾਗ ਵਿਚ ਕੰਮ ਕਰਨ ਵਾਲੇ ਦਿਹਾੜੀਦਾਰ ਕਰਮਚਾਰੀਆਂ ਨੂੰ ਹਰ ਮਹੀਨੇ ਦੀ 7 ਤਰੀਕ ਤੱਕ ਭੁਗਤਾਨ ਕੀਤੇ ਜਾਣ, ਜੰਗਲਾਤ ਵਿਭਾਗ ਅਤੇ ਜੰਗਲੀ ਜੀਵ ਵਿਭਾਗ ਦੇ ਕਰਮਚਾਰੀਆਂ ਦਾ ਫਾਈਨੈਂਸ਼ਲ ਲਾਇਬਿਲੀਟੀ ਏਰਿਅਰ ਬਣਦੀ ਬਕਾਇਆ ਛੁੱਟੀਆਂ ਸਮੇਤ ਜਾਰੀ ਕੀਤੇ ਜਾਣ, ਜੰਗਲਾਤ ਵਿਭਾਗ ਅਤੇ ਜੰਗਲੀ ਜੀਵ ਵਿਭਾਗ ਦੇ ਕਰਮਚਾਰੀਆਂ ਦੀ ਸੀਨੀਆਰਤਾ ਸੂਚੀ ਨੂੰ ਜਲਦੀ ਤੋਂ ਜਲਦੀ 31 ਮਾਰਚ, 2026 ਤੱਕ ਅਪਡੇਟ ਕੀਤੇ ਜਾਣ, ਸਾਰੇ ਜੰਗਲਾਤ ਅਤੇ ਜੰਗਲੀ ਜੀਵ ਕੰਮ ਮਨਰੇਗਾ ਕਰਮਚਾਰੀਆਂ ਦੀ ਬਜਾਏ ਮਸਟਰੋਲ ਰਾਹੀਂ ਕੀਤੇ ਜਾਣ, ਅਤੇ ਵਿਭਾਗ ਵਿਚ ਜਲਦੀ ਤੋਂ ਜਲਦੀ ਨਵਾਂ ਕੰਮ ਸ਼ੁਰੂ ਕੀਤਾ ਜਾਣ ਆਦਿ ਸ਼ਾਮਲ ਹਨ।