ਮੀਆਂਪੁਰ ਰੇਲਵੇ ਸਟੇਸ਼ਨ ਲੈਵਲ ਕ੍ਰਾਸਿੰਗ ਲਈ 56 ਕਰੋੜ ਦਾ ਟੈਂਡਰ ਪਾਸ
ਮੀਆਂਪੁਰ ਰੇਲਵੇ ਸਟੇਸ਼ਨ ਲੈਵਲ ਕ੍ਰਾਸਿੰਗ ਲਈ 56 ਕਰੋੜ ਦਾ ਟੈਂਡਰ ਪਾਸ
Publish Date: Thu, 26 Mar 2026 05:34 PM (IST)
Updated Date: Thu, 26 Mar 2026 05:38 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਮੀਆਂਪੁਰ ਰੇਲਵੇ ਸਟੇਸ਼ਨ ਦੇ ਲੈਵਲ ਕ੍ਰਾਸਿੰਗ ਪ੍ਰੋਜੈਕਟ ਲਈ ਕਰੀਬ 56 ਕਰੋੜ ਰੁਪਏ ਦਾ ਟੈਂਡਰ ਕੇਂਦਰੀ ਰੇਲਵੇ ਮੰਤਰਾਲੇ ਵੱਲੋਂ ਪਾਸ ਕਰ ਦਿੱਤਾ ਗਿਆ ਹੈ। ਇਹ ਪ੍ਰੋਜੈਕਟ ਇਲਾਕੇ ਦੇ ਲੋਕਾਂ ਲਈ ਆਵਾਜਾਈ ਨੂੰ ਸੁਖਾਲਾ ਬਣਾਉਣ ਦੇ ਨਾਲ ਨਾਲ ਸੁਰੱਖਿਆ ਦੇ ਮਾਪਦੰਡਾਂ ਨੂੰ ਵੀ ਮਜ਼ਬੂਤ ਕਰੇਗਾ। ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਇਸ ਮਹੱਤਵਪੂਰਨ ਉਪਲੱਬਧੀ ਲਈ ਕੇਂਦਰੀ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਅਤੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਲੋਕਾਂ ਦੀ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਸੀ ਅਤੇ ਹੁਣ ਇਸ ਦੇ ਪਾਸ ਹੋਣ ਨਾਲ ਇਲਾਕੇ ਦੇ ਵਿਕਾਸ ਨੂੰ ਨਵੀਂ ਦਿਸ਼ਾ ਮਿਲੇਗੀ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਲਈ ਉਹ ਲਗਾਤਾਰ ਕੋਸ਼ਿਸ਼ ਕਰ ਰਹੇ ਸਨ। ਸਭ ਤੋਂ ਪਹਿਲਾਂ ਉਨ੍ਹਾਂ ਨੇ ਰੇਲਵੇ ਵਿਭਾਗ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਅਤੇ ਮਾਮਲੇ ਨੂੰ ਉੱਚ ਪੱਧਰ ਤੱਕ ਲੈ ਕੇ ਗਏ ਲਗਾਤਾਰ ਮਿਹਨਤ ਅਤੇ ਫਾਲੋਅਪ ਦੇ ਨਤੀਜੇ ਵਜੋਂ ਅੱਜ ਇਹ ਬਹੁ ਕਰੋੜੀ ਪ੍ਰੋਜੈਕਟ ਮਨਜ਼ੂਰ ਹੋਇਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੇ ਵਿਕਾਸ ਅਤੇ ਲੋਕ ਨੀਤੀਆਂ ਦੇ ਕਾਰਨ ਹੀ ਅੱਜ ਇਸ ਤਰ੍ਹਾਂ ਦੇ ਵੱਡੇ ਪ੍ਰੋਜੈਕਟ ਸੰਭਵ ਹੋ ਰਹੇ ਹਨ। ਇਸ ਮੌਕੇ ਉਨ੍ਹਾਂ ਨੇ ਪੁਰਖਾਲੀ ਅਤੇ ਆਸ ਪਾਸ ਦੇ ਇਲਾਕਿਆਂ ਦੇ ਵਸਨੀਕਾਂ ਨੂੰ ਵੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਇਲਾਕੇ ਦੀ ਟ੍ਰੈਫਿਕ ਸਮੱਸਿਆ ਨੂੰ ਕਾਫੀ ਹੱਦ ਤੱਕ ਘਟਾਏਗਾ ਅਤੇ ਰੋਜ਼ਾਨਾ ਆਵਾਜਾਈ ਕਰਨ ਵਾਲੇ ਲੋਕਾਂ ਲਈ ਵੱਡੀ ਰਾਹਤ ਸਾਬਤ ਹੋਵੇਗਾ। ਨਾਲ ਹੀ ਇਹ ਸੁਰੱਖਿਆ ਨੂੰ ਵੀ ਯਕੀਨੀ ਬਣਾਏਗਾ, ਕਿਉਂਕਿ ਲੈਵਲ ਕ੍ਰਾਸਿੰਗਾਂ ‘ਤੇ ਅਕਸਰ ਹਾਦਸਿਆਂ ਦਾ ਖਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾਕਿ ਇਹ ਪ੍ਰੋਜੈਕਟ ਜ਼ਿਲ੍ਹੇ ਦੇ ਇਤਿਹਾਸ ਵਿਚ ਇੱਕ ਮਹੱਤਵਪੂਰਨ ਮੋੜ ਵਜੋਂ ਦੇਖਿਆ ਜਾ ਰਿਹਾ ਹੈ ਅਤੇ ਇਸ ਨਾਲ ਆਉਣ ਵਾਲੇ ਸਮੇਂ ਵਿਚ ਇਲਾਕੇ ਦੇ ਸਮੂਹਿਕ ਵਿਕਾਸ ਨੂੰ ਹੋਰ ਗਤੀ ਮਿਲਣ ਦੀ ਉਮੀਦ ਹੈ।