ਮੜੌਲੀ ਕਲਾਂ ਦੇ ਲਾਪਤਾ ਨੌਜਵਾਨ ਦੀ ਲਾਸ਼ ਨਹਿਰ ’ਚੋਂ ਬਰਾਮਦ
ਮੜੌਲੀ ਕਲਾਂ ਦੇ ਲਾਪਤਾ ਨੌਜਵਾਨ ਦੀ ਲਾਸ਼ ਨਹਿਰ ’ਚੋਂ ਬਰਾਮਦ
Publish Date: Wed, 25 Mar 2026 04:29 PM (IST)
Updated Date: Wed, 25 Mar 2026 04:32 PM (IST)

ਅਮਰਜੀਤ ਧੀਮਾਨ,ਪੰਜਾਬੀ ਜਾਗਰਣ ਮੋਰਿੰਡਾ : ਮੋਰਿੰਡਾ ਸ਼ਹਿਰੀ ਪੁਲਿਸ ਨੇ ਨਜ਼ਦੀਕੀ ਪਿੰਡ ਮੜੌਲੀ ਕਲਾਂ ਦੇ ਬੀਤੇ ਕਈ ਦਿਨਾਂ ਤੋਂ ਲਾਪਤਾ ਇੱਕ 35 ਸਾਲਾ ਨੌਜਵਾਨ ਦੀ ਲਾਸ਼ ਭਾਖੜਾ ਨਹਿਰ ਵਿੱਚੋਂ ਜ਼ਿਲ੍ਹਾ ਪਟਿਆਲਾ ਦੇ ਪਿੰਡ ਗੰਡਿਆ ਖੇੜੀ ਨੇੜਿਓਂ ਬਰਾਮਦ ਕੀਤੀ ਹੈ। ਇਸ ਨੌਜਵਾਨ ਨੂੰ ਖੁਦਕਸ਼ੀ ਕਰਨ ਲਈ ਮਜ਼ਬੂਰ ਕਰਨ ਵਾਲੇ ਪਤੀ-ਪਤਨੀ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਐੱਚਓ ਸਿਟੀ ਮੋਰਿੰਡਾ ਗੁਰਮੁੱਖ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਹੋਰ ਪੜ੍ਹਤਾਲ ਲਈ ਤੇ ਆਰੋਪੀਆਂ ਦੀ ਗ੍ਰਿਫਤਾਰੀ ਲਈ ਏਐੱਸਆਈ ਅੰਗਰੇਜ਼ ਸਿੰਘ ਨੂੰ ਪੜਤਾਲੀਆ ਅਫਸਰ ਨਿਯੁਕਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਜਸਵੀਰ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਪਿੰਡ ਮੜੌਲੀ ਕਲਾਂ ਨੇ ਪੁਲਿਸ ਨੂੰ ਲਿਖਵਾਏ ਬਿਆਨ ਵਿਚ ਦੱਸਿਆ ਕਿ ਉਸ ਦਾ ਛੋਟਾ ਭਰਾ ਮਨਪ੍ਰੀਤ ਸਿੰਘ ਪੁੱਤਰ ਸ਼ੇਰ ਸਿੰਘ ਜੋ ਕਿ ਅਣਵਿਆਹਿਆ ਸੀ, ਉਹ 21 ਮਾਰਚ ਨੂੰ ਘਰੋਂ ਇਹ ਕਹਿ ਕੇ ਗਿਆ ਕਿ ਪਿੰਡ ਬਾਠਾਂ ਖੁਰਦ (ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ) ਵਿਚ ਆਪਣੀ ਵਿਚੋਲਣ ਮਨਦੀਪ ਕੌਰ ਪਤਨੀ ਅਵਤਾਰ ਸਿੰਘ ਨੂੰ ਮਿਲਣ ਲਈ ਜਾ ਰਿਹਾ ਹੈ ਤਾਂ ਕਿ ਉਹ ਮਨਦੀਪ ਕੌਰ ਤੋਂ ਆਪਣੇ ਦਿੱਤੇ ਹੋਏ 1 ਲੱਖ 70 ਹਜ਼ਾਰ ਰੁਪਏ ਲੈ ਸਕੇ, ਪ੍ਰੰਤੂ ਬਾਅਦ ਵਿਚ ਜਦੋਂ ਉਹ ਪਿੰਡ ਮੜੌਲੀ ਕਲਾਂ ਵਾਪਸ ਨਹੀ ਆਇਆ ਤਾਂ ਉਸ ਵੱਲੋਂ ਮਨਪ੍ਰੀਤ ਸਿੰਘ ਨੂੰ ਫੋਨ ਕੀਤਾ ਗਿਆ, ਜੋ ਲਗਾਤਾਰ ਬੰਦ ਆਉਂਦਾ ਰਿਹਾ ਅਤੇ ਜਦੋਂ ਉਸਨੇ ਮਨਦੀਪ ਕੌਰ ਨੂੰ ਫੋਨ ਕੀਤਾ ਤਾਂ ਮਨਦੀਪ ਕੌਰ ਦਾ ਫੋਨ ਉਸਦਾ ਬੇਟਾ ਚੁੱਕ ਰਿਹਾ ਸੀ। ਜਸਵੀਰ ਸਿੰਘ ਨੇ ਦੱਸਿਆ ਕਿ ਇਸ ਉਪਰੰਤ ਉਨ੍ਹਾਂ ਦੇ ਪਰਿਵਾਰ ਵੱਲੋਂ ਮਨਪ੍ਰੀਤ ਸਿੰਘ ਦੀ ਆਪਣੀਆਂ ਰਿਸ਼ਤੇਦਾਰੀਆਂ ਤੇ ਹੋਰ ਥਾਂਵਾ ’ਤੇ ਭਾਲ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਉਨ੍ਹਾਂ ਭਾਖੜਾ ਨਹਿਰ ਵਿਚ ਮਨਪ੍ਰੀਤ ਸਿੰਘ ਦੀ ਤਾਲਾਸ਼ ਕੀਤੀ ਤਾਂ ਉਨ੍ਹਾਂ ਨੂੰ ਰਾਜਪੁਰਾ ਨੇੜੇ ਸਥਿਤ ਪਿੰਡ ਗੰਡਿਆਂ ਖੇੜੀ ਕੋਲੋਂ ਲੰਘਦੀ ਭਾਖੜਾ ਨਹਿਰ ਵਿੱਚੋਂ ਮਨਪ੍ਰੀਤ ਸਿੰਘ ਦੀ ਲਾਸ਼ ਮਿਲ ਗਈ। ਇਸ ਸਬੰਧੀ ਉਨ੍ਹਾਂ ਵੱਲੋਂ ਮੋਰਿੰਡਾ ਸ਼ਹਿਰੀ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ। ਜਸਵੀਰ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਵੱਲੋਂ ਮਨਦੀਪ ਕੌਰ ਨੂੰ ਦਿੱਤੇ ਪੈਸੇ ਵਾਪਸ ਨਾ ਕਰਨ ਕਾਰਨ ਮਨਦੀਪ ਕੌਰ ਅਤੇ ਉਸ ਦੇ ਪਤੀ ਅਵਤਾਰ ਸਿੰਘ ਪਿੰਡ ਬਾਠਾਂ ਖੁਰਦ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਨੇ ਮਨਪ੍ਰੀਤ ਸਿੰਘ ਨੂੰ ਖੁਦਕਸ਼ੀ ਕਰਨ ਲਈ ਮਜ਼ਬੂਰ ਕਰ ਦਿੱਤਾ, ਜਿਸ ਕਾਰਨ ਉਸ ਵੱਲੋਂ ਨਹਿਰ ਵਿਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ। ਐੱਸਐੱਚਓ ਗੁਰਮੁੱਖ ਸਿੰਘ ਨੇ ਦੱਸਿਆ ਕਿ ਜਸਵੀਰ ਸਿੰਘ ਦੇ ਬਿਆਨ ਦੇ ਆਧਾਰ ’ਤੇ ਮਨਦੀਪ ਕੌਰ ਅਤੇ ਉਸਦੇ ਪਤੀ ਅਵਤਾਰ ਸਿੰਘ ਪਿੰਡ ਬਾਠਾਂ ਖੁਰਦ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਖਿਲਾਫ ਵੱਖ ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰਕੇ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈਣ ਉਪਰੰਤ ਪੋਸਟਮਾਰਟਮ ਕਰਵਾ ਕੇ ਸੰਸਕਾਰ ਲਈ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਅਤੇ ਆਰੋਪੀ ਪਤੀ ਪਤਨੀ ਦੀ ਗ੍ਰਿਫਤਾਰੀ ਲਈ ਤੇ ਹੋਰ ਅਦਾਲਤੀ ਕਾਰਵਾਈ ਲਈ ਏਐਸਆਈ ਅੰਗਰੇਜ਼ ਸਿੰਘ ਨੂੰ ਪੜ੍ਹਤਾਲੀਆ ਅਫਸਰ ਨਿਯੁਕਤ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਆਰੋਪੀਆਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।