ਲਾਲਪੁਰਾ ਵੱਲੋਂ ਗਗਨਦੀਪ ਰੰਧਾਵਾ ਨੂੰ ਇਨਸਾਫ ਦਿਵਾਉਣ ਦਾ ਸੰਕਲਪ
ਅਜੈਵੀਰ ਲਾਲਪੁਰਾ ਵੱਲੋਂ ਗਗਨਦੀਪ ਰੰਧਾਵਾ ਨੂੰ ਇਨਸਾਫ ਦਿਵਾਉਣ ਦਾ ਸੰਕਲਪ
Publish Date: Tue, 24 Mar 2026 04:35 PM (IST)
Updated Date: Tue, 24 Mar 2026 04:37 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਜ਼ਿਲਾ ਪ੍ਰਧਾਨ ਰੂਪਨਗਰ ਅਜੈਵੀਰ ਸਿੰਘ ਲਾਲਪੁਰਾ ਸਮੇਤ ਹੋਰ ਭਾਜਪਾ ਆਗੂਆਂ ਤੇ ਵਰਕਰਾਂ ਨੇ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਗ੍ਰਿਫਤਾਰੀ ਨੂੰ ਇਨਸਾਫ਼ ਵੱਲ ਵੱਡਾ ਕਦਮ ਕਰਾਰ ਦਿੱਤਾ ਹੈ। ਇਸ ਸਬੰਧੀ ਭਾਜਪਾ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਇਸ ਕਾਰਵਾਈ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਧੰਨਵਾਦ ਕੀਤਾ ਅਤੇ ਇਸ ਨੂੰ ਭਾਜਪਾ ਦੇ ਸੰਘਰਸ਼ ਅਤੇ ਦਬਾਅ ਦਾ ਨਤੀਜਾ ਦੱਸਿਆ। ਉਨ੍ਹਾਂ ਕਿਹਾ ਕਿ ਜਦੋਂ ਅਮਿਤ ਸ਼ਾਹ ਨੇ ਗਗਨਦੀਪ ਰੰਧਾਵਾ ਖੁਦਕੁਸ਼ੀ ਮਾਮਲੇ ਦੀ ਜਾਂਚ ਕੇਂਦਰੀ ਏਜੰਸੀ ਸੀਬੀਆਈ ਨੂੰ ਦੇਣ ਦੇ ਪ੍ਰਸਤਾਵ ਉਪਰੰਤ ਮਾਮਲੇ ਨੇ ਤੇਜ਼ੀ ਫੜੀ ਅਤੇ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਗ੍ਰਿਫਤਾਰੀ ਸੰਭਵ ਹੋ ਸਕੀ। ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਰਾਜ ਪੱਧਰ ’ਤੇ ਕੀਤੇ ਗਏ ਲਗਾਤਾਰ ਪ੍ਰਦਰਸ਼ਨਾਂ ਅਤੇ ਜਨ ਦਬਾਅ ਕਾਰਨ ਪੰਜਾਬ ਸਰਕਾਰ ਨੂੰ ਇਹ ਕਦਮ ਚੁੱਕਣਾ ਪਿਆ। ਉਨ੍ਹਾਂ ਕਿਹਾ ਕਿ ਭਾਜਪਾ ਦਾ ਮਕਸਦ ਰਾਜਨੀਤੀ ਕਰਨਾ ਨਹੀਂ, ਸਗੋਂ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣਾ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਡਾ.ਗਗਨਦੀਪ ਰੰਧਾਵਾ ਨੂੰ ਇਨਸਾਫ ਦਿਵਾਉਣ ਲਈ ਭਾਜਪਾ ਪੂਰੀ ਤਾਕਤ ਨਾਲ ਖੜੀ ਹੈ ਅਤੇ ਹਰ ਪੱਧਰ ’ਤੇ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਇਹ ਲੜਾਈ ਸਿਰਫ਼ ਇਕ ਵਿਅਕਤੀ ਲਈ ਨਹੀਂ, ਸਗੋਂ ਸਮਾਜ ਵਿਚ ਇਨਸਾਫ਼ ਦੀ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਹੈ। ਇਸ ਦੌਰਾਨ ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਦਾ ਵੀ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰ ਨੇ ਆਖਿਰਕਾਰ ਕਾਰਵਾਈ ਵੱਲ ਕਦਮ ਵਧਾਇਆ। ਉਨ੍ਹਾਂ ਕਿਹਾ ਕਿ ਦੇਰ ਨਾਲ ਹੀ ਸਹੀ ਪ੍ਰੰਤੂ ਇਹ ਫੈਸਲਾ ਸਹੀ ਦਿਸ਼ਾ ਵਿਚ ਚੁੱਕਿਆ ਗਿਆ ਕਦਮ ਹੈ। ਇਸ ਮੌਕੇ ਹਾਜ਼ਰ ਭਾਜਪਾ ਆਗੂਆਂ ਤੇ ਵਰਕਰਾਂ ਨੇ ਕਿਹਾ ਕਿ ਪਾਰਟੀ ਇਸ ਇਨਸਾਫ ਦੀ ਲੜਾਈ ਨੂੰ ਅੰਤ ਤੱਕ ਲੈ ਕੇ ਜਾਵੇਗੀ। ਉਨ੍ਹਾਂ ਕਿਹਾ ਕਿ ਜੇ ਲੋੜ ਪਈ ਤਾਂ ਪਾਰਟੀ ਸੜਕਾਂ ’ਤੇ ਉਤਰ ਕੇ ਸੰਘਰਸ਼ ਕਰਨ ਤੋਂ ਪਿੱਛੇ ਨਹੀਂ ਹਟੇਗੀ। ਇਸ ਮੌਕੇ ਨਵੀਨ ਕੁਮਾਰ, ਰਾਕੇਸ਼ ਕੁਮਾਰ ਗੋਝਾ, ਰੌਸ਼ਨ ਲਾਲ ਟੇਡੇਵਾਲ, ਮੋਹਨ ਲਾਲ, ਹਰੀ ਅਵਤਾਰ ਆਦਿ ਭਾਜਪਾ ਆਗੂ ਤੇ ਵਰਕਰ ਹਾਜ਼ਰ ਸਨ।