ਹਿਮਾਚਲ ਐਂਟਰੀ ਟੈਕਸ ਖ਼ਿਲਾਫ਼ ਪੰਜਾਬ ‘ਚ ਭੜਕਿਆ ਗੁੱਸਾ
ਹਿਮਾਚਲ ਐਂਟਰੀ ਟੈਕਸ ਖ਼ਿਲਾਫ਼ ਪੰਜਾਬ ‘ਚ ਭੜਕਿਆ ਗੁੱਸਾ, ਘਨੌਲੀ–ਨਾਲਾਗੜ੍ਹ ਬਾਰਡਰ ‘ਤੇ 2 ਘੰਟੇ ਚੱਕਾ ਜਾਮ
Publish Date: Tue, 24 Mar 2026 03:56 PM (IST)
Updated Date: Tue, 24 Mar 2026 03:58 PM (IST)

ਵੱਖ-ਵੱਖ ਕਿਸਾਨ ਤੇ ਸਮਾਜਿਕ ਸੰਸਥਾਵਾਂ ਵੱਲੋਂ ਘਨੌਲੀ–ਨਾਲਾਗੜ੍ਹ ਬਾਰਡਰ ‘ਤੇ 2 ਘੰਟੇ ਚੱਕਾ ਜਾਮ ਪੁਸ਼ਵਿੰਦਰ ਸਿੰਘ ਗੋਲੀਆ,ਪੰਜਾਬੀ ਜਾਗਰਣ,ਘਨੌਲੀ: ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ 1 ਅਪ੍ਰੈਲ ਤੋਂ ਸਟੇਟ ਐਂਟਰੀ ਟੈਕਸ ਵਿਚ ਕੀਤੇ ਗਏ ਵੱਡੇ ਵਾਧੇ ਦੇ ਖ਼ਿਲਾਫ਼ ਵਿਰੋਧ ਤੇਜ਼ ਹੋ ਗਿਆ ਹੈ। ਮੰਗਲਵਾਰ ਨੂੰ ਜ਼ਿਲ੍ਹਾ ਰੂਪਨਗਰ ਦੇ ਘਨੌਲੀ–ਨਾਲਾਗੜ੍ਹ ਮਾਰਗ ਸਥਿਤ ਢੋਰੋਵਾਲ ਹਿਮਾਚਲ ਐਂਟਰੀ ਪੁਆਇੰਟ ‘ਤੇ ਵੱਖ-ਵੱਖ ਕਿਸਾਨ ਤੇ ਸਮਾਜਿਕ ਸੰਸਥਾਵਾਂ ਵੱਲੋਂ 2 ਘੰਟੇ ਤੱਕ ਚੱਕਾ ਜਾਮ ਕਰਕੇ ਤਿੱਖਾ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਕਾਰਨ ਦੋਹਾਂ ਪਾਸਿਆਂ ਕਈ ਕਿਲੋਮੀਟਰ ਲੰਬੀਆਂ ਵਾਹਨਾਂ ਦੀਆਂ ਕਤਾਰਾਂ ਲੱਗ ਗਈਆਂ, ਜਿਸ ਨਾਲ ਆਮ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਪ੍ਰਦਰਸ਼ਨਕਾਰੀਆਂ ਨੇ ਹਿਮਾਚਲ ਸਰਕਾਰ ਦੇ ਖ਼ਿਲਾਫ਼ ਜ਼ੋਰਦਾਰ ਨਾਰੇਬਾਜ਼ੀ ਕਰਦਿਆਂ ਇਸ ਫ਼ੈਸਲੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ। ਸੰਘਰਸ਼ਕਾਰੀ ਪਹਿਲਾਂ ਘਨੌਲੀ ਟੀ-ਪੁਆਇੰਟ ‘ਤੇ ਇਕੱਠੇ ਹੋਏ, ਜਿੱਥੋਂ ਉਹ ਰੈਲੀ ਦੇ ਰੂਪ ਵਿਚ ਹਿਮਾਚਲ ਬੈਰੀਅਰ ਵੱਲ ਵਧੇ ਅਤੇ ਉੱਥੇ ਚੱਕਾ ਜਾਮ ਕਰ ਦਿੱਤਾ। ਇਸ ਮੌਕੇ ਕਿਰਤੀ ਕਿਸਾਨ ਮੋਰਚਾ, ਭਾਰਤੀ ਕਿਸਾਨ ਯੂਨੀਅਨ (ਬਹਿਰਾਮਕੇ) ਅਤੇ ਹੋਰ ਕਈ ਜਥੇਬੰਦੀਆਂ ਦੇ ਆਗੂ ਤੇ ਵਰਕਰ ਵੱਡੀ ਗਿਣਤੀ ਵਿਚ ਮੌਜੂਦ ਰਹੇ। ਇਸ ਦੌਰਾਨ ਗੌਰਵ ਰਾਣਾ, ਵੀਰ ਸਿੰਘ ਬੜਵਾ, ਕਰਨਵੀਰ ਸਿੰਘ ਸੋਨੂ, ਅਵਤਾਰ ਸਿੰਘ, ਹਰਪ੍ਰੀਤ ਸਿੰਘ ਭੱਟੋ, ਗੁਰਨਾਮ ਸਿੰਘ ਜੇਤੇਵਾਲ, ਧਰਮਪਾਲ ਸੈਣੀ ਮਾਜਰਾ, ਵਿੱਕੀ ਧੀਮਾਨ, ਡਾ. ਦਵਿੰਦਰ ਬਾਜਾਡ, ਪ੍ਰਗਟ ਸਿੰਘ ਘਨੌਲੀ, ਜਰਨੈਲ ਸਿੰਘ ਮਗਰੋੜ ਅਤੇ ਐਡਵੋਕੇਟ ਵਿਸ਼ਾਲ ਸੈਣੀ ਸਮੇਤ ਕਈ ਆਗੂ ਹਾਜ਼ਰ ਸਨ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਐਂਟਰੀ ਟੈਕਸ ਵਿਚ 100 ਫ਼ੀਸਦੀ ਤੋਂ ਵੱਧ ਵਾਧਾ ਆਮ ਜਨਤਾ ‘ਤੇ ਸਿੱਧਾ ਆਰਥਿਕ ਬੋਝ ਪਾ ਰਿਹਾ ਹੈ, ਖ਼ਾਸ ਕਰਕੇ ਸਰਹੱਦੀ ਇਲਾਕਿਆਂ ਦੇ ਲੋਕਾਂ ‘ਤੇ, ਜੋ ਰੋਜ਼ਾਨਾ ਪੰਜਾਬ ਤੇ ਹਿਮਾਚਲ ਵਿਚ ਆਉਣ-ਜਾਣ ਕਰਦੇ ਹਨ। ਗੌਰਵ ਰਾਣਾ ਨੇ “ਰਿਸ਼ੀਪਰੋਕਲ ਟੈਕਸ” ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਇੱਕ ਰਾਜ ਦੂਜੇ ਰਾਜ ਦੇ ਵਾਹਨਾਂ ਤੋਂ ਟੈਕਸ ਲੈਂਦਾ ਹੈ ਤਾਂ ਦੂਜੇ ਰਾਜ ਨੂੰ ਵੀ ਉਸੇ ਅਨੁਪਾਤ ਵਿਚ ਟੈਕਸ ਲਗਾਉਣਾ ਚਾਹੀਦਾ ਹੈ, ਤਾਂ ਜੋ ਸੰਤੁਲਨ ਬਣਿਆ ਰਹੇ। ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਇਸ ਮਾਮਲੇ ‘ਤੇ ਤੁਰੰਤ ਆਪਣੀ ਸਥਿਤੀ ਸਪਸ਼ਟ ਕਰਨ ਦੀ ਮੰਗ ਕੀਤੀ। ਕਿਰਤੀ ਕਿਸਾਨ ਮੋਰਚਾ ਦੇ ਸੂਬਾ ਪ੍ਰਧਾਨ ਵੀਰ ਸਿੰਘ ਬੜਵਾ ਨੇ ਦੋਸ਼ ਲਗਾਇਆ ਕਿ ਪਹਿਲਾਂ ਜਿੱਥੇ ਐਂਟਰੀ ਟੈਕਸ ਕਰੀਬ 70 ਰੁਪਏ ਸੀ, ਉਸਨੂੰ ਵਧਾ ਕੇ 170 ਰੁਪਏ ਕਰ ਦਿੱਤਾ ਗਿਆ ਹੈ, ਜਦਕਿ ਵੱਡੇ ਵਾਹਨਾਂ ‘ਤੇ ਇਹ ਟੈਕਸ 400 ਤੋਂ 900 ਰੁਪਏ ਤੱਕ ਪਹੁੰਚ ਗਿਆ ਹੈ। ਉਨ੍ਹਾਂ ਨੇ ਇਸ ਨੂੰ “ਸਰਾਸਰ ਲੁੱਟ” ਕਰਾਰ ਦਿੰਦਿਆਂ ਕਿਹਾ ਕਿ ਇਸ ਨਾਲ ਵਪਾਰ ਅਤੇ ਆਮ ਜ਼ਿੰਦਗੀ ‘ਤੇ ਮਾੜਾ ਅਸਰ ਪੈ ਰਿਹਾ ਹੈ। ਵੱਖ ਵੱਖ ਬੁਲਾਰਿਆ ਨੇ ਮੰਗ ਕੀਤੀ ਕਿ ਸਰਹੱਦੀ ਪਿੰਡਾਂ ਅਤੇ ਜ਼ਿਲ੍ਹਿਆਂ ਦੇ ਵਸਨੀਕਾਂ ਨੂੰ ਇਸ ਟੈਕਸ ਤੋਂ ਛੂਟ ਦਿੱਤੀ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਅਤੇ ਹਿਮਾਚਲ ਦੇ ਲੋਕਾਂ ਵਿਚ ਡੂੰਘੇ ਸਮਾਜਿਕ ਅਤੇ ਪਰਿਵਾਰਕ ਰਿਸ਼ਤੇ ਹਨ, ਜਿਨ੍ਹਾਂ ‘ਤੇ ਇਸ ਤਰ੍ਹਾਂ ਦੇ ਫ਼ੈਸਲਿਆਂ ਦਾ ਨਕਾਰਾਤਮਕ ਅਸਰ ਪੈ ਰਿਹਾ ਹੈ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ 31 ਮਾਰਚ ਤੱਕ ਐਂਟਰੀ ਟੈਕਸ ਵਾਪਸ ਨਾ ਲਿਆ ਗਿਆ ਤਾਂ 1 ਅਪ੍ਰੈਲ ਤੋਂ ਸਰਹੱਦੀ ਇਲਾਕਿਆਂ ਵਿਚ ਸਥਾਈ ਧਰਨਾ ਅਤੇ ਚੱਕਾ ਜਾਮ ਸ਼ੁਰੂ ਕੀਤਾ ਜਾਵੇਗਾ। ਹਾਲਾਂਕਿ ਐਂਬੂਲੈਂਸ ਅਤੇ ਹੋਰ ਐਮਰਜੈਂਸੀ ਸੇਵਾਵਾਂ ਨੂੰ ਪ੍ਰਭਾਵਿਤ ਨਾ ਕਰਨ ਦੀ ਗੱਲ ਵੀ ਕਹੀ ਗਈ।