ਸੜਕਾਂ ਦੀ ਹਿੱਕ ਚੀਰ ਕੇ ਸ਼ਰੇਆਮ ਦੌੜ ਰਹੇ ਓਵਰਲੋਡ ਵਾਹਨ, ਰਾਹਗੀਰ ਪਰੇਸ਼ਾਨ
ਸੜਕਾਂ ਦੀ ਹਿੱਕ ਚੀਰ ਕੇ ਸ਼ਰੇਆਮ ਦੌੜ ਰਹੇ ਹਨ ਓਵਰਲੋਡ ਵਾਹਨ,ਰਾਹਗੀਰ ਪਰੇਸ਼ਾਨ
Publish Date: Tue, 24 Mar 2026 03:52 PM (IST)
Updated Date: Tue, 24 Mar 2026 03:55 PM (IST)

ਓਵਰਲੋ਼ਡ ਵਾਹਨ ਦਾ 2 ਹਜ਼ਾਰ ਪ੍ਰਤੀ ਟਨ ਦੇ ਹਿਸਾਬ ਨਾਲ ਚਾਲਾਨ ਕੀਤਾ ਜਾਂਦਾ ਹੈ ਲਖਵੀਰ ਖਾਬੜਾ, ਪੰਜਾਬੀ ਜਾਗਰਣ ਰੂਪਨਗਰ : ਕਰੌੜਾਂ ਰੁਪਏ ਦੀ ਲਾਗਤ ਨਾਲ ਬਣਨ ਵਾਲੀਆ ਲਿੰਕ ਸੜਕਾਂ ਦੀ ਹਿੱਕ ਚੀਰ ਕੇ ਚੱਲ ਰਹੇ ਓਵਰਲੋਡ ਵਾਹਨਾਂ ਨੇ ਕੰਚੂਮਰ ਕੱਢ ਕੇ ਰੱਖ ਦਿੱਤਾ ਹਲਾਤ ਇਹ ਬਣੇ ਹੋਏ ਹਨ ਕਿ ਸਬੰਧਤ ਵਿਭਾਗ ਦੇ ਅਧਿਕਾਰੀ ਵੀ ਓਵਰਲੋਡ ਵਾਹਨਾਂ ਤੋਂ ਕਾਫੀ ਤੰਗ ਦਿਖਾਈ ਦੇ ਰਹੇ ਹਨ। ਜਾਣਕਾਰੀ ਅਨਸਾਰ ਜ਼ਿਲ੍ਹੇ ਵਿਚ ਲਿੰਕਾਂ ਸੜਕਾਂ ਦਾ ਓਵਰਲੋਡ ਵਾਹਨਾਂ ਨੇ ਬੁਰਾ ਹਾਲ ਕੀਤਾ ਹੋਇਆ ਹੈ ਜਿਸ ਦਾ ਹਰਜਾਨਾਂ ਪਿੰਡਾਂ ਦੇ ਵਾਸੀਆ ਨੂੰ ਭੁਗਤਣਾ ਪੈ ਰਿਹਾ ਹੈ ਕਿਉਕਿ ਕਈ ਲਿੰਕ ਸੜਕਾਂ ਅਜਿਹੀਆ ਹਨ ਜਿਨ੍ਹਾਂ ਦੀ ਦਹਾਕਿਆ ਤੋਂ ਰਿਪੇਅਰ ਤੱਕ ਨਹੀ ਹੋਈ, ਆਪ ਸਰਕਾਰ ਦੇ ਚਾਰ ਸਾਲ ਪੂਰਾ ਹੋਣ ਉਪਰੰਤ ਵਿਧਾਇਕ ਕੰਮ ਸ਼ੁਰੂ ਕਰਨ ਦੇ ਦਾਅਵੇ ਤਾਂ ਕਰ ਰਹੇ ਹਨ ਪਰ ਸੜਕਾਂ ਦੀ ਹਾਲਤ ਉਹੀ ਹੈ। ਭਾਜਪਾ ਆਗੂ ਅਵਤਾਰ ਸਿੰਘ ਪੱਪੀ, ਕਾਂਗਰਸੀ ਆਗੂ ਸੁਖਵਿੰਦਰ ਸਿੰਘ, ਸਮਾਜਸੇਵੀ ਸੁਰਮੱਖ ਸਿੰਘ, ਸਰਪੰਚ ਮੋਹਣ ਸਿੰਘ ਸਾਲਾਪੁਰ, ਕਿਸਾਨ ਆਗੂ ਮੋਹਰ ਸਿੰਘ ਖਾਬੜਾ, ਸਾਬਕਾ ਬਲਾਕ ਸੰਮਤੀ ਮੈਂਬਰ ਰਾਜਬੀਰ ਸਿੰਘ ਸੋਲਖੀਆ ਨੇ ਦੱਸਿਆ ਕਿ ਮੀਆਂਪੁਰ ਤੋਂ ਵਾਇਆ ਪੰਜੋਲਾ ਬਿੰਦਰਖ, ਮੀਆਂਪੁਰ ਤੋਂ ਮਾਧਪੁਰ ਤੋਂ ਵਾਇਆ ਸੈਫ਼ਲਪੁਰ ਪੁਰਖਾਲੀ, ਬਿੰਦਰਖ ਤੋਂ ਮਦਵਾੜਾ ਅਤੇ ਮਦਵਾੜੇ ਤੋਂ ਕਾਂਕਰੋਂ, ਚਟੋਲੀ ਤੋਂ ਖਿਜਰਾਬਾਦ ਤੱਕ ਅਤੇ ਸ੍ਰੀ ਗੁਰ ਗੋਬਿੰਦ ਸਿੰਘ ਮਾਰਗ ਪਿੰਡ ਸਿੰਘ ਤੋਂ ਸਾਲਾਪੁਰ ਤੋਂ ਵਾਇਆ ਝੱਲੀਆ ਤੱਕ ਸੜਕ ਦਾ ਬੁਰਾ ਹਾਲ ਹੈ ਜਿਸ ਦਾ ਜਿੰਮੇਵਾਰ ਓਵਰਲੋਡ ਵਾਹਨ ਮੰਨੇ ਜਾ ਰਹੇ ਹਨ । ਉਨ੍ਹਾਂ ਦੱਸਿਆ ਕਿ ਇਲਾਕੇ ਨਦੀਆ ਵਿਚੋਂ ਡੀਸਿਲਟਿੰਗ ਦੇ ਨਾਮ ‘ਤੇ ਹੋ ਰਹੀ ਨਾਜਾਇਜ਼ ਮਾਈਨਿੰਗ ਕਾਰਨ ਖਾਸਤੌਰ ਤੇ ਓਵਰਲੋਡ ਟਿੱਪਰ ਜਿਨ੍ਹਾਂ ਦੀ ਸਮਰੱਥਾ ਤੋਂ ਚਾਰ ਗੁਣਾ ਵੱਧ ਭਾਰ ਲੱਦਿਆ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਹ ਓਵਰਲੋਡ ਵਾਹਨ ਸੜਕਾਂ ਦੀ ਹੀ ਦੁਸ਼ਮਣ ਨਹੀ ਰਾਹਗੀਰਾਂ ਦੀ ਜਾਨ ਦੇ ਦੁਸ਼ਮਣੇ ਬਣੇ ਹੋਏ ਹਨ। ਆਏ ਦਿਨ ਹਾਦਸੇ ਵਾਪਰ ਰਹੇ ਹਨ ਪ੍ਰਸ਼ਾਸ਼ਨਿਕ ਅਧਿਕਾਰੀ ਅੱਖ ਮੀਟ ਕੇ ਬੈਠੈ ਹਨ। ਲਿੰਕ ਸੜਕਾਂ ’ਤੇ ਓਵਰਲੋਡ ਵਾਹਨਾਂ ਦਾ ਚੱਲਣਾ ਘਾਤਕ ਕਰੋੜਾ ਰੁਪਏ ਦੀ ਲਾਗਤ ਨਾਲ ਸੜਕਾਂ ਬਨਾਉਣ ਵਾਲੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀ ਵੀ ਸੜਕਾਂ ਸਮੇਂ ਤੋਂ ਪਹਿਲਾ ਟੁੱਟਣ ਤੋਂ ਨਿਰਾਸ਼ ਹਨ ਪਰ ਉਨ੍ਹਾਂ ਦੀ ਵਾਹ ਨਹੀ ਚੱਲ ਰਹੀ। ਇੱਕ ਅਧਿਕਾਰੀ ਨੇ ਨਾਮ ਨਾ ਛਾਪਣ ਦੀ ਸ਼ਰਤ ‘ਤੇ ਦੱਸਿਆ ਕਿ ਲਿੰਕ ਸੜਕਾਂ ਤੇ ਹਾਈਵੇਅ ਸੜਕ ਦੇ ਨਿਰਮਾਣ ਵਿਚ ਜਮੀਨ ਅਸਮਾਨ ਦਾ ਫਰਕ ਹੁੰਦਾ ਹੈ । ਉਨ੍ਹਾਂ ਦੱਸਿਆ ਕਿ ਲਿੰਕ ਸੜਕ ਬਨਾਉਣ ਮੌਕੇ ਐਗਰੀਕਲਚਰ ਵਹੀਕਲਾਂ ਤੇ ਰਾਹਗੀਰਾਂ ਦੇ ਚੱਲਣ ਨੂੰ ਧਿਆਨ ਵਿਚ ਰੱਖ ਕੇ ਬਣਾਈ ਜਾਂਦੀ ਹੈ ਜਦਕਿ ਹਾਈਵੇਅ ਸੜਕ ਵਿਚ ਸਾਰੇ ਮਾਪਦੰਢ ਦੇਖੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਹੁਣ ਕਰੀਬ ਦੋ ਢਾਈ ਦਹਾਕੇ ਤੋਂ ਓਵਰਲੋਡ ਵਾਹਨਾਂ ਦੀ ਗਿਣਤੀ ਜਿਆਦਾਂ ਹੋਣ ਕਰਕੇ ਸੜਕਾਂ ਟੁੱਟ ਰਹੀਆ ਹਨ। ਏਡੀਟੀਓ ਸਰਬਜੀਤ ਸਿੰਘ ਨੇ ਦੱਸਿਆ ਕਿ ਓਵਰਲੋਡ ਵਾਹਨਾਂ ਦੀ ਸਮੇਂ ਸਮੇਂ ‘ਤੇ ਚੈਕਿੰਗ ਕੀਤੀ ਜਾਂਦੀ ਹੈ ਜਦੋਂ ਓਵਰਲੋਡ ਵਾਹਨ ਕਾਬੂ ਕੀਤਾ ਜਾਂਦਾ ਹੈ ਤਾਂ ਉਸ ਦਾ ਦੋ ਹਜਾਰ ਰੁਪਏ ਪ੍ਰਤੀ ਟਨ ਦੇ ਹਿਸਾਬ ਨਾਲ ਚਲਾਨ ਕੀਤਾ ਜਾਂਦਾ ਹੈ । ਉਨ੍ਹਾਂ ਦੱਸਿਆ ਕਿ ਓਵਰਲੋਡ ਦਾ ਘੱਟੋ ਘੱਟ 20 ਹਜਾਰ ਰੁਪਏ ਜੁਰਮਾਨਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣਾਂ ਵਾਹਨਾਂ ‘ਤੇ ਓਵਰਲੋਡ ਨਾ ਕਰਨ ।