ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਸ਼ਰਧਾਂਜਲੀਆਂ ਭੇਟ
ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਸ਼ਰਧਾਂਜਲੀਆਂ ਭੇਂਟ
Publish Date: Mon, 23 Mar 2026 05:00 PM (IST)
Updated Date: Mon, 23 Mar 2026 05:04 PM (IST)

ਰਾਜਵੀਰ ਸਿੰਘ ਚੌਂਤਾ, ਪੰਜਾਬੀ ਜਾਗਰਣ ਸ਼੍ਰੀ ਚਮਕੌਰ ਸਾਹਿਬ : ਸ਼੍ਰੀ ਚਮਕੌਰ ਸਾਹਿਬ ਦੇ ਲੇਬਰ ਚੌਂਕ ਵਿਖੇ ਸ਼੍ਰੀ ਵਿਸ਼ਵਕਰਮਾ ਬਿਲਡਿੰਗ ਉਸਾਰੀ ਕਿਰਤੀ ਕਾਮਾ ਯੂਨੀਅਨ ਸਬੰਧਿਤ ਇਫਟੂ ਬਲਾਕ ਸ਼੍ਰੀ ਚਮਕੌਰ ਸਾਹਿਬ ਤੇ ਹੋਰ ਵੱਖ ਵੱਖ ਜੱਥੇਬੰਦੀਆਂ ਵੱਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਤੇ ਹੋਰ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ। ਇਸ ਮੌਕੇ ਕਰਵਾਏ ਵਿਸ਼ੇਸ਼ ਸਮਾਗਮ ਦੌਰਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਯੂਨੀਅਨ ਪ੍ਰਧਾਨ ਬਲਵਿੰਦਰ ਸਿੰਘ ਭੈਰੋ ਮਾਜਰਾ, ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਮਲਾਗਰ ਸਿੰਘ ਖਮਾਣੋਂ, ਡੀਐੱਮਐੱਫ ਦੇ ਆਗੂ ਸੁੱਖਰਾਮ ਕਾਲੇਵਾਲ, ਜਲ ਸਪਲਾਈ ਤੇ ਸੈਨੀਟੇਸ਼ਨ ਵਰਕਰਜ਼ ਯੂਨੀਅਨ ਪ੍ਰਧਾਨ ਜਗਤਾਰ ਸਿੰਘ ਰੱਤੋ ਆਦਿ ਨੇ ਕਿਹਾ ਕਿ ਸ਼ਹੀ-ਏ-ਆਜ਼ਮ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦਾ ਸੁਪਨਾ ਸੀ ਕਿ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖੱਤਮ ਦਾ ਖਤਮ ਹੋਵੇ, ਮੇਹਨਤਕਸ਼ ਲੋਕਾਂ ਦੇ ਹੱਥਾਂ ਵਿਚ ਰਾਜ ਸੱਤਾ ਹੋਵੇ ਤਾਂ ਜੋ ਦੇਸ਼ੀ, ਵਿਦੇਸ਼ੀ ਸਰਮਾਏਦਾਰ ਸਾਡੇ ਦੇਸ਼ ਦੇ ਖਜ਼ਾਨਿਆਂ ਅਤੇ ਦੇਸ਼ ਦੇ ਮੇਹਨਤਕਸ਼ ਲੋਕਾਂ ਦੀ ਲੁੱਟ ਨਾ ਕਰ ਸਕਣ। ਇਨ੍ਹਾਂ ਸ਼ਹੀਦਾਂ ਨੇ ਕਿਹਾ ਸੀ ਕਿ ਜੇਕਰ ਸਾਡੇ ਮੁਲਕ ਵਿਚ ਸਾਮਰਾਜੀਆਂ ਦੀਆਂ ਨੀਤੀਆਂ ਜਾਰੀ ਰਹਿੰਦੀਆਂ ਹਨ ਤਾਂ ਮਜ਼ਦੂਰ ਜਮਾਤ ਦੀ ਲੁੱਟ ਉਸੇ ਤਰ੍ਹਾਂ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਅੱਜ ਸਾਡੇ ਮੁਲਕ ਵਿਚ ਉਨ੍ਹਾਂ ਸ਼ਹੀਦਾਂ ਦੇ ਬੋਲ ਸੱਚ ਸਾਬਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਭਾਰਤ ਦੇ ਹਾਕਮ ਕਾਰਪੋਰੇਟ ਪੱਖੀ ਨੀਤੀਆਂ ਨੂੰ ਲਾਗੂ ਕਰ ਰਹੇ ਹਨ। ਸਰਕਾਰ ਵੱਲੋਂ ਚਾਰ ਕਾਰਪੋਰੇਟ ਪੱਖੀ ਕੋਡ 1 ਅਪ੍ਰੈਲ ਤੋਂ ਲਾਗੂ ਕੀਤੇ ਜਾ ਰਹੇ ਹਨ, ਜਿਸ ਤਹਿਤ ਸਾਡੇ ਕੋਲੋਂ ਜੱਥੇਬੰਦੀ ਬਣਾਉਣ ਤੇ ਸੰਘਰਸ਼ ਕਰਨ ਦਾ ਕਾਨੂੰਨੀ ਹਥਿਆਰ ਹੀ ਖੋਹ ਕੇ ਸਮੁੱਚੇ ਮੇਹਨਤਕਸ਼ ਲੋਕਾਂ ਨੂੰ ਕਾਰਪੋਰੇਟਾਂ ਦੇ ਖੂਨੀ ਪੰਜਿਆਂ ਵਿਚ ਸੁੱਟ ਦੇਵੇਗੀ। ਉਨ੍ਹਾਂ ਕਿਹਾ ਕਿ ਸੰਵਿਧਾਨ ਦੇ ਮੁਤਾਬਕ ਬਰਾਬਰ ਕੰਮ ਬਰਾਬਰ ਤਨਖਾਹ ਦਾ ਨਿਯਮ ਵੀ ਲਾਗੂ ਨਹੀਂ ਕੀਤਾ ਜਾ ਰਿਹਾ ਸਗੋਂ ਸੰਵਿਧਾਨਿਕ ਤੇ ਕਾਨੂੰਨੀ ਹੱਕ ਖੋਹੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੇ ਰਾਹ ’ਤੇ ਚੱਲ ਕੇ ਹੀ ਮਜ਼ਦੂਰ ਜਮਾਤ ਦੀ ਮੁਕਤੀ ਹੋ ਸਕਦੀ ਹੈ। ਇਸ ਮੌਕੇ ਹਾਜ਼ਰ ਜੱਥੇਬੰਦੀਆਂ ਦੇ ਸਮੂਹ ਅਹੁੱਦੇਦਾਰ ਤੇ ਮੈਂਬਰਾਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਇਨਕਲਾਬ ਜਿੰਦਾਬਾਦ ਦੇ ਨਾਅਰੇ ਵੀ ਲਗਾਏ। ਇਸ ਮੌਕੇ ਅਜਾਇਬ ਸਿੰਘ ਸਮਾਣਾ, ਕਸਤੂਰੀ ਲਾਲ, ਜਸਬੀਰ ਸਿੰਘ, ਜੀਵਨ ਸਿੰਘ, ਕਮਲਜੀਤ ਸਿੰਘ, ਸਤਵਿੰਦਰ ਸਿੰਘ, ਜਸਵੀਰ ਸਿੰਘ, ਕੁਲਦੀਪ ਸਿੰਘ ਡਹਿਰ, ਸ਼ਮਸ਼ੇਰ ਸਿੰਘ, ਹਰਸ਼ਪ੍ਰੀਤ ਸਿੰਘ ਆਦਿ ਹਾਜ਼ਰ ਸਨ।