ਸਾਮਰਾਜ ਵਿਰੋਧੀ ਦਿਵਸ ਵਜੋਂ ਮਨਾਇਆ 23 ਮਾਰਚ ਦਾ ਦਿਨ
ਸਾਮਰਾਜ ਵਿਰੋਧੀ ਦਿਵਸ ਵਜੋਂ ਮਨਾਇਆ 23 ਮਾਰਚ ਦਾ ਦਿਨ
Publish Date: Mon, 23 Mar 2026 04:56 PM (IST)
Updated Date: Mon, 23 Mar 2026 04:58 PM (IST)

ਅਮਰਜੀਤ ਧੀਮਾਨ, ਪੰਜਾਬੀ ਜਾਗਰਣ ਮੋਰਿੰਡਾ : ਮਜ਼ਦੂਰ ਮੁਲਾਜ਼ਮ ਤਾਲਮੇਲ ਕੇਂਦਰ ਬਲਾਕ ਮੋਰਿੰਡਾ ਵਿਚ ਸ਼ਾਮਿਲ ਜਥੇਬੰਦੀਆਂ ਦੇ ਕਾਮਿਆਂ ਵੱਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ, ਇਸ ਦਿਹਾੜੇ ਨੂੰ ਸਾਮਰਾਜ ਵਿਰੋਧੀ ਦਿਵਸ ਵਜੋਂ ਮਨਾਇਆ ਗਿਆ। ਇਸ ਸ਼ਰਧਾਂਜਲੀ ਸਮਾਰੋਹ ਦੀ ਪ੍ਰਧਾਨਗੀ ਤਾਲਮੇਲ ਕੇਂਦਰ ਦੇ ਕਨਵੀਨਰ ਜਗਦੀਸ਼ ਕੁਮਾਰ ਨੇ ਕੀਤੀ। ਇਸ ਮੌਕੇ ਸ਼ਹਿਰ ਵਿਚ ਰੋਸ ਮਾਰਚ ਵੀ ਕੀਤਾ ਗਿਆ। ਇਸ ਸਬੰਧੀ ਕੋ-ਕਨਵੀਨਰ ਜਤਿੰਦਰ ਸਿੰਘ, ਭਾਗ ਸਿੰਘ ਆਦਿ ਨੇ ਦੱਸਿਆ ਕਿ ਸਾਡੇ ਕੌਮੀ ਮਹਾਨ ਸ਼ਹੀਦਾਂ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੇ ਭਾਰਤੀ ਜਨਤਾ ਦੀ ਲੁੱਟ ਅਤੇ ਜ਼ਬਰ ਮੁਕਤ ਨਿਜ਼ਾਮ ਸਿਰਜਣ ਲਈ ਬਰਤਾਨੀਆ ਸਾਮਰਾਜ ਨੂੰ ਮੁਲਕ ਚੋਂ ਬਾਹਰ ਕੱਢਣ ਅਤੇ ਲੁੱਟ ਨਾਲ ਇਕੱਠੇ ਕੀਤੇ ਸਰਮਾਏ ਨੂੰ ਕਿਰਤੀ ਲੋਕਾਂ ਵਿਚ ਵੰਡ ਕੇ ਬਰਾਬਰਤਾ ਵਾਲਾ ਸਮਾਜ ਬਣਾਉਣ ਦਾ ਬੀੜਾ ਚੁੱਕਿਆ ਸੀ। ਇਸ ਡਰੋਂ ਬਰਤਾਨਵੀ ਹਾਕਮਾਂ ਨੇ ਆਪਣੇ ਸਰਮਾਏ ਦੀ ਸੁਰੱਖਿਆ ਲਈ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਗਲਾਂ ਵਿਚ ਫਾਂਸੀ ਦਾ ਫੰਦਾ ਪਾ ਦਿੱਤਾ ਅਤੇ 1947 ਵਿਚ ਆਪਣੇ ਭਰੋਸੇਯੋਗ ਦੇਸੀ ਭਾਈਵਾਲ ਨਾਲ ਸਮਝੌਤਾ ਕਰਕੇ ਰਾਜਗੱਦੀ ’ਤੇ ਬਿਠਾ ਦਿੱਤਾ। ਉਨ੍ਹਾਂ ਕਿਹਾ ਕਿ ਹੁਣ ਕੇਂਦਰ ਦੀ ਮੋਦੀ ਸਰਕਾਰ ਸਾਮਰਾਜੀ ਤਾਕਤਾਂ ਅੱਗੇ ਗੋਡੇ ਟੇਕ ਚੁੱਕੀ ਹੈ ਤੇ ਉਨ੍ਹਾਂ ਦੇ ਮੁਨਾਫੇ ਵਧਾਉਣ ਲਈ ਕਾਨੂੰਨ ਬਦਲ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਅਮਰੀਕਾ ਨਾਲ ਮੁਕਤ ਵਪਾਰ ਸਮਝੌਤਾ ਕਰਕੇ ਖੇਤੀ ਉਤਪਾਦਾਂ ਲਈ ਭਾਰਤੀ ਮੰਡੀ ਦੇ ਬੂਹੇ ਪੂਰੀ ਤਰ੍ਹਾਂ ਖੋਲ ਦਿੱਤੇ ਗਏ ਹਨ। ਇਸ ਦੇ ਕਾਰਨ ਖੇਤੀ ਅਤੇ ਸਨਅਤ ਦਾ ਉਜਾੜਾ ਹੋਵੇਗਾ ਤੇ ਬੇਰੁਜ਼ਗਾਰੀ ਵਿਚ ਵਾਧਾ ਹੋਵੇਗਾ। ਇਸੇ ਤਰ੍ਹਾਂ ਖੇਤੀ ’ਤੇ ਵੀ ਕਾਰਪੋਰੇਟਾਂ ਦਾ ਪੂਰਨ ਕਬਜ਼ਾ ਕਰਵਾਉਣ ਲਈ ਬੀਜ ਬਿੱਲ ਲਿਆਂਦਾ ਜਾ ਰਿਹਾ ਹੈ। ਬਿਜਲੀ ਬਿੱਲ ਲਾਗੂ ਹੋਣ ਨਾਲ ਬਿਜਲੀ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਜਾਵੇਗੀ। ਮਜ਼ਦੂਰਾਂ ਦੀ ਲੁੱਟ ਤੇਜ਼ ਕਰਨ ਲਈ ਚਾਰ ਲੇਬਰ ਕੋਡ ਬਣਾ ਦਿੱਤੇ ਗਏ ਹਨ, ਦਿਹਾੜੀ 8 ਘੰਟੇ ਤੋਂ 12 ਘੰਟੇ ਕਰ ਦਿੱਤੀ ਗਈ ਹੈ ਅਤੇ ਕੰਮ ’ਤੇ ਰੱਖਣ ਤੇ ਕੱਢਣ ਅਤੇ ਉਜਰਤਾਂ ਤੈਅ ਕਰਨ ਦੇ ਅਧਿਕਾਰ ਨਿੱਜੀ ਮਾਲਕਾਂ ਨੂੰ ਦੇ ਦਿੱਤੇ ਗਏ ਹਨ। ਇਸ ਦੇ ਇਲਾਵਾ ਮਨਰੇਗਾ ਦਾ ਭੋਗ ਪਾਉਣ ਲਈ ਬਜਟ ਘਟਾ ਦਿੱਤਾ ਗਿਆ ਹੈ, ਵਿੱਦਿਆ ਖੋਹਣ ਲਈ ਨਵੀਂ ਸਿੱਖਿਆ ਨੀਤੀ ਲਿਆਂਦੀ ਗਈ ਹੈ ਅਤੇ ਠੇਕਾ ਤੇ ਆਊਟਸੋਰਸਿੰਗ ਨੀਤੀ ਲਾਗੂ ਕਰਕੇ ਨਿਗੂਣੀਆਂ ਉਜਰਤਾਂ ਰਾਹੀਂ ਨੌਜਵਾਨਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਇਸ ਮੌਕੇ ਪ੍ਰਧਾਨ ਪੈਨਸ਼ਨਰ ਐਸੋਸੀਏਸ਼ਨ ਹਰਭਜਨ ਸਿੰਘ ਤੇ ਮੇਹਰ ਸਿੰਘ, ਕਰਮਚੰਦ, ਪਾਵਰਕਾਮ ਐਡ ਟਰਾਂਸਕੋ ਠੇਕਾ ਮੁਲਾਜਮ ਯੂਨੀਅਨ ਪ੍ਰਧਾਨ ਬਲਿਹਾਰ ਸਿੰਘ ਤੇ ਜੰਗ ਸਿੰਘ, ਟੀਐੱਸਯੂ ਦੇ ਸਰਕਲ ਰੂਪਨਗਰ ਪ੍ਰਧਾਨ ਦਵਿੰਦਰ ਸਿੰਘ, ਮਿਊਸੀਪਲ ਇੰਪਲਾਈਜ਼ ਯੂਨੀਅਨ ਪ੍ਰਧਾਨ ਜਤਿੰਦਰ ਸਿੰਘ, ਜਲ-ਸਪਲਾਈ ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ ਦੇ ਪ੍ਰਧਾਨ ਮਨਦੀਪ ਸਿੰਘ ਤੇ ਅਵਤਾਰ ਸਿੰਘ ਸਹੇੜੀ ਆਦਿ ਆਗੂਆਂ ਨੇ ਅਮਰੀਕਾ-ਇਜ਼ਰਾਈਲ ਵਲੋਂ ਈਰਾਨ ’ਤੇ ਥੋਪੀ ਜੰਗ ਦੀ ਨਿਖੇਧੀ ਕੀਤੀ ਅਤੇ ਇਹ ਜੰਗ ਤੁਰੰਤ ਬੰਦ ਕਰਨ ਦੀ ਮੰਗ ਕੀਤੀ ਗਈ।