ਮੋਰਿੰਡਾ ’ਚ ਲੱਗੇ ਗੰਦਗੀ ਦੇ ਢੇਰਾਂ ਤੋਂ ਨਿਵਾਸੀ ਪ੍ਰੇਸ਼ਾਨ੍
ਮੋਰਿੰਡਾ ’ਚ ਲੱਗੇ ਗੰਦਗੀ ਦੇ ਢੇਰਾਂ ਕਾਰਨ ਸ਼ਹਿਰਵਾਸੀ ਨਰਕ ’ਚ ਰਹਿਣ ਲਈ ਮਜ਼ਬੂਰ
Publish Date: Mon, 23 Mar 2026 03:36 PM (IST)
Updated Date: Mon, 23 Mar 2026 03:37 PM (IST)

ਜੌਲੀ ਸੂਦ, ਪੰਜਾਬੀ ਜਾਗਰਣ ਮੋਰਿੰਡਾ : ਨਗਰ ਕੌਂਸਲ ਮੋਰਿੰਡਾ ਨੂੰ ਕੂੜਾ ਕਰਕਟ ਸੁਟਣ ਲਈ ਕੋਈ ਪੱਕੀ ਥਾਂ ਨਾ ਮਿਲਣ ਕਾਰਨ ਸ਼ਹਿਰ ’ਚ ਥਾਂ-ਥਾਂ ’ਤੇ ਗੰਦਗੀ ਦੇ ਢੇਰ ਲੱਗੇ ਹੋਏ। ਇਥੋਂ ਤੱਕ ਕਿ ਲੱਖਾਂ ਰੁਪਏ ਦੀ ਲਾਗਤ ਨਾਲ ਬਣੇ ਹੈਂਡਬਾਲ ਮੈਦਾਨ ਨੂੰ ਕੁੜੇ ਦਾ ਡੰਪ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਮੈਦਾਨ ਵਿਚ ਕੂੜੇ ਦੀਆਂ ਭਰੀਆਂ 3-4 ਟਰਾਲੀਆਂ ਸੁੱਟ ਦਿੱਤੀਆਂ ਗਈਆਂ ਹਨ। ਇਸ ਦੇ ਕਾਰਨ ਮੈਦਾਨ ਦੇ ਪ੍ਰਬੰਧਕਾਂ, ਖਿਡਾਰੀਆਂ ਅਤੇ ਉਨ੍ਹਾਂ ਦੇ ਮਾਪਿਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧੀ ਦਸਮੇਸ਼ ਹੈਂਡਬਾਲ ਸਪੋਰਟਸ ਕਲੱਬ ਮੋਰਿੰਡਾ ਦੇ ਮੀਤ ਪ੍ਰਧਾਨ ਕਿਸ਼ਨ ਸਿੰਘ ਰਾਣਾ ਨੇ ਦੱਸਿਆ ਕਿ ਕੂੜੇ ਦੇ ਡੰਪ ਲਈ ਨਗਰ ਕੌਂਸਲ ਮੋਰਿੰਡਾ ਵਲੋਂ ਪਿੰਡ ਭਟੇੜੀ ਦੀ ਜ਼ਮੀਨ ਠੇਕੇ ’ਤੇ ਲਈ ਗਈ ਸੀ। ਇਸ ਕੂੜਾ ਡੰਪ ਦਾ ਨਜ਼ਦੀਕੀ ਪਿੰਡਾਂ ਦੇ ਕਿਸਾਨਾਂ ਵਲੋਂ ਜ਼ਬਰਦਸਤ ਵਿਰੋਧ ਕੀਤਾ ਗਿਆ ਅਤੇ ਕਿਸਾਨਾਂ ਵਲੋਂ ਧਰਨੇ ਮੁਜ਼ਾਹਰੇ ਵੀ ਕੀਤੇ ਗਏ। ਇਸ ਦੇ ਕਾਰਨ ਨਗਰ ਕੌਂਸਲ ਮੋਰਿੰਡਾ ਨੂੰ ਡੰਪ ਖਾਲੀ ਕਰਨਾ ਪਿਆ। ਹੁਣ ਕਈ ਮਹੀਨੇ ਬੀਤ ਜਾਣ ਦੇ ਬਾਵਜੂਦ ਅੱਜ ਤੱਕ ਨਗਰ ਕੌਂਸਲ ਨੂੰ ਕੂੜਾ ਡੰਪ ਕਰਨ ਲਈ ਕੋਈ ਥਾਂ ਨਹੀਂ ਮਿਲ ਰਹੀ। ਇਸ ਦੇ ਕਾਰਨ ਸ਼ਹਿਰ ਦੇ ਹਰ ਮੋੜ ਅਤੇ ਹਰ ਕੋਨੇ ’ਚ ਲੱਗੇ ਕੂੜੇ ਦੇ ਢੇਰ ਲੋਕਾਂ ਦਾ ਸਵਾਗਤ ਕਰਦੇ ਹਨ। ਇਨ੍ਹਾਂ ਕੂੜੇ ਦੇ ਢੇਰਾਂ ’ਤੇ ਮੱਖੀਆਂ-ਮੱਛਰਾਂ ਦੀ ਭਰਮਾਰ ਹੋਣ ਕਾਰਨ ਬੀਮਾਰੀਆਂ ਫੈਲਣ ਦਾ ਡਰ ਵੀ ਇਲਾਕਾ ਵਾਸੀਆਂ ਨੂੰ ਸਤਾ ਰਿਹਾ ਹੈ, ਜਦਕਿ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਦਸਮੇਸ਼ ਸਪੋਰਟਸ ਕਲੱਬ ਮੋਰਿੰਡਾ ਦੇ ਮੀਤ ਪ੍ਰਧਾਨ ਕਿਸ਼ਨ ਸਿੰਘ ਰਾਣਾ ਸਮੇਤ ਡਾ ਨਿਰਮਲ ਧਿਮਾ, ਮਨਜੀਤ ਭਾਟੀਆ ਆਦਿ ਡਿਪਟੀ ਕਮਿਸ਼ਨਰ ਰੂਪਨਗਰ ਤੋਂ ਜ਼ੋਰਦਾਰ ਮੰਗ ਕੀਤੀ ਕਿ ਖੇਡ ਦੇ ਮੈਦਾਨ ਵਿਚ ਸੁਟਿਆ ਕੂੜਾ ਤੁਰੰਤ ਚੁੱਕਵਾਇਆ ਜਾਵੇ। ਉਨ੍ਹਾਂ ਮੰਗ ਕੀਤੀ ਹੈ ਕਿ ਮੋਰਿੰਡਾ ਸ਼ਹਿਰ ਦਾ ਕੂੜਾ ਸੁੱਟਣ ਲਈ ਥਾਂ ਦਾ ਪੱਕਾ ਪ੍ਰਬੰਧ ਕੀਤਾ ਜਾਵੇ। ਹੈਂਡਬਾਲ ਦੇ ਖੇਡ ਮੈਦਾਨ ਵਿਚ ਕੂੜਾ ਸੁੱਟਣ ਬਾਰੇ ਨਗਰ ਕੌਂਸਲ ਮੋਰਿੰਡਾ ਦੇ ਈਓ ਰਵੀ ਜਿੰਦਲ ਨੇ ਕਿਹਾ ਕਿ ਉੱਪਰਲੇ ਅਧਿਕਾਰੀਆਂ ਵੱਲੋਂ ਸ਼ਹਿਰ ਵਿਚ ਸਫਾਈ ਰੱਖਣ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਕੂੜਾ ਡੰਪ ਕਰਨ ਲਈ ਕੋਈ ਥਾਂ ਨਾ ਮਿਲਣ ਦੇ ਕਾਰਨ ਮੈਦਾਨ ਵਿਚ ਕੂੜਾ ਸੁੱਟਿਆ ਗਿਆ। ਉਨ੍ਹਾਂ ਮੋਰਿੰਡਾ ਤੋਂ ਬਦਲੀ ਕਰਵਾਉਣ ਦੀ ਵੀ ਗੱਲ ਆਖੀ।