ਇਲਾਕੇ ’ਚ ਕੇਬਲ ਚੋਰ ਗਿਰੋਹ ਸਰਗਰਮ, ਕਿਸਾਨ ਚਿੰਤਤ
ਇਲਾਕੇ ਵਿਚ ਕੇਬਲ ਚੋਰ ਗਿਰੋਹ ਸਰਗਰਮ, ਕਿਸਾਨਾਂ ਵਿਚ ਦਹਿਸ਼ਤ
Publish Date: Mon, 23 Mar 2026 03:32 PM (IST)
Updated Date: Mon, 23 Mar 2026 03:34 PM (IST)

ਅਮਰਜੀਤ ਧੀਮਾਨ, ਪੰਜਾਬੀ ਜਾਗਰਣ ਮੋਰਿੰਡਾ : ਬੀਤੀ ਰਾਤ ਚੋਰਾਂ ਵੱਲੋਂ ਪਿੰਡ ਚਲਾਕੀ ਤੋਂ ਇੱਕੋ ਸਮੇਂ ਚਾਰ ਕਿਸਾਨਾਂ ਦੀਆਂ ਮੋਟਰਾਂ ਤੋਂ ਕੀਮਤੀ ਕੇਬਲ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰਾਂ ਵੱਲੋਂ ਕੇਬਲ ਚੋਰੀ ਦੀਆਂ ਕੀਤੀਆਂ ਵਾਰਦਾਤਾਂ ਵਿਚ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਚਲਾਕੀ ਦੀ ਮੋਟਰ ਤੇ ਚੋਰਾਂ ਵੱਲੋਂ ਗਰਿਲ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿਸ ਵਿਚ ਚੋਰਾਂ ਵੱਲੋਂ ਮੋਟਰ ਦੀ ਕੇਬਲ, ਸਟਾਰਟਰ, ਗਰਿੱਪ ਤੇ ਕੰਡੈਂਸਰ ਆਦਿ ਚੋਰੀ ਕਰ ਲਏ ਗਏ।ਇਸ ਸਬੰਧੀ ਜਾਣਕਾਰੀ ਦਿੰਦਿਆਂ ਦਲਜੀਤ ਸਿੰਘ ਚਲਾਕੀ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਦੱਸਿਆ ਕਿ ਚੋਰਾਂ ਵੱਲੋਂ ਕੇਬਲ ਚੋਰੀ ਕਰਨ ਨਾਲ ਪ੍ਰਤੀ ਕਿਸਾਨ ਲਗਭਗ 10 ਹਜਾਰ ਤੋਂ ਵੱਧ ਦਾ ਨੁਕਸਾਨ ਹੋ ਜਾਂਦਾ ਹੈ। ਬਲਾਕ ਪ੍ਰਧਾਨ ਰਣਧੀਰ ਸਿੰਘ ਮਾਜਰੀ ਨੇ ਆਰੋਪ ਲਗਾਏ ਕੇ ਰਾਤ ਸਮੇਂ ਮੋਰਿੰਡਾ ਪੁਲਿਸ ਵੱਲੋਂ ਮੁਸਤੈਦੀ ਨਾਲ ਅਤੇ ਤੇਜ਼ੀ ਨਾਲ ਗਸ਼ਤ ਨਹੀਂ ਕੀਤੀ ਜਾਂਦੀ ਜਿਸ ਕਾਰਨ ਚੋਰਾਂ ਦੇ ਹੌਸਲੇ ਬੁਲੰਦ ਹਨ ਅਤੇ ਚੋਰ ਸਮੇਂ ਸਮੇਂ ਮੋਟਰ ਕੇਵਲ ਚੋਰੀ ਕਰਨ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਰਹਿੰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਜਿਨ੍ਹਾ ਕਿਸਾਨਾਂ ਦੀਆਂ ਮੋਟਰਾਂ ਤੋਂ ਕੇਬਲ ਚੋਰੀ ਹੋਈ ਉਨ੍ਹਾਂ ਵਿਚ ਉਨ੍ਹਾਂ ਦੀ ਆਪਣੀ ਮੋਟਰ ਤੋਂ ਇਲਾਵਾ ਸਰਪੰਚ ਕੁਲਵੀਰ ਸਿੰਘ ਪੁੱਤਰ ਗੁਲਜਾਰ ਸਿੰਘ ਰਜਿੰਦਰ ਸਿੰਘ ਪੁੱਤਰ ਗੰਗਾ ਸਿੰਘ ਮੋਟਰਾਂ ਤੋਂ ਵੀ ਕੇਬਲ ਸਟਾਰਟਰ ਆਦ ਚੋਰੀ ਕਰ ਲਏ ਗਏ ਜਦ ਕਿ ਇਸ ਤੋਂ ਇਲਾਵਾ ਪਰਮਿੰਦਰ ਸਿੰਘ ਪੁੱਤਰ ਜਸਬੀਰ ਸਿੰਘ ਦੀ ਮੋਟਰ ਦਾ ਤਾਲਾ ਤੋੜ ਕੇ ਵੀ ਅੰਦਰੋਂ ਕੁਝ ਸਮਾਨ ਚੋਰੀ ਕਰ ਲਿਆ ਗਿਆ। ਉਨ੍ਹਾਂ ਨੇ ਦੱਸਿਆ ਕਿ ਇਹ ਮਹੀਨੇ ਵਿਚ ਚੋਰੀ ਦੀ ਦੂਸਰੀ ਵਾਰਦਾਤ ਹੈ।ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਇਲਾਵਾ ਲਗਭਗ ਡੇਢ ਦੋ ਮਹੀਨੇ ਪਹਿਲਾਂ ਵੀ ਚੋਰਾਂ ਨੇ ਸੁਖਵਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ, ਅਵਤਾਰ ਸਿੰਘ ਪੁੱਤਰ ਜਾਗਰ ਸਿੰਘ, ਪ੍ਰੇਮ ਸਿੰਘ ਪੁੱਤਰ ਬਚਨ ਸਿੰਘ ਆਦਿ ਦੀਆਂ ਮੋਟਰਾਂ ਤੇ ਕੇਬਲ ਆਦਿ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨਾਂ ਦੌਰਾਨ ਚੋਰਾਂ ਨੇ ਪਿੰਡ ਚਲਾਕੀ, ਬਹਿਬਲਪੁਰ, ਸੱਖੋ ਮਾਜਰਾ, ਤਾਜਪੁਰ, ਸ਼ਾਹਪੁਰ ਆਦਿ ਪਿੰਡਾਂ ਦੀਆਂ ਮੋਟਰਾਂ ਤੋਂ ਵੀ ਕੇਬਲ ਚੋਰੀ ਕਰਕੇ ਲੈ ਗਏ। ਉਨ੍ਹਾਂ ਮੰਗ ਕੀਤੀ ਕਿ ਰਾਤ ਸਮੇਂ ਪੇਂਡੂ ਇਲਾਕੇ ਵਿੱਚ ਪੁਲਿਸ ਦੀ ਗਸ਼ਤ ਵਧਾਈ ਜਾਵੇ ਅਤੇ ਕਿਸੇ ਵੀ ਤਰ੍ਹਾਂ ਕਿਸਾਨਾਂ ਦੀਆਂ ਮੋਟਰਾਂ ਤੋਂ ਕੇਬਲ ਸਟਾਰਟਰ ਆਦਿ ਚੋਰੀ ਹੋਣ ਦੀਆਂ ਘਟਨਾਵਾਂ ਨੂੰ ਠੱਲ੍ਹ ਪੈ ਸਕੇ।