ਪੰਚਾਇਤ ਵੱਲੋਂ ਧੀ ਦੇ ਵਿਆਹ ਮੌਕੇ ਸ਼ਗਨ ਭੇਟ
ਪਿੰਡ ਭਲਿਆਣ ਦੀ ਪੰਚਾਇਤ ਨੇ ਭੇਂਟ ਕੀਤਾ ਪਿੰਡ ਦੀ ਧੀ ਦੇ ਵਿਆਹ ਮੌਕੇ ਸ਼ਗਨ
Publish Date: Mon, 23 Mar 2026 03:31 PM (IST)
Updated Date: Mon, 23 Mar 2026 03:34 PM (IST)

ਰਾਜਵੀਰ ਸਿੰਘ ਚੌਂਤਾ, ਪੰਜਾਬੀ ਜਾਗਰਣ ਸ੍ਰੀ ਚਮਕੌਰ ਸਾਹਿਬ : ਗ੍ਰਾਮ ਪੰਚਾਇਤ ਭਲਿਆਣ ਵੱਲੋਂ ਪਿੰਡ ਦੀਆਂ ਧੀਆਂ ਦੇ ਵਿਆਹ ਮੌਕੇ ਸਨਮਾਨ ਅਤੇ ਸਹਿਯੋਗ ਦੇ ਤੌਰ ‘ਤੇ ਸ਼ਗਨ ਭੇਂਟ ਕਰਨ ਦੀ ਨੇਕ ਪਰੰਪਰਾ ਲਗਾਤਾਰ ਜਾਰੀ ਹੈ। ਇਸੇ ਕੜੀ ਤਹਿਤ ਪਿੰਡ ਦੀ ਧੀ ਰੀਨਾ ਰਾਣੀ ਪੁੱਤਰੀ ਸੋਢੀ ਲਾਲ ਦੇ ਵਿਆਹ ਮੌਕੇ ਪੰਚਾਇਤ ਵੱਲੋਂ ਵਾਅਦੇ ਅਨੁਸਾਰ ਸ਼ਗਨ ਭੇਂਟ ਕਰਕੇ ਉਸ ਦੇ ਅਗਾਊ ਜੀਵਨ ਲਈ ਦਿਲੋਂ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਇਸ ਮੌਕੇ ਸਰਪੰਚ ਸਤਵੀਰ ਸਿੰਘ ਸੱਤੀ ਨੇ ਕਿਹਾ ਕਿ ਧੀ ਕਿਸੇ ਇਕ ਘਰ ਦੀ ਨਹੀਂ, ਸਗੋਂ ਪੂਰੇ ਸਮਾਜ ਦੀ ਇੱਜ਼ਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਭਲਿਆਣ ਪੰਚਾਇਤ ਵੱਲੋਂ ਚਲਾਈ ਜਾ ਰਹੀ ਇਹ ਸ਼ਗੁਨ ਯੋਜਨਾ ਸਿਰਫ਼ ਇੱਕ ਰਸਮ ਨਹੀਂ, ਬਲਕਿ ਇੱਕ ਸੋਚ ਹੈ। ਇੱਕ ਅਜਿਹਾ ਸੰਦੇਸ਼ ਜੋ ਸਮਾਜ ਨੂੰ ਧੀਆਂ ਦੇ ਸਨਮਾਨ ਅਤੇ ਬਰਾਬਰੀ ਵੱਲ ਪ੍ਰੇਰਿਤ ਕਰਦਾ ਹੈ।ਉਨ੍ਹਾਂ ਕਿਹਾ ਕਿ ਅਸਲ ਤਰੱਕੀ ਸਿਰਫ਼ ਸੜਕਾਂ, ਇਮਾਰਤਾਂ ਜਾਂ ਸਹੂਲਤਾਂ ਨਾਲ ਨਹੀਂ ਹੁੰਦੀ, ਬਲਕਿ ਉਸ ਸਮਾਜ ਨਾਲ ਹੁੰਦੀ ਹੈ ਜਿੱਥੇ ਧੀਆਂ ਨੂੰ ਇੱਜ਼ਤ, ਸੁਰੱਖਿਆ ਅਤੇ ਸਨਮਾਨ ਮਿਲਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਲਿਆਣ ਪੰਚਾਇਤ ਦਾ ਇਹ ਉਪਰਾਲਾ ਪਿੰਡ ਦੀ ਏਕਤਾ, ਸਾਂਝ ਅਤੇ ਮਨੁੱਖਤਾ ਦਾ ਪ੍ਰਤੀਕ ਹੈ, ਜੋ ਭਵਿੱਖ ਵਿਚ ਵੀ ਲਗਾਤਾਰ ਜਾਰੀ ਰਹੇਗਾ। ਉਨ੍ਹਾਂ ਨੇ ਇਸ ਨੇਕ ਕੰਮ ਲਈ ਐਡਵੋਕੇਟ ਮੋਹਿੰਦਰ ਸਿੰਘ ਰੂਪਨਗਰ, ਐਨਆਰਆਈ ਵੀਰਾਂ ਅਤੇ ਪਿੰਡ ਵਾਸੀਆਂ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਵਿਦੇਸ਼ਾਂ ਵਿਚ ਰਹਿੰਦੇ ਹੋਏ ਵੀ ਉਹ ਪਿੰਡ ਨਾਲ ਦਿਲੋਂ ਜੁੜੇ ਹੋਏ ਹਨ ਅਤੇ ਆਪਣੀ ਨੇਕ ਕਮਾਈ ਵਿੱਚੋਂ ਹਿੱਸਾ ਪਾ ਕੇ ਧੀਆਂ ਦੇ ਸੁੱਖਮਈ ਭਵਿੱਖ ਵਿਚ ਯੋਗਦਾਨ ਪਾ ਰਹੇ ਹਨ। ਇਸ ਮੌਕੇ ਪੰਚਾਇਤ ਮੈਂਬਰ ਸਤਨਾਮ ਸਿੰਘ, ਬਲਜਿੰਦਰ ਸਿੰਘ, ਹਰਜੀਤ ਕੌਰ, ਸੁਰਿੰਦਰ ਕੌਰ ਅਤੇ ਪਿੰਡ ਵਾਸੀ ਬਹਾਦਰ ਸਿੰਘ, ਇਕਬਾਲ ਸਿੰਘ, ਹਿੰਮਤ ਸਿੰਘ, ਗੁਲਜ਼ਾਰ ਸਿੰਘ, ਜਗਜੀਤ ਸਿੰਘ, ਮਨਪ੍ਰੀਤ ਸਿੰਘ, ਸੋਹਣ ਲਾਲ, ਸੋਢੀ ਲਾਲ, ਹਰਪਾਲ ਸਿੰਘ, ਸਿਮਰਨਜੀਤ ਸਿੰਘ, ਗੁਰਪ੍ਰੀਤ ਸਿੰਘ, ਅਮਰਜੀਤ ਸਿੰਘ ਆਦਿ ਪਰਿਵਾਰਕ ਮੈਂਬਰਾਂ ਨੇ ਵੱਡੀ ਗਿਣਤੀ ਹਾਜ਼ਰੀ ਭਰੀ।