ਸ਼ੇਰ-ਏ-ਪੰਜਾਬ ਕਿਸਾਨ ਯੂਨੀਅਨ ਵੱਲੋਂ ਸ਼ੂਗਰ ਮਿੱਲ ਦੇ ਜੀਐੱਮ ਨੂੰ ਮੰਗ ਪੱਤਰ
ਸ਼ੇਰ-ਏ-ਪੰਜਾਬ ਕਿਸਾਨ ਯੂਨੀਅਨ ਵੱਲੋਂ ਸ਼ੂਗਰ ਮਿੱਲ ਦੇ ਜੀਐੱਮ ਨੂੰ ਮੰਗ ਪੱਤਰ
Publish Date: Sat, 21 Mar 2026 07:00 PM (IST)
Updated Date: Sat, 21 Mar 2026 07:01 PM (IST)

ਅਮਰਜੀਤ ਧੀਮਾਨ, ਪੰਜਾਬੀ ਜਾਗਰਣ ਮੋਰਿੰਡਾ : ਸ਼ੇਰ-ਏ-ਪੰਜਾਬ ਕਿਸਾਨ ਯੂਨੀਅਨ ਦੇ ਆਗੂਆਂ ਵੱਲੋਂ ਸੂਬਾ ਪ੍ਰਧਾਨ ਗੁਰਿੰਦਰ ਸਿੰਘ ਭੰਗੂ ਦੀ ਅਗਵਾਈ ਹੇਠ ਸ਼ੂਗਰ ਮਿੱਲ ਮੋਰਿੰਡਾ ਦੇ ਜਨਰਲ ਮੈਨੇਜਰ ਨੂੰ ਮਿਲ ਕੇ ਗੰਨਾ ਕਾਸ਼ਤਕਾਰਾਂ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ ਗਿਆ। ਸੂਬਾ ਪ੍ਰਧਾਨ ਗੁਰਿੰਦਰ ਸਿੰਘ ਭੰਗੂ ਅਤੇ ਹੋਰਨਾਂ ਕਿਸਾਨ ਆਗੂਆਂ ਨੇ ਕਿਹਾ ਕਿ ਇਸ ਵਾਰ ਹੜ੍ਹਾਂ ਦੇ ਕਾਰਨ ਜਾਂ ਕੁਦਰਤੀ ਕਰੋਪੀ ਕਾਰਨ ਪੂਰੇ ਪੰਜਾਬ ਵਿਚ ਹੀ ਗੰਨੇ ਦਾ ਝਾੜ ਪ੍ਰਤੀ ਏਕੜ 70 ਤੋਂ 100 ਕੁਇੰਟਲ ਘੱਟ ਨਿਕਲਿਆ ਹੈ। ਜਿਸ ਕਰਕੇ ਗੰਨਾ ਕਾਸਤਕਾਰਾਂ ਨੂੰ ਕਾਫੀ ਘਾਟਾ ਪਿਆ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਦੇ ਚਲਦਿਆਂ ਗੰਨਾ ਕਾਸਤਕਾਰਾਂ ਦੀ ਬਾਂਡ ਪੈਨੇਲਟੀ ਨਾ ਕੱਟੀ ਜਾਵੇ। ਮਲਕੀਤ ਸਿੰਘ ਸੇਖੋਂ ਕਕਰਾਲੀ ਨੇ ਦੱਸਿਆ ਕਿ ਮੰਗ ਪੱਤਰ ਦੀ ਇਕ ਕਾਪੀ ਸ਼ੂਗਰ ਮਿੱਲ ਮੈਨੇਜਰ ਨੂੰ ਸੌਂਪੀ ਗਈ ਅਤੇ ਕੇਨ ਕਮਿਸ਼ਨਰ ਨੂੰ ਵੀ ਭੇਜੀ ਗਈ, ਜਦਕਿ ਇੱਕ ਕਾਪੀ ਬੋਰਡ ਆਫ ਡਾਇਰੈਕਟਰ ਨੂੰ ਦਿੱਤੀ ਜਾਵੇਗੀ। ਇਸ ਮੌਕੇ ਗੁਰਿੰਦਰ ਸਿੰਘ ਭੰਗੂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਕਿ 2 ਮਾਰਚ ਨੂੰ ਸ਼ੂਗਰ ਫੈੱਡ ਪੰਜਾਬ ਮੋਹਾਲੀ ਦੇ ਦਫਤਰ ਵਿਖੇ ਵਧੀਕ ਵਿੱਤ ਕਮਿਸ਼ਨਰ ਸਹਿਕਾਰਤਾ ਵਿਭਾਗ, ਪ੍ਰਬੰਧਕ ਨਿਰਦੇਸ਼ਕ, ਸ਼ੂਗਰਫੈੱਡ ਪੰਜਾਬ ਸਮੇਤ ਅਤੇ ਮੋਰਿੰਡਾ ਸ਼ੂਗਰ ਮਿਲ ਦੇ ਜਨਰਲ ਮੈਨੇਜਰ ਅਤੇ ਹੋਰ ਮਿੱਲਾਂ ਦੇ ਜਨਰਲ ਮੈਨੇਜਰ ਮੀਟਿੰਗ ਵਿਚ ਸ਼ਾਮਿਲ ਹੋਏ, ਜਿਸ ਵਿਚ ਕਿਹਾ ਗਿਆ ਕਿ ਮੋਰਿੰਡਾ ਸ਼ੂਗਰ ਮਿੱਲ, ਬੁੱਢੇਵਾਲ ਸ਼ੂਗਰ ਮਿੱਲ ਅਤੇ ਨਵਾਂ ਸ਼ਹਿਰ ਸ਼ੂਗਰ ਮਿੱਲ ਨੂੰ ਬੰਦ ਕਰਕੇ ਇੱਕ ਵੱਡਾ ਪਲਾਂਟ ਲਗਾ ਦਿੱਤਾ ਜਾਵੇ। ਜਿਸ ਦੀ ਜਗ੍ਹਾ ਦਾ ਪ੍ਰਬੰਧ ਕਰਵਾਉਣ ਲਈ ਕਈ ਅਫਸਰਾਂ ਦੀ ਡਿਊਟੀਆਂ ਲੱਗੀਆਂ।ਇਸ ਦਾ ਜਥੇਬੰਦੀ ਵੱਲੋਂ ਸਖਤ ਵਿਰੋਧ ਕੀਤਾ ਗਿਆ ਅਤੇ ਜੀਐੱਮ ਮੋਰਿੰਡਾ ਸ਼ੂਗਰ ਮਿੱਲ ਨੂੰ ਜੱਥੇਬੰਦੀ ਵੱਲੋਂ ਲਿਖਤੀ ਰੂਪ ਵਿਚ ਵਿਰੋਧ ਜਤਾਇਆ ਗਿਆ ਕਿਉਂਕਿ ਸ਼ੂਗਰ ਮਿੱਲ ਮੋਰਿੰਡਾ ਲਗਭਗ ਇਕ ਲੱਖ ਬੰਦੇ ਦਾ ਢਿੱਡ ਭਰਦੀ ਹੈ ਅਤੇ ਜ਼ਿਲ੍ਹਾ ਰੂਪਨਗਰ, ਜ਼ਿਲਾ ਮੋਹਾਲੀ, ਜ਼ਿਲਾ ਸ਼੍ਰੀ ਫਤਿਹਿਗੜ੍ਹ ਸਾਹਿਬ, ਜ਼ਿਲ੍ਹਾ ਲੁਧਿਆਣਾ, ਜ਼ਿਲ੍ਹਾ ਪਟਿਆਲਾ ਤੱਕ ਦੇ ਗੰਨਾ ਕਾਸ਼ਤਕਾਰ ਇਸ ਮਿੱਲ ਵਿਚ ਗੰਨਾ ਸਪਲਾਈ ਕਰਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰਾਂ ਦੀ ਮਨਸ਼ਾ ਸਾਫ ਨਜਰ ਆਉਂਦੀ ਹੈ ਕਿਉਂਕਿ ਸ਼ਹਿਰ ਦੀ ਮਹਿੰਗੀ ਜ਼ਮੀਨ ਨੂੰ ਪਲਾਟਾਂ ਵਿਚ ਵੇਚ ਕੇ ਆਪਣੇ ਮਨਸੂਬੇ ਅਤੇ ਵੋਟ ਦੀ ਰਾਜਨੀਤੀ ਕਰਨਾ ਚਾਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਜਗਰਾਵਾਂ ਮਿੱਲ , ਰੱਖੜਾ ਮਿੱਲ, ਸ਼ੇਰੋ ਮਿਲ ਤਰਨ ਤਾਰਨ, ਧੂਰੀ ਮਾਂਲ ਸਮੇਤ ਹੋਰ ਤਮਾਮ ਮਿੱਲਾਂ ਦਾ ਸਰਕਾਰ ਵੱਲੋਂ ਕੋਈ ਨਾਮੋ ਨਿਸ਼ਾਨ ਵੀ ਨਹੀਂ ਛੱਡਿਆ ਗਿਆ। ਉਨ੍ਹਾਂ ਕਿਹਾ ਕਿ ਇਲਾਕੇ ਦੇ ਬਜ਼ੁਰਗਾਂ ਦੀਆਂ ਹਿੱਸੇਦਾਰੀਆਂ ਨਾਲ ਇਹ ਮਿੱਲ ਲਗਭਗ 1962 ਵਿਚ ਲੱਗੀ ਤੇ ਇਲਾਕਾ ਨਿਵਾਸੀਆਂ ਨੇ ਸ਼ੂਗਰ ਮਿੱਲ ਬਣਾਉਣ ਵਿਚ ਵੱਡਾ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਜੱਥੇਬੰਦੀ ਅੱਗੇ ਹੋ ਕੇ ਲੜਾਈ ਲੜੇਗੀ ਸਰਕਾਰਾਂ ਦੇ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰੂਪਨਗਰ ਮਲਕੀਤ ਸਿੰਘ ਸੇਖੋਂ ਕਕਰਾਲੀ, ਸੂਬਾ ਆਗੂ ਪ੍ਰੋਫੈਸਰ ਬਲਿੰਦਰ ਸਿੰਘ ਆਦਿ ਵੀ ਹਾਜ਼ਰ ਸਨ।