ਦਹੇਜ ਲਈ ਕੁੱਟਮਾਰ ਕਰਨ ’ਤੇ ਪਤੀ ਖ਼ਿਲਾਫ਼ ਮਾਮਲਾ ਦਰਜ
ਦਹੇਜ ਲਈ ਕੁੱਟਮਾਰ ਕਰਨ ਲਈ ਪਤਨੀ ਦੀ ਸ਼ਿਕਾਇਤ ’ਤੇ ਪਤੀ ਖਿਲਾਫ ਮਾਮਲਾ ਦਰਜ
Publish Date: Sat, 21 Mar 2026 06:59 PM (IST)
Updated Date: Sat, 21 Mar 2026 07:01 PM (IST)

ਅਮਰਜੀਤ ਧੀਮਾਨ, ਪੰਜਾਬੀ ਜਾਗਰਣ ਮੋਰਿੰਡਾ : ਮੋਰਿੰਡਾ ਸਿਟੀ ਪੁਲਿਸ ਵੱਲੋਂ ਨਜ਼ਦੀਕੀ ਪਿੰਡ ਢੋਲਣਮਾਜਰਾ ਦੀ ਖੰਨਾ ਵਿਖੇ ਵਿਆਹੀ ਗਈ ਇੱਕ ਵਿਆਹੁਤਾ ਲੜਕੀ ਵੱਲੋਂ ਆਪਣੇ ਪਤੀ, ਸੱਸ ਤੇ ਸਹੁਰੇ ਵੱਲੋਂ ਦਹੇਜ ਲਿਆਉਣ ਲਈ ਮਾਨਸਿਕ ਤੌਰ ’ਤੇ ਤੰਗ ਪ੍ਰੇਸ਼ਾਨ ਅਤੇ ਕੁੱਟਮਾਰ ਕਰਨ ਸਬੰਧੀ ਐੱਸਐੱਸਪੀ ਨੂੰ ਦਿੱਤੀ ਗਈ ਸ਼ਿਕਾਇਤ ਦੀ ਪੜਤਾਲ ਉਪਰੰਤ ਪਤੀ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਐੱਚਓ ਗੁਰਮੁੱਖ ਸਿੰਘ ਨੇ ਦੱਸਿਆ ਕਿ ਪਿੰਡ ਢੋਲਣ ਮਾਜਰਾ ਦੀ ਸੁਮਨਪ੍ਰੀਤ ਕੌਰ ਪੁੱਤਰੀ ਗੁਰਮੀਤ ਸਿੰਘ ਨੇ ਦਸੰਬਰ 2025 ਵਿਚ ਐੱਸਐੱਸਪੀ ਰੂਪਨਗਰ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦਾ ਵਿਆਹ ਜੁਲਾਈ 2023 ਵਿਚ ਹਰਪ੍ਰੀਤ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਵਾਰਡ ਨੰਬਰ-23, ਸ਼ਾਸ਼ਤਰੀ ਨਗਰ ਖੰਨਾ, ਜ਼ਿਲ੍ਹਾ ਲੁਧਿਆਣਾ ਨਾਲ ਹੋਇਆ ਸੀ। ਉਸ ਦੇ ਮਾਤਾ ਪਿਤਾ ਵੱਲੋਂ ਆਪਣੀ ਹੈਸੀਅਤ ਮੁਤਾਬਕ ਸੋਨੇ ਦੇ ਗਹਿਣੇ ਅਤੇ ਇੱਕ ਸਵਿਫਟ ਕਾਰ ਵੀ ਦਿੱਤੀ ਸੀ ਪ੍ਰੰਤੂ ਵਿਆਹ ਤੋਂ ਥੋੜਾ ਸਮਾਂ ਬਾਅਦ ਹੀ ਉਸ ਦੇ ਸੱਸ-ਸਹੁਰਾ ਅਤੇ ਪਤੀ ਵੱਲੋਂ ਹੋਰ ਦਾਜ ਲਿਆਉਣ ਦੀ ਮੰਗ ਕੀਤੀ ਜਾਣ ਲੱਗੀ। ਸੁਮਨਪ੍ਰੀਤ ਕੌਰ ਨੇ ਦੱਸਿਆ ਕਿ ਉਸ ਨੇ ਆਪਣੇ ਪਤੀ ਹਰਪ੍ਰੀਤ ਸਿੰਘ ਨੂੰ ਕਈ ਵਾਰ ਹੋਰ ਲੜਕੀਆਂ ਨਾਲ ਫੋਨ ’ਤੇ ਚੈਟਿੰਗ ਕਰਦੇ ਹੋਏ ਵੀ ਫੜਿਆ, ਜਿਸ ਸਬੰਧੀ ਉਸ ਵੱਲੋਂ ਆਪਣੇ ਸੱਸ-ਸਹੁਰੇ ਦੇ ਧਿਆਨ ਵਿਚ ਵੀ ਲਿਆਂਦਾ ਗਿਆ ਅਤੇ ਜਦੋਂ ਉਸ ਨੇ ਆਪਣੇ ਪਤੀ ਹਰਪ੍ਰੀਤ ਸਿੰਘ ਕੋਲੋਂ ਇਸ ਬਾਰੇ ਪੁੱਛਗਿੱਛ ਕਰਨ ਦੀ ਕੋਸ਼ਿਸ਼ ਕੀਤੀ ਤਾਂ ਹਰਪ੍ਰੀਤ ਸਿੰਘ ਉਸਦੀ ਕੁੱਟ ਮਾਰ ਕਰਨ ਲੱਗ ਪਿਆ ਅਤੇ ਤਲਾਕ ਦੇਣ ਦੀਆਂ ਧਮਕੀਆਂ ਦੇਣ ਲੱਗ ਪਿਆ। ਇਸੇ ਦੌਰਾਨ ਉਸ ਨੇ ਇੱਕ ਲੜਕੀ ਨੂੰ ਜਨਮ ਦਿੱਤਾ ਪ੍ਰੰਤੂ ਉਸਦਾ ਪਤੀ ਅਤੇ ਸੱਸ ਸਹੁਰਾ ਉਸ ਨੂੰ ਹੋਰ ਵੀ ਜ਼ਿਆਦਾ ਤੰਗ ਪਰੇਸ਼ਾਨ ਕਰਨ ਲੱਗ ਪਏ। ਉਸਦਾ ਪਤੀ ਹਰਪ੍ਰੀਤ ਸਿੰਘ ਰੋਜ਼ਾਨਾ ਸ਼ਰਾਬ ਪੀ ਕੇ ਉਸ ਨਾਲ ਲੜਾਈ ਝਗੜਾ ਕਰਨ ਅਤੇ ਕੁੱਟ ਮਾਰ ਕਰਨ ਲੱਗ ਪਿਆ। ਸੁਮਨਪ੍ਰੀਤ ਕੌਰ ਨੇ ਦੱਸਿਆ ਕਿ ਸਤੰਬਰ 2025 ਵਿਚ ਹਰਪ੍ਰੀਤ ਸਿੰਘ ਨੇ ਉਸ ਦੀ ਕੁੱਟਮਾਰ ਕਰਨ ਉਪਰੰਤ ਉਸ ਦੇ ਜੀਜੇ ਨੂੰ ਫੋਨ ਕਰਕੇ ਉਸ ਨੂੰ ਪੇਕੇ ਘਰ ਲੈ ਜਾਣ ਲਈ ਕਿਹਾ। ਇਸ ਦੇ ਉਪਰੰਤ ਉਹ ਆਪਣੀ ਬੱਚੀ ਸਮੇਤ ਆਪਣੇ ਭਰਾ ਨਾਲ ਉਸ ਦੇ ਪੇਕੇ ਪਿੰਡ ਢੋਲਣ ਮਾਜਰਾ ਆ ਗਈ। ਉਸ ਨੇ ਦੱਸਿਆ ਕਿ 14 ਨਵੰਬਰ 2025 ਨੂੰ ਉਹ ਪਿੰਡ ਦੇ ਮੋਹਤਬਰ ਵਿਅਕਤੀਆਂ ਦੀ ਹਾਜ਼ਰੀ ਵਿਚ ਆਪਣੀ ਬੱਚੀ ਦੇ ਕੁੱਝ ਕੱਪੜੇ ਅਤੇ ਦਸਤਾਵੇਜ਼ ਖੰਨਾ ਤੋਂ ਲੈ ਕੇ ਆਈ ਸੀ ਅਤੇ ਉਸ ਦਿਨ ਵੀ ਉਸਦੇ ਪਤੀ ਅਤੇ ਸਹੁਰੇ ਪਰਿਵਾਰ ਵੱਲੋਂ ਉਸ ਨੂੰ ਮੁੜ ਉਸ ਘਰ ਵਿਚ ਪੈਰ ਨਾ ਰੱਖਣ ਦੀ ਧਮਕੀ ਦਿੱਤੀ ਗਈ। ਉਸ ਨੇ ਦੋਸ਼ ਲਾਇਆ ਕਿ ਉਸਦੇ ਪਤੀ ਹਰਪ੍ਰੀਤ ਸਿੰਘ ਅਤੇ ਸੱਸ ਸਹੁਰੇ ਨੇ ਇੱਕ ਸਾਜਿਸ਼ ਅਧੀਨ ਦਹੇਜ ਲਈ ਤੰਗ ਪਰੇਸ਼ਾਨ ਕਰਕੇ ਉਸ ਨੂੰ ਅਤੇ ਉਸਦੀ ਬੱਚੀ ਨੂੰ ਘਰੋਂ ਕੱਢ ਦਿੱਤਾ। ਉਸ ਨੇ ਸੱਸ, ਸਹੁਰਾ ਅਤੇ ਪਤੀ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਐੱਸਐੱਚਓ ਗੁਰਮੁੱਖ ਸਿੰਘ ਨੇ ਦੱਸਿਆ ਕਿ ਸੁਮਨਪ੍ਰੀਤ ਕੌਰ ਵੱਲੋਂ ਦਿੱਤੀ ਸ਼ਿਕਾਇਤ ਦੀ ਪੜਤਾਲ ਡੀਐੱਸਪੀ ਕ੍ਰਾਈਮ ਅਗੇਂਸਟ ਵੂਮੈਨ ਐਂਡ ਚਿਲਡਰਨ ਵੱਲੋਂ ਕੀਤੀ ਗਈ, ਜਿਸ ਵਿਚ ਉਨ੍ਹਾਂ ਵੱਲੋਂ ਹਰਪ੍ਰੀਤ ਸਿੰਘ ਨੂੰ ਦੋਸ਼ੀ ਪਾਇਆ ਗਿਆ। ਇਸ ਦੇ ਉਪਰੰਤ ਡੀਏ ਲੀਗਲ ਦੀ ਰਾਏ ਲੈ ਕੇ ਅਤੇ ਐੱਸਐੱਸਪੀ ਰੂਪਨਗਰ ਦੀ ਪ੍ਰਵਾਨਗੀ ਨਾਲ ਹਰਪ੍ਰੀਤ ਸਿੰਘ ਖਿਲਾਫ ਬੀਐੱਨਐੱਸ ਦੀਆਂ ਵੱਖ ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰਕੇ ਮੁਲਜ਼ਮ ਦੀ ਗ੍ਰਿਫਤਾਰੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।