ਪਿੰਡ ਰੌਲੂਮਾਜਰਾ ਕੋਲ ਕਾਰ ਸਵਾਰ ਲੁਟੇਰਿਆਂ ਵੱਲੋਂ ਲੁੱਟ ਖੋਹ
ਪਿੰਡ ਰੌਲੂਮਾਜਰਾ ਕੋਲ ਕਾਰ ਸਵਾਰ ਲੁਟੇਰਿਆਂ ਵੱਲੋਂ ਲੁੱਟ ਖੋਹ
Publish Date: Sat, 21 Mar 2026 03:15 PM (IST)
Updated Date: Sat, 21 Mar 2026 03:16 PM (IST)

ਰਾਜਵੀਰ ਸਿੰਘ ਚੌਂਤਾ,ਪੰਜਾਬੀ ਜਾਗਰਣ ਸ਼੍ਰੀ ਚਮਕੌਰ ਸਾਹਿਬ : ਸ਼੍ਰੀ ਚਮਕੌਰ ਸਾਹਿਬ ਪੁਲਿਸ ਵੱਲੋਂ ਕਾਰ ਸਵਾਰ 4 ਨੌਜਵਾਨਾਂ ਵੱਲੋਂ ਇੱਕ ਮੋਟਰਸਾਈਕਲ ਚਾਲਕ ਦੀ ਕੁੱਟਮਾਰ ਕਰਕੇ ਲੁੱਟ ਖੋਹ ਕਰਨ ਸਬੰਧੀ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਰਜਿੰਦਰ ਕੁਮਾਰ ਨੇ ਦੱਸਿਆ ਕਿ ਵਿਸ਼ਾਲ ਸਿੰਘ ਪਿੰਡ ਜਜਰੀ (ਹਿਮਾਚਲ ਪ੍ਰਦੇਸ਼) ਵੱਲੋਂ ਪੁਲਿਸ ਕੋਲ ਲਿਖਵਾਏ ਬਿਆਨ ਵਿਚ ਦੱਸਿਆ ਕਿ ਉਹ ਡਾਕਟਰ ਆਈਟੀਐੱਮ ਕੰਪਨੀ ਵਿਚ ਬਤੌਰ ਕਸਟਮਰ ਕੇਅਰ ਐਗਜ਼ੀਕਿਊਟਿਵ ਵਜੋਂ ਕੰਮ ਕਰਦਾ ਹੈ। ਉਹ ਬੀਤੀ 17 ਮਾਰਚ ਨੂੰ ਰਾਤ ਕਰੀਬ 10 ਵਜੇ ਆਪਣਾ ਕੰਮ ਖਤਮ ਕਰਨ ਉਪਰੰਤ ਆਪਣੇ ਮੋਟਰਸਾਈਕਲ (ਐੱਚਪੀ-21 ਸੀ 5321) ’ਤੇ ਸ਼੍ਰੀ ਚਮਕੌਰ ਸਾਹਿਬ ਦੀ ਸਟੇਡੀਅਮ ਕਲੌਨੀ ਵਿਚ ਰਹਿੰਦੇ ਆਪਣੇ ਰਿਸ਼ਤੇਦਾਰ ਹਰਵਿੰਦਰ ਸਿੰਘ ਨੂੰ ਮਿਲਣ ਜਾ ਰਿਹਾ ਸੀ। ਉਸ ਨੇ ਦੱਸਿਆ ਕਿ ਜਦੋਂ ਉਹ ਪਿੰਡ ਰੌਲੂਮਾਜਰਾ ਦੇ ਨੇੜੇ ਪੁੱਜਾ ਤਾਂ ਇੱਕ ਸਿਲਵਰ ਰੰਗ ਦੀ ਕਾਰ ਦੇ ਚਾਲਕ ਨੇ ਆਪਣੀ ਕਾਰ ਉਸ ਦੇ ਮੋਟਰਸਾਈਕਲ ਅੱਗੇ ਲਗਾ ਕਿ ਰਸਤਾ ਰੋਕ ਲਿਆ, ਜਿਸ ਕਾਰਨ ਉਸ ਨੂੰ ਵੀ ਰੁਕਣਾ ਪਿਆ। ਵਿਸ਼ਾਲ ਸਿੰਘ ਨੇ ਦੱਸਿਆ ਕਿ ਕਾਰ ਵਿਚੋਂ ਤਿੰਨ ਨੌਜਵਾਨ ਬਾਹਰ ਆਏ, ਜਿਨ੍ਹਾਂ ਨੇ ਆਪਣੇ ਮੂੰਹ ਢਕੇ ਹੋਏ ਸਨ ਅਤੇ ਉਹ ਡੰਡਿਆਂ ਤੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਸਨ। ਉਸ ਨੇ ਦੱਸਿਆ ਕਿ ਉਕਤ ਨੌਜਵਾਨਾਂ ਵਿੱਚੋਂ ਇੱਕ ਨੌਜਵਾਨ ਨੇ ਉਸ ਦੇ ਮੋਟਰਸਾਈਕਲ ਦੀ ਚਾਬੀ ਕੱਢ ਲਈ ਅਤੇ ਤਿੰਨ ਨੌਜਵਾਨਾਂ ਨੇ ਉਸ ਨੂੰ ਧੱਕੇ ਨਾਲ ਕਾਰ ਵਿਚ ਸੁੱਟ ਕੇ ਕਾਰ ਭਜਾ ਲਈ, ਜਦੋਂ ਕਿ ਇੱਕ ਨੌਜਵਾਨ ਉਸ ਦਾ ਮੋਟਰਸਾਈਕਲ ਲੈ ਕੇ ਕਾਰ ਦੇ ਪਿੱਛੇ ਚੱਲਣ ਲੱਗਾ। ਉਸ ਨੇ ਦੱਸਿਆ ਕਿ ਕਾਰ ਸਵਾਰ ਨੌਜਵਾਨਾਂ ਨੇ ਕਾਰ ਵਿਚ ਹੀ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਦੇ ਹੱਥ ਵਿਚ ਪਾਇਆ ਚਾਂਦੀ ਦਾ ਕੜਾ, ਗਲ ਵਿਚ ਪਾਈ ਚਾਂਦੀ ਦੀ ਚੇਨ, ਮੋਬਾਈਲ ਫੋਨ, ਐੱਚਐੱਮਟੀ ਦੀ ਘੜੀ, ਪਰਸ ਸਮੇਤ 2 ਹਜ਼ਾਰ ਰੁਪਏ ਖੋਹ ਲਏ ਅਤੇ ਕਿੱਟ ਵਿੱਚੋਂ ਵੀ 2 ਹਜ਼ਾਰ ਰੁਪਏ ਕੱਢ ਲਏ। ਇਸ ਤੋਂ ਇਲਾਵਾ ਉਸ ਦਾ ਹੈਲਮਟ, ਹੈੱਡਫੋਨ, ਮੋਬਾਈਲ ਚਾਰਜਰ, ਜੈਕਟ ਅਤੇ ਉਸ ਦੇ ਕੱਪੜੇ ਆਦਿ ਵੀ ਖੋਹ ਲੈਣ ਉਪਰੰਤ ਉਸ ਨੂੰ ਕਿਸੇ ਸੁੰਨਸਾਨ ਜਗਾ ’ਤੇ ਸੁੱਟ ਗਏ। ਉਸ ਨੇ ਦੱਸਿਆ ਕਿ ਇਸ ਦੌਰਾਨ ਉਸ ਵੱਲੋਂ ਹਮਲਾਵਰਾਂ ਦੀ ਏਸੰਟ ਕਾਰ ਦਾ ਨੰਬਰ ਸੀਐੱਚ-03ਐੱਸ 5762 ਨੋਟ ਕਰ ਲਿਆ ਗਿਆ। ਵਿਸ਼ਾਲ ਸਿੰਘ ਨੇ ਦੱਸਿਆ ਕਿ ਹਮਲਾਵਰ ਆਪਸ ਵਿਚ ਗੱਲਬਾਤ ਕਰਦੇ ਸਮੇਂ ਕਾਰ ਚਾਲਕ ਦਾ ਨਾਮ ਮਹਿੰਗਾ, ਉਸ ਦੇ ਮੋਟਰਸਾਈਕਲ ’ਤੇ ਆ ਰਹੇ ਨੌਜਵਾਨ ਦਾ ਨਾਮ ਨੈਲਾ ਅਤੇ ਦੂਜਿਆਂ ਦੇ ਨਾਮ ਪਰਮਿੰਦਰ ਅਤੇ ਵਿਜੇ ਬੋਲ ਰਹੇ ਸਨ ਪੁਲਿਸ ਨੇ ਉਕਤ ਹਮਲਾਵਰਾਂ ਦੇ ਵਿਰੁੱਧ ਕੇਸ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ।