ਸੜਕਾਂ ’ਤੇ ਦੌੜਦੇ ਜੁਗਾੜੂ ਵਾਹਨ ਰਾਹਗੀਰਾਂ ਲਈ ਜਾਨ ਦਾ ਖਤਰਾ
ਸੜਕਾਂ ਤੇ ਖੁੱਲ੍ਹੇਆਮ ਦੌੜਦੇ ਜੁਗਾੜੂ ਵਾਹਨ ਰਾਹਗੀਰਾਂ ਦੀ ਜਾਨ ਦਾ ਬਣ ਰਹੇ ਖਤਰਾ
Publish Date: Fri, 20 Mar 2026 03:13 PM (IST)
Updated Date: Fri, 20 Mar 2026 03:16 PM (IST)

ਅਮਰਜੀਤ ਧੀਮਾਨ, ਪੰਜਾਬੀ ਜਾਗਰਣ ਮੋਰਿੰਡਾ : ਰਾਹਗੀਰਾਂ ਦੀ ਜਾਨ ਦਾ ਖੌਫ਼ ਬਣੇ ਭਾਰ ਢੋਹਣ ਵਾਲੇ ਜੁਗਾੜੂ ਮੋਟਰਸਾਈਕਲ ਰਿਕਸ਼ਿਆਂ ‘ਤੇ ਲੋਹਾ,ਪਾਈਪਾਂ, ਸੀਮੈਂਟ, ਲੋਹੇ ਦੀ ਸਟਰਿੰਗ, ਫਰਨੀਚਰ ਅਤੇ ਸਵਾਰੀਆਂ ਲੈ ਕੇ ਜਾਂਦੇ ਸੜਕਾਂ ‘ਤੇ ਸ਼ਰੇਆਮ ਦੌੜ ਰਹੇ ਹਨ ਉੱਧਰ ਪੁਲਿਸ ਬੇਖ਼ਬਰ ਹੈ। ਸੀਨੀਅਰ ਅਕਾਲੀ ਆਗੂ ਬਲਦੇਵ ਸਿੰਘ ਚੱਕਲ, ਮਲਕੀਤ ਸਿੰਘ ਚੱਕਲ, ਸਾਬਕਾ ਕੌਂਸਲਰ ਨੰਬਰਦਾਰ ਜਗਵਿੰਦਰ ਸਿੰਘ ਪੰਮੀ, ਸਾਬਕਾ ਕੌਂਸਲਰ ਜਗਪਾਲ ਸਿੰਘ ਜੌਲੀ, ਸਾਬਕਾ ਸਰਪੰਚ ਸੁਰਜੀਤ ਸਿੰਘ ਤਾਜਪੁਰ, ਯੂਥ ਆਗੂ ਪਰਮਿੰਦਰ ਸਿੰਘ ਬਿੱਟੂ ਕੰਗ ਅਤੇ ਲੱਖੀ ਸ਼ਾਹ, ਮਜੀਦ ਖਾਂ ,ਮੋਨੂੰ ਖਾਨ ਆਦਿ ਨੇ ਦੱਸਿਆ ਕਿ ਸੁਪਰੀਮ ਕੋਰਟ ਵੱਲੋਂ ਕਿਸੇ ਵੀ ਵਾਹਨ ਵਿਚ ਬਿਨਾਂ ਕਿਸੇ ਸਮਰੱਥ ਅਧਿਕਾਰੀ ਦੀ ਮਨਜ਼ੂਰੀ ਤੋਂ ਕਿਸੇ ਵੀ ਤਰ੍ਹਾਂ ਦੀ ਕੋਈ ਤਬਦੀਲੀ (ਮੋਡੀਫਿਕੇਸ਼ਨ) ਕਰਨ ‘ਤੇ ਸਖ਼ਤ ਪਾਬੰਦੀ ਲਗਾਈ ਹੋਈ ਹੈ, ਪ੍ਰੰਤੂ ਇਸ ਦੇ ਬਾਵਜੂਦ ਇਲਾਕੇ ਵਿਚ ਇਸ ਤਰ੍ਹਾਂ ਦੇ ਦਰਜਨਾਂ ਜੁਗਾੜੂ ਵਾਹਨ ਬੇ-ਰੋਕਟੋਕ ਚੱਲ ਰਹੇ ਹਨ। ਉਨ੍ਹਾਂ ਦੱਸਿਆ ਕਿ ਕਾਨੂੰਨੀ ਮਾਪਦੰਡਾਂ ਤੋਂ ਬਿਨਾਂ ਤਿਆਰ ਕੀਤੇ ਇਹ ਵਾਹਨ ਸੜਕ ਸੁਰੱਖਿਆ ਲਈ ਵੱਡਾ ਖਤਰਾ ਬਣ ਰਹੇ ਹਨ। ਉਨ੍ਹਾਂ ਦੱਸਿਆ ਕਿ ਸੀਮੇਂਟ, ਲੋਹਾ , ਰੇਤ, ਇੱਟਾਂ, ਬਜਰੀ, ਹਾਰਡਵੇਅਰ ਅਤੇ ਥੋਕ ਦਾ ਕਾਰੋਬਾਰ ਕਰਨ ਵਾਲਿਆਂ ਵੱਲੋਂ ਅਜਿਹੇ ਜਗਾੜੂ ਰਿਕਸ਼ੇ ਰੇਹੜੇ ਸ਼ਰੇਆਮ ਵਰਤੇ ਜਾ ਰਹੇ ਹਨ, ਪ੍ਰੰਤੂ ਕੋਈ ਰੋਕਟੋਕ ਨਹੀਂ ਹੈ। ਉਨ੍ਹਾਂ ਕਿਹਾਕਿ ਇਸ ਤਰ੍ਹਾਂ ਦੇ ਵਾਹਨਾਂ ਵਿਚ ਨਾ ਤਾਂ ਸੁਰੱਖਿਆ ਦੇ ਪ੍ਰਬੰਧ ਹੁੰਦੇ ਹਨ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਾਂ ਫਿਟਨੈੱਸ ਸਰਟੀਫਿਕੇਟ। ਸਗੋਂ ਅਜਿਹੇ ਬਹੁਤੇ ਚਾਲਕਾਂ ਕੋਲ ਲਾਈਸੰਸ ਵੀ ਨਹੀਂ ਹੁੰਦੇ। ਇਨ੍ਹਾਂ ਲੋਕਾਂ ਵੱਲੋਂ ਵਾਹਨਾਂ ਵਿਚ ਨਿਰਧਾਰਤ ਸਮਰੱਥਾ ਤੋਂ ਵੱਧ ਸਮਾਨ ਲੋਡ ਕੀਤਾ ਜਾਂਦਾ ਹੈ ਅਤੇ ਦਰਜਨਾ ਸਵਾਰੀਆਂ ਅਤੇ ਸਕੂਲੀ ਬੱਚੇ ਬਿਠਾਏ ਹੁੰਦੇ ਹਨ। ਜਿਸ ਨਾਲ ਕਿਸੇ ਵੀ ਵੇਲੇ ਹਾਦਸਾ ਵਾਪਰਨ ਦਾ ਖਤਰਾ ਬਣਿਆ ਰਹਿੰਦਾ ਹੈ ਅਤੇ ਸਕੂਲੀ ਬੱਚਿਆਂ ਅਤੇ ਔਰਤਾਂ ਦੀ ਜ਼ਿੰਦਗੀ ਸਦਾ ਦਾਅ ਤੇ ਲੱਗੀ ਰਹਿੰਦੀ ਹੈ। ਆਗੂਆ ਨੇ ਦੋਸ਼ ਲਗਾਇਆ ਹੈ ਕਿ ਟਰਾਂਸਪੋਰਟ ਵਿਭਾਗ ਅਤੇ ਪੁਲਿਸ ਪ੍ਰਸ਼ਾਸਨ ਦੇ ਕੁਝ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਕਾਰਨ ਇਹ ਗੈਰਕਾਨੂੰਨੀ ਪ੍ਰਚਲਨ ਬਿਨਾਂ ਕਿਸੇ ਡਰ ਭੈਅ ਦੇ ਨਿਰੰਤਰ ਜਾਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਕਾਰਵਾਈ ਨਾ ਕੀਤੀ ਗਈ ਤਾਂ ਕਿਸੇ ਸਮੇਂ ਵੀ ਕੋਈ ਗੰਭੀਰ ਹਾਦਸਾ ਹੋਣ ਤੋ ਇਨਕਾਰ ਨਹੀਂ ਕੀਤਾ ਜਾ ਸਕਦਾ। ਆਗੂਆ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਤਰ੍ਹਾਂ ਦੇ ਜੁਗਾੜੂ ਅਤੇ ਗੈਰਕਾਨੂੰਨੀ ਵਾਹਨਾਂ ਖ਼ਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇ ਅਤੇ ਸੜ੍ਕਾਂ ‘ਤੇ ਚੱਲਣ ਵਾਲੇ ਹੋਰ ਨਾ ਵਾਹਨਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਉਧਰ ਜਦੋਂ ਇਸ ਸਬੰਧੀ ਡੀਐਸਪੀ ਗੁਰਜੀਤ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਉਹਨਾਂ ਦੀ ਜਾਣਕਾਰੀ ਵਿਚ ਨਹੀਂ ਪ੍ਰੰਤੂ ਉਹ ਅਜਿਹੇ ਜੁਗਾੜੂ ਵਾਹਨਾਂ ਦੀ ਪੁਲਿਸ ਮੁਲਾਜ਼ਮਾਂ ਰਾਹੀਂ ਜਲਦ ਚੈਕਿੰਗ ਕਰਵਾਉਣਗੇ ਅਤੇ ਇਨ੍ਹਾਂ ਨੂੰ ਸੜਕਾਂ ਤੇ ਚੱਲਣ ਤੋਂ ਬੰਦ ਕਰਨਗੇ ਤਾਂ ਜੋ ਸੜ੍ਕਾਂ ਤੇ ਚੱਲਣ ਵਾਲੇ ਆਮ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।