ਘਰੇਲੂ ਗੈਸ ਸਿਲੰਡਰ ਨਾ ਮਿਲਣ ਕਾਰਨ ਖਪਤਕਾਰ ਪ੍ਰੇਸ਼ਾਨ
ਘਰੇਲੂ ਗੈਸ ਸਿਲੰਡਰ ਨਾ ਮਿਲਣ ਕਾਰਨ ਖਪਤਕਾਰ ਪ੍ਰੇਸ਼ਾਨ
Publish Date: Thu, 19 Mar 2026 03:34 PM (IST)
Updated Date: Thu, 19 Mar 2026 03:37 PM (IST)
ਜੌਲੀ ਸੂਦ, ਪੰਜਾਬੀ ਜਾਗਰਣ ਮੋਰਿੰਡਾ : ਬੁਕਿੰਗ ਦੇ ਬਾਵਜੂਦ ਘਰੇਲੂ ਗੈਸ ਸਿਲੰਡਰ ਨਾ ਮਿਲਣ ਕਾਰਨ ਖਪਤਕਾਰ ਸੜਕਾਂ ਤੇ ਰੁਲਣ ਲਈ ਮਜਬੂਰ ਹੋ ਰਹੇ ਹਨ। ਇਸ ਸਬੰਧੀ ਸਥਾਨਕ ਗੈਸ ਏਜੰਸੀ ਦੇ ਸਹੇੜੀ ਸਥਿਤ ਗੁਦਾਮ ਦੇ ਬਾਹਰ ਲੰਮੀ ਕਤਾਰ ਵਿਚ ਖੜ ਕੇ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਲੋਕਾਂ ਵਲੋਂ ਏਜੰਸੀ ਦੀ ਸਪਲਾਈ ਯਕੀਨੀ ਨਾ ਹੋਣ ਕਾਰਨ ਨਾਅਰੇਬਾਜ਼ੀ ਕੀਤੀ ਗਈ ਅਤੇ ਸਪਲਾਈ ਯਕੀਨੀ ਬਣਾਉਣ ਦੀ ਮੰਗ ਕੀਤੀ। ਇਸ ਸਬੰਧੀ ਪ੍ਰੈਸ ਨੋਟ ਜਾਰੀ ਕਰਦਿਆਂ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਗੁਰਚਰਨ ਸਿੰਘ ਢੋਲਣ ਮਾਜਰਾ ਨੇ ਦੱਸਿਆ ਕਿ ਗੈਸ ਸਿਲੰਡਰ ਬੁੱਕ ਹੋਣ ਦੇ ਕਈ ਕਈ ਦਿਨਾਂ ਬਾਅਦ ਵੀ ਸਿਲੰਡਰ ਨਹੀਂ ਮਿਲ ਰਹੇ। ਸਾਰਾ ਸਾਰਾ ਦਿਨ ਲਾਇਨ ਵਿਚ ਆਪਣੀ ਵਾਰੀ ਦੀ ਉਡੀਕ ਕਰਦੇ ਬਹੁਤ ਸਾਰੇ ਲੋਕਾਂ ਨੂੰ ਬਿਨਾਂ ਗੈਸ ਸਿਲੰਡਰ ਲਏ ਖਾਲੀ ਹੱਥ ਘਰ ਪਰਤਣਾ ਪੈ ਰਿਹਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਗੈਸ ਏਜੰਸੀ ਦੇ ਮਾਲਕ ਫੋਨ ਵੀ ਅਟੈਂਡ ਨਹੀਂ ਕਰ ਰਹੇ। ਗੈਸ ਸਿਲੰਡਰ ਲੈਣ ਲਈ ਲਾਈਨ ਵਿਚ ਖੜੇ ਰਣਬੀਰ ਸਿੰਘ ਖਮਾਣੋਂ, ਰਿੰਕੂ ਮੋਰਿੰਡਾ,ਤੇਲੂ ਰਾਮ ਮੋਰਿੰਡਾ, ਬਲਜੀਤ ਸਿੰਘ ਕਲੌੜ ਅਤੇ ਮਨਜੀਤ ਸਿੰਘ ਢੋਲਣ ਮਾਜਰਾ ਨੇ ਦੱਸਿਆ ਕਿ ਉਹ ਕਈ ਦਿਨਾਂ ਤੋਂ ਸਾਰਾ ਸਾਰਾ ਦਿਨ ਖੜ ਕੇ ਖਾਲੀ ਅਪਣੇ ਘਰਾਂ ਨੂੰ ਮੁੜ ਜਾਂਦੇ ਹਨ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਜ਼ੋਰਦਾਰ ਮੰਗ ਕੀਤੀ ਕਿ ਗੈਸ ਦੀ ਸਪਲਾਈ ਯਕੀਨੀ ਅਤੇ ਅਸਾਨ ਬਣਾਈ ਜਾਵੇ।