ਕੇਂਦਰੀ ਮੰਤਰੀ ਵੱਲੋਂ ਘਨੌਲੀ ਸਟੇਸ਼ਨ ਅਪਗ੍ਰੇਡ ਕਰਨ ਦਾ ਭਰੋਸਾ : ਲਾਲਪੁਰਾ
ਕੇਂਦਰੀ ਮੰਤਰੀ ਬਿੱਟੂ ਵੱਲੋਂ ਘਨੌਲੀ ਸਟੇਸ਼ਨ ਅਪਗ੍ਰੇਡ ਕਰਨ ਦਾ ਭਰੋਸਾ:ਲਾਲਪੁਰਾ
Publish Date: Wed, 18 Mar 2026 06:42 PM (IST)
Updated Date: Wed, 18 Mar 2026 06:46 PM (IST)

ਪੁਸ਼ਪਿੰਦਰ ਗੋਲੀਆ, ਪੰਜਾਬੀ ਜਾਗਰਣ ਰੂਪਨਗਰ : ਘਨੌਲੀ ਖੇਤਰ ਦੇ ਵਸਨੀਕਾਂ ਲਈ ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਘਨੌਲੀ ਰੇਲਵੇ ਸਟੇਸ਼ਨ ਦੇ ਅਪਗ੍ਰੇਡੇਸ਼ਨ ਅਤੇ ਅੰਡਰਪਾਸ ਦੀ ਮੰਗ ਜਲਦ ਹੀ ਅਜੈਵੀਰ ਲਾਲਪੁਰਾ ਦੇ ਯਤਨਾਂ ਸਦਕਾ ਪੂਰਣ ਹੋਣ ਜਾ ਰਹੀ ਹੈ। ਇਸ ਬਾਬਤ ਰੇਲਵੇ ਸਟੇਸ਼ਨ ਘਨੌਲੀ ਵਿਖੇ ਪਹੁੰਚ ਕੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਘਨੌਲੀ ਦੇ ਰੇਲਵੇ ਸਟੇਸ਼ਨ ਅਪਗ੍ਰੇਡ ਕਰਨ ਅਤੇ ਅੰਡਰਪਾਸ ਬਣਾਉਣ ਦੀ ਮੰਗ ਬਾਬਤ ਰੇਲਵੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨਾਲ ਫ਼ੋਨ ‘ਤੇ ਗੱਲ ਕੀਤੀ ਹੈ। ਲਾਲਪੁਰਾ ਨੇ ਕਿਹਾ ਕਿ ਕੇਂਦਰੀ ਮੰਤਰੀ ਵੱਲੋਂ ਇਹ ਮੰਗ ਜਲਦੀ ਹੀ ਪੂਰਾ ਕਰਨ ਦਾ ਭਰੋਸਾ ਦਿੱਤਾ। ਲਾਲਪੁਰਾ ਨੇ ਕਿਹਾ ਕਿ ਘਨੌਲੀ ਰੇਲਵੇ ਸਟੇਸ਼ਨ ਰੂਪਨਗਰ ਅਤੇ ਆਸ ਪਾਸ ਦੇ ਇਲਾਕਿਆਂ ਲਈ ਇੱਕ ਮਹੱਤਵਪੂਰਨ ਕੜੀ ਹੈ। ਇਹ ਸਟੇਸ਼ਨ ਹਿਮਾਚਲ ਪ੍ਰਦੇਸ਼ ਦੇ ਨਾਲਾਗੜ੍ਹ ਉਦਯੋਗਿਕ ਖੇਤਰ ਦੇ ਨਜ਼ਦੀਕ ਹੋਣ ਕਰਕੇ ਹਜ਼ਾਰਾਂ ਮਜ਼ਦੂਰਾਂ ਅਤੇ ਯਾਤਰੀਆਂ ਦੀ ਰੋਜ਼ਾਨਾ ਆਵਾਜਾਈ ਦਾ ਕੇਂਦਰ ਬਣਿਆ ਹੋਇਆ ਹੈ। ਇਸ ਦੇ ਬਾਵਜੂਦ ਇਥੇ ਬੁਨਿਆਦੀ ਸੁਵਿਧਾਵਾਂ ਦੀ ਘਾਟ ਯਾਤਰੀਆਂ ਲਈ ਮੁਸ਼ਕਲਾਂ ਪੈਦਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਘਨੌਲੀ ਸਟੇਸ਼ਨ ਇਲਾਕੇ ਦੇ ਨਿਵਾਸੀਆਂ ਲਈ ਸ਼੍ਰੀ ਅਨੰਦਪੁਰ ਸਾਹਿਬ ਜਾਣ ਵਾਲੇ ਲੱਖਾਂ ਸ਼ਰਧਾਲੂਆਂ ਲਈ ਇੱਕ ਅਹਿਮ ਦਰਵਾਜ਼ਾ ਹੈ ਕਿਉਂਕਿ ਇੱਥੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸਾਲ ਭਰ ਵੱਡੀ ਗਿਣਤੀ ਵਿਚ ਸੰਗਤ ਦਰਸ਼ਨ ਲਈ ਪਹੁੰਚਦੀ ਹੈ। ਉਨ੍ਹਾਂ ਕਿਹਾ ਕਿ ਘਨੌਲੀ ਸਟੇਸ਼ਨ ਦੀ ਮੌਜੂਦਾ ਹਾਲਤ ਇਸ ਧਾਰਮਿਕ ਸਥਾਨ ਦੀ ਮਹੱਤਤਾ ਦੇ ਅਨੁਕੂਲ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਦੇ ਇਲਾਵਾ ਸਟੇਸ਼ਨ ’ਤੇ ਦਿਵਿਆਂਗ ਤੇ ਬਜ਼ੁਰਗਾਂ ਲਈ ਰੈਂਪ ਤੇ ਲਿਫਟਾਂ ਦੀ ਵਿਵਸਥਾ, ਯਾਤਰੀਆਂ ਦੇ ਬੈਠਣ ਲਈ ਸਹੂਲਤ ਅਤੇ ਛੱਤ ਵਾਲੇ ਸ਼ੈੱਡ, ਟਿਕਟ ਕਾਊਂਟਰ ਤੇ ਪੁੱਛਗਿੱਛ ਸਹੂਲਤਾਂ ਵਿਚ ਸਮੇਤ ਸਫਾਈ, ਰੌਸ਼ਨੀ ਅਤੇ ਸੁਰੱਖਿਆ ਦੇ ਪ੍ਰਬੰਧ ਮਜ਼ਬੂਤ ਕੀਤੇ ਜਾਣ ਦੀ ਵੀ ਮੰਗ ਕੀਤੀ ਗਈ ਹੈ। ਇਸ ਦੇ ਨਾਲ ਹੀ ਘਨੌਲੀ ਰੇਲਵੇ ਫਾਟਕ ’ਤੇ ਅੰਡਰਪਾਸ ਬਣਾਉਣ ਦੀ ਵੀ ਲੋੜ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਰੇਲ ਲਾਈਨ ਤੋਂ ਅੱਗੇ ਲਗਭਗ 20 ਪਿੰਡਾਂ ਦੇ ਨਾਲ ਨਾਲ ਅੰਬੂਜਾ ਸੀਮੈਂਟ ਪਲਾਂਟ ਅਤੇ ਥਰਮਲ ਪਲਾਂਟ ਵਰਗੇ ਮਹੱਤਵਪੂਰਨ ਉਦਯੋਗਿਕ ਕੇਂਦਰ ਸਥਿਤ ਹਨ। ਅੰਡਰਪਾਸ ਦੀ ਗੈਰਹਾਜ਼ਰੀ ਕਾਰਨ ਆਮ ਲੋਕਾਂ ਨੂੰ ਆਵਾਜਾਈ ਵਿਚ ਦੇਰੀ, ਟ੍ਰੈਫਿਕ ਜਾਮ ਅਤੇ ਸੁਰੱਖਿਆ ਸਬੰਧੀ ਖਤਰੇ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਘਨੌਲੀ ਸਟੇਸ਼ਨ ਦੇ ਅਪਗ੍ਰੇਡ ਅਤੇ ਅੰਡਰਪਾਸ ਦੇ ਨਿਰਮਾਣ ਦੇ ਨਾਲ ਨਾ ਸਿਰਫ ਯਾਤਰੀਆਂ ਨੂੰ ਸੁਵਿਧਾ ਮਿਲੇਗੀ, ਬਲਕਿ ਧਾਰਮਿਕ ਟੂਰਿਜ਼ਮ, ਉਦਯੋਗਿਕ ਗਤੀਵਿਧੀਆਂ ਅਤੇ ਖੇਤਰੀ ਵਿਕਾਸ ਨੂੰ ਵੀ ਵੱਡਾ ਉਤਸ਼ਾਹ ਮਿਲੇਗਾ। ਉਨ੍ਹਾਂ ਕੇਂਦਰੀ ਮੰਤਰੀ ਤੋਂ ਇਸ ਮਾਮਲੇ ਵਿਚ ਤੁਰੰਤ ਅਤੇ ਸਕਾਰਾਤਮਕ ਕਾਰਵਾਈ ਦੀ ਅਪੀਲ ਕੀਤੀ ਹੈ, ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ ਅਤੇ ਇਲਾਕੇ ਦਾ ਸਮੂਹਿਕ ਵਿਕਾਸ ਯਕੀਨੀ ਬਣਾਇਆ ਜਾ ਸਕੇ।