ਬੇਅਦਬੀ ਰੋਕਣ ਲਈ ਕਾਨੂੰਨ ਦੀ ਮੰਗ ਨੂੰ ਲੈ ਕੇ ਵਿਧਾਇਕ ਨੂੰ ਸਵਾਲ-ਜਵਾਬ
ਬੇਅਦਬੀ ਰੋਕਣ ਲਈ ਸਖ਼ਤ ਕਾਨੂੰਨ ਦੀ ਮੰਗ ਨੂੰ ਲੈ ਕੇ ਧਰਮ ਯੁੱਧ ਮੋਰਚਾ ਸਰਗਰਮ, ਵਿਧਾਇਕ ਨਾਲ ਤਿੱਖੇ ਸਵਾਲ-ਜਵਾਬ
Publish Date: Wed, 18 Mar 2026 05:47 PM (IST)
Updated Date: Wed, 18 Mar 2026 05:49 PM (IST)

ਭਾਈ ਗੁਰਜੀਤ ਸਿੰਘ ਦੇ ਸਮਰਥਨ ’ਚ ਧਰਮ ਯੁੱਧ ਮੋਰਚਾ ਲਗਾਤਾਰ ਕਰ ਰਿਹਾ ਸੰਘਰਸ਼ ਅਮਰਜੀਤ ਧੀਮਾਨ, ਪੰਜਾਬੀ ਜਾਗਰਣ ਮੋਰਿੰਡਾ : ਪੰਜਾਬ ਵਿਚ ਲਗਾਤਾਰ ਸਾਹਮਣੇ ਆ ਰਹੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਸਿੱਖ ਸੰਗਤ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਨ੍ਹਾਂ ਘਟਨਾਵਾਂ ਨੂੰ ਰੋਕਣ ਲਈ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਪਿਛਲੇ ਲਗਭਗ 17 ਮਹੀਨਿਆਂ ਤੋਂ ਸਮਾਣਾ ਵਿਖੇ ਇੱਕ ਉੱਚੇ ਟਾਵਰ ‘ਤੇ ਸੰਘਰਸ਼ ਕਰ ਰਹੇ ਭਾਈ ਗੁਰਜੀਤ ਸਿੰਘ ਖਾਲਸਾ ਦੇ ਸਮਰਥਨ ਵਿਚ ਧਰਮ ਯੁੱਧ ਮੋਰਚਾ ਲਗਾਤਾਰ ਸੰਘਰਸ਼ ਕਰ ਰਿਹਾ ਹੈ। ਇਸੇ ਕੜੀ ਤਹਿਤ ਮੋਰਚੇ ਦੇ ਮੈਂਬਰਾਂ ਅਤੇ ਵੱਡੀ ਗਿਣਤੀ ਵਿਚ ਸੰਗਤ ਨੇ ਮੋਰਿੰਡਾ ਵਿਖੇ ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਦੇ ਦਫ਼ਤਰ ਪਹੁੰਚ ਕੇ ਸਰਕਾਰ ਤੋਂ ਜਵਾਬ ਮੰਗਿਆ। ਇਸ ਦੌਰਾਨ ਮੋਰਚੇ ਦੇ ਸੀਨੀਅਰ ਆਗੂਆਂ ਅਮਿਤੋਜ ਸਿੰਘ ਮਾਨ, ਖੁਸ਼ਇੰਦਰ ਸਿੰਘ ਜੰਡ ਸਾਹਿਬ, ਜੁਝਾਰ ਸਿੰਘ ਗਧਰਾਮ, ਅਤੇ ਸੰਗਤ ਨੇ ਵਿਧਾਇਕ ਨੂੰ ਸਿੱਧੇ ਸਵਾਲ ਕੀਤੇ ਕਿ ਆਖਿਰ ਬੇਅਦਬੀ ਵਰਗੇ ਗੰਭੀਰ ਮਸਲੇ ‘ਤੇ ਅਜੇ ਤੱਕ ਸਖ਼ਤ ਕਾਨੂੰਨ ਕਿਉਂ ਨਹੀਂ ਬਣਾਇਆ ਗਿਆ। ਉਨ੍ਹਾਂ ਕਿਹਾ ਕਿ 2015 ਤੋਂ ਲੈ ਕੇ ਹੁਣ ਤੱਕ 465 ਬੇਅਦਬੀ ਦੇ ਮਾਮਲੇ ਦਰਜ ਹੋ ਚੁੱਕੇ ਹਨ, ਅਤੇ ਬੇਸ਼ਰਮੀ ਦੀ ਹੱਦ ਦੇਖੋ ਸਾਜਿਸ਼ ਦੀ ਇੰਤਹਾ ਦੇਖੋ ਕਿ ਜਿੱਥੇ ਮੋਰਚਾ ਲੱਗਾ, ਉੱਥੇ ਮੋਰਚੇ ਤੋਂ 200 ਮੀਟਰ ਦੂਰੀ ‘ਤੇ ਵੀ ਬੇਅਦਬੀ ਹੁੰਦੀ ਹੈ। ਕੀ ਇਹ ਸਾਜਿਸ਼ ਨਹੀ ਹੈ? ਤਾਂ ਕਿ ਮਸਲਾ ਲਾਅ ਐਂਡ ਆਰਡਰ ਦਾ ਜਾਂ ਹਿੰਦੂ ਔਰ ਸਿੱਖ ਦਾ ਬਣਾ ਕਿ ਮੋਰਚੇ ਨੂੰ ਚੁਕਵਾਇਆ ਜਾ ਸਕੇ। ਪ੍ਰੰਤੂ ਦੋਸ਼ੀਆਂ ਨੂੰ ਸਖ਼ਤ ਸਜ਼ਾ ਨਹੀਂ ਮਿਲ ਰਹੀ, ਜਿਸ ਕਰਕੇ ਅਜਿਹੀਆਂ ਘਟਨਾਵਾਂ ਰੁਕਣ ਦੀ ਬਜਾਏ ਵੱਧ ਰਹੀਆਂ ਹਨ। ਮੋਰਚੇ ਦੇ ਆਗੂਆਂ ਨੇ ਦੋਸ਼ ਲਗਾਇਆ ਕਿ ਸਰਕਾਰਾਂ ਨੇ ਇਸ ਸੰਵੇਦਨਸ਼ੀਲ ਮਸਲੇ ‘ਤੇ ਸਿਰਫ਼ ਵਾਅਦੇ ਕੀਤੇ ਹਨ, ਪਰ ਕੋਈ ਢੁੱਕਵੀਂ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ 48 ਘੰਟਿਆਂ ਵਿਚ ਕਾਨੂੰਨ ਬਣਾਉਣ ਦੇ ਦਾਅਵੇ ਕੀਤੇ ਗਏ ਸਨ, ਪਰ ਚਾਰ ਸਾਲ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਕੋਈ ਢੁੱਕਵਾਂ ਕਾਨੂੰਨ ਲਾਗੂ ਨਹੀਂ ਕੀਤਾ ਗਿਆ। ਇਸ ਮੌਕੇ ਬੁਲਾਰਿਆ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖ ਪੰਥ ਦੇ ਜੀਵਤ ਗੁਰੂ ਹਨ ਅਤੇ ਉਨ੍ਹਾਂ ਦੀ ਬੇਅਦਬੀ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਬੇਅਦਬੀ ਦੀਆਂ ਘਟਨਾਵਾਂ ਦੇ ਪਿੱਛੇ ਕਿਸੇ ਵੱਡੀ ਸਾਜ਼ਿਸ਼ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਜਿਸ ਦਾ ਮਕਸਦ ਸਮਾਜ ਵਿਚ ਫੁੱਟ ਪਾਉਣਾ ਹੈ। ਮੋਰਚੇ ਦੇ ਮੈਂਬਰਾਂ ਨੇ ਇਹ ਵੀ ਕਿਹਾ ਕਿ ਕਈ ਵਾਰ ਬੇਅਦਬੀ ਦੀਆਂ ਘਟਨਾਵਾਂ ਅਜਿਹੇ ਸਮੇਂ ਅਤੇ ਥਾਵਾਂ ‘ਤੇ ਹੁੰਦੀਆਂ ਹਨ ਜਿੱਥੇ ਸੰਘਰਸ਼ ਚੱਲ ਰਿਹਾ ਹੁੰਦਾ ਹੈ, ਜਿਸ ਨਾਲ ਮਾਹੌਲ ਖਰਾਬ ਕਰਨ ਅਤੇ ਕਾਨੂੰਨ-ਵਿਵਸਥਾ ਨੂੰ ਬਿਗਾੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਉਹ ਸ਼ਾਂਤੀਪੂਰਨ ਢੰਗ ਨਾਲ ਸੰਘਰਸ਼ ਜਾਰੀ ਰੱਖਣ ਅਤੇ ਕਿਸੇ ਵੀ ਉਕਸਾਵੇ ਵਿਚ ਨਾ ਆਉਣ। ਇਸ ਮੌਕੇ ਵਿਧਾਇਕ ਡਾ. ਚਰਨਜੀਤ ਸਿੰਘ ਨੇ ਸੰਗਤ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਗੁਰੂ ਸਾਹਿਬ ਤੋਂ ਵੱਡਾ ਕੋਈ ਨਹੀਂ ਹੈ ਅਤੇ ਉਹ ਹਮੇਸ਼ਾਂ ਸੰਗਤ ਦੇ ਨਾਲ ਖੜੇ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਸਰਕਾਰ ਇਸ ਮਸਲੇ ਨੂੰ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਸਾਰੇ ਧਰਮਾਂ ਦੇ ਪ੍ਰਤਿਨਿਧੀਆਂ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਹੀ ਕਾਨੂੰਨ ਬਣਾਇਆ ਜਾਵੇਗਾ, ਤਾਂ ਜੋ ਕਿਸੇ ਵੀ ਭਾਈਚਾਰੇ ਨੂੰ ਅਲੱਗ-ਥਲੱਗ ਮਹਿਸੂਸ ਨਾ ਹੋਵੇ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਸ ਸਬੰਧ ਵਿਚ ਇੱਕ ਸਟੈਂਡਿੰਗ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਸ ਦੀ ਅਗਵਾਈ ਡਾ. ਇੰਦਰਬੀਰ ਸਿੰਘ ਨਿੱਜਰ ਕਰ ਰਹੇ ਹਨ। ਇਹ ਕਮੇਟੀ ਵੱਖ-ਵੱਖ ਧਰਮਾਂ ਅਤੇ ਸੰਪਰਦਾਵਾਂ ਦੇ ਪ੍ਰਤਿਨਿਧੀਆਂ ਨਾਲ ਗੱਲਬਾਤ ਕਰ ਰਹੀ ਹੈ ਅਤੇ ਉਨ੍ਹਾਂ ਦੀ ਰਾਏ ਦੇ ਆਧਾਰ ‘ਤੇ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਕਿਰਿਆ ਕੁਝ ਸਮਾਂ ਲੈ ਰਹੀ ਹੈ, ਪਰ ਸਰਕਾਰ ਦਾ ਇਰਾਦਾ ਸਾਫ਼ ਹੈ ਅਤੇ ਜਲਦੀ ਹੀ ਰਿਪੋਰਟ ਪੇਸ਼ ਕੀਤੀ ਜਾਵੇਗੀ। ਵਿਧਾਇਕ ਨੇ ਇਹ ਵੀ ਕਿਹਾ ਕਿ ਜੇਕਰ ਸਰਕਾਰ ਇਸ ਮਸਲੇ ‘ਤੇ ਕੋਈ ਸੰਤੋਸ਼ਜਨਕ ਫੈਸਲਾ ਨਹੀਂ ਲੈਂਦੀ, ਤਾਂ ਉਹ ਖੁਦ ਸੰਗਤ ਦੇ ਨਾਲ ਬੈਠਣ ਲਈ ਤਿਆਰ ਹਨ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਦੋਸ਼ੀਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਯਕੀਨੀ ਬਣਾਈ ਜਾਵੇਗੀ ਅਤੇ ਕਾਨੂੰਨ ਨੂੰ ਮਜ਼ਬੂਤ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਧਰਮ ਯੁੱਧ ਮੋਰਚਾ ਦੀ ਅਗਵਾਈ ਵਿਚ ਮੋਰਿੰਡਾ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਸ਼ਾਂਤੀਪੂਰਨ ਰੋਸ ਮਾਰਚ ਕੱਢਿਆ ਗਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਬੇਅਦਬੀ ਦੀਆਂ ਘਟਨਾਵਾਂ ‘ਤੇ ਸਖ਼ਤ ਰੁਖ ਅਪਣਾਉਣ ਦੀ ਮੰਗ ਕੀਤੀ। ਮੋਰਚੇ ਦੇ ਆਗੂ ਅਮਿਤੋਜ ਸਿੰਘ ਮਾਨ, ਖੁਸ਼ਇੰਦਰ ਸਿੰਘ ਜੰਡ ਸਾਹਿਬ, ਜੁਝਾਰ ਸਿੰਘ ਗਧਰਾਮ, ਪ੍ਰਧਾਨ ਜਸਪ੍ਰੀਤ ਸਿੰਘ, ਲਖਵੀਰ ਸਿੰਘ ਹਾਫਿਜ਼ਾਬਾਦ ਅਤੇ ਰੇਸ਼ਮ ਸਿੰਘ ਬਡਾਲੀ ਸਮੇਤ ਹੋਰ ਬੁਲਾਰਿਆ ਨੇ ਸੰਗਤ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਰਕਾਰ ਜਾਣਬੁੱਝ ਕੇ ਕਾਨੂੰਨ ਬਣਾਉਣ ਵਿਚ ਦੇਰੀ ਕਰ ਰਹੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਬੇਅਦਬੀ ਦੀਆਂ ਘਟਨਾਵਾਂ ਇੱਕ ਸੋਚੀ-ਸਮਝੀ ਸਾਜ਼ਿਸ਼ ਦੇ ਤਹਿਤ ਕਰਵਾਈਆਂ ਜਾ ਰਹੀਆਂ ਹਨ, ਤਾਂ ਜੋ ਲੋਕਾਂ ਵਿੱਚ ਧਾਰਮਿਕ ਤਣਾਅ ਪੈਦਾ ਕੀਤਾ ਜਾ ਸਕੇ ਅਤੇ ਸੰਘਰਸ਼ ਨੂੰ ਬਦਨਾਮ ਕੀਤਾ ਜਾ ਸਕੇ। ਇਸ ਮੌਕੇ ਖੁਸ਼ਇੰਦਰ ਸਿੰਘ ਜੰਡ ਸਾਹਿਬ, ਜੁਝਾਰ ਸਿੰਘ ਗਧਰਾਮ, ਜਸਪ੍ਰੀਤ ਸਿੰਘ ਗਧਰਾਮ, ਲਖਬੀਰ ਸਿੰਘ ਹਾਫਿਜ਼ਾਬਾਦ, ਡੀਸੀ ਖਰੌੜ, ਪ੍ਰਗਟ ਸਿੰਘ ਰੋਲੂਮਾਜਰਾ, ਵਰਿੰਦਰ ਸਿੰਘ ਮਹਿਤੋਤ, ਗੁਰਮੀਤ ਸਿੰਘ ਸੰਧੂ ਫਤਿਹਪੁਰ, ਸੀਨੀਅਰ ਕਿਸਾਨ ਆਗੂ ਬਖਤੌਰ ਸਿੰਘ ਅਤੇ ਕਰਮਜੀਤ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਤੇ ਸੰਗਤ ਲਈ ਲੰਗਰ ਦੀ ਸੇਵਾ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਸੁਰਿੰਦਰ ਸਿੰਘ ਦਿੱਲੀ ਵਾਲਿਆ ਵੱਲੋ ਨਿਭਾਈ ਗਈ। ਇਸ ਮੌਕੇ ਤੇ ਵਿਧਾਇਕ ਡਾ.ਚਰਨਜੀਤ ਸਿੰਘ ਦੇ ਨਾਲ ਨਗਰ ਕੌਂਸਲ ਦੇ ਪ੍ਰਧਾਨ ਜਗਦੇਵ ਸਿੰਘ ਭਟੋਆ, ਸ਼ੂਗਰ ਮਿੱਲ ਦੇ ਵਾਈਸ ਚੇਅਰਮੈਨ ਸੁਰਿੰਦਰ ਸਿੰਘ ਚੈੜੀਆਂ, ਜਗਤਾਰ ਸਿੰਘ ਘੜੂੰਆਂ ਰਾਜਨੀਤਕ ਸਕੱਤਰ, ਪੀਏ ਸ੍ਰੀ ਚੰਦ, ਬਲਾਕ ਸੰਮਤੀ ਖਰੜ ਦੇ ਵਾਈਸ ਚੇਅਰਮੈਨ ਨਿਰਪਾਲ ਸਿੰਘ ਮੰਡੇਰ, ਡੀਐਸਪੀ ਗੁਰਜੀਤ ਸਿੰਘ, ਡੀਐਸਪੀ ਗੁਰਬਿੰਦਰ ਸਿੰਘ ਢਿੱਲੋਂ, ਇੰਸਪੈਕਟਰ ਰਣਜੀਤ ਸਿੰਘ ਐਸਐਚਓ ਮੋਰਿੰਡਾ ਸਦਰ। ਸਬ ਇੰਸਪੈਕਟਰ ਗੁਰਮੁੱਖ ਸਿੰਘ ਐਸਐਚਓ ਮੋਰਿੰਡਾ ਸ਼ਹਿਰੀ ਸਮੇਤ ਵੱਡੀ ਗਿਣਤੀ ਵਿਚ ਆਪ ਆਗੂ ,ਵਲੰਟੀਅਰ ਅਤੇ ਪੁਲਿਸ ਅਧਿਕਾਰੀ ਆਦਿ ਹਾਜ਼ਰ ਸਨ।