ਜ਼ਿਲ੍ਹਾ ਚੋਣ ਅਫ਼ਸਰ ਨੇ ਇਲੈਕਟਰ ਮੈਪਿੰਗ ਦਾ ਜਾਇਜ਼ਾ ਲਿਆ
ਜ਼ਿਲ੍ਹਾ ਚੋਣ ਅਫ਼ਸਰ ਨੇ ਪ੍ਰੀ-ਐੱਸਆਈਆਰ ਮੁਹਿੰਮ ਵਿਚ ਇਲੈਕਟਰ ਮੈਪਿੰਗ ਦਾ ਜਾਇਜ਼ਾ
Publish Date: Tue, 17 Mar 2026 06:06 PM (IST)
Updated Date: Tue, 17 Mar 2026 06:10 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਰੂਪਨਗਰ ਅਦਿੱਤਿਆ ਡੇਚਲਵਾਲ ਨੇ ਚੱਲ ਰਹੀ ਪ੍ਰੀ-ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐੱਸਆਈਆਰ) ਮੁਹਿੰਮ ਵਿਚ ਇਲੈਕਟਰ ਮੈਪਿੰਗ ਦਾ ਜਾਇਜ਼ਾ ਲਿਆ ਤੇ ਜ਼ਿਲ੍ਹੇ ਵਿਚ ਪੈਂਦੇ ਵਿਧਾਨ ਸਭਾ ਚੋਣ ਹਲਕਾ 49-ਸ਼੍ਰੀ ਅਨੰਦਪੁਰ ਸਾਹਿਬ, 50-ਰੂਪਨਗਰ ਅਤੇ 51-ਸ਼੍ਰੀ ਚਮਕੌਰ ਸਾਹਿਬ ਦੇ ਸਮੂਹ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਦੌਰਾਨ ਅਦਿੱਤਿਆ ਡੇਚਲਵਾਲ ਨੇ ਦੱਸਿਆ ਕਿ ਇਸ ਸਮੇਂ ਜ਼ਿਲ੍ਹੇ ਵਿਚ ਇਲੈਕਟਰ ਮੈਪਿੰਗ ਦਾ 70.06 ਫ਼ੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ। ਉਨ੍ਹਾਂ ਸਮੂਹ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਉਹ 80 ਫ਼ੀਸਦੀ ਤੋਂ ਘੱਟ ਪੋਲਿੰਗ ਬੂਥਾਂ ਦੇ ਬੀਐੱਲਓਜ਼ ਨਾਲ ਮੀਟਿੰਗ ਕਰਕੇ ਕੰਮ ਵਿਚ ਤੇਜ਼ੀ ਲਿਆਉਣ ਅਤੇ ਇਸ ਹਫਤੇ ਵਿਚ 85 ਫ਼ੀਸਦੀ ਕੰਮ ਮੁਕੰਮਲ ਕਰਨ। ਉਨ੍ਹਾਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਪੰਜਾਬ ਰਾਜ ਵਿਚ ਐੱਸਆਈਆਰ ਦੀ ਮੁਹਿੰਮ ਕਿਸੇ ਵੀ ਸਮੇਂ ਸ਼ੁਰੂ ਹੋ ਸਕਦੀ ਹੈ। ਉਨ੍ਹਾਂ ਮੁੱਖ ਚੋਣ ਅਫ਼ਸਰ, ਪੰਜਾਬ, ਚੰਡੀਗੜ੍ਹ ਵਲੋਂ ਪ੍ਰਾਪਤ ਗਣਨਾ ਫਾਰਮ ਡਾਊਨਲੋਡ ਕਰਨ ਅਤੇ ਸੀਈਓ ਦਫ਼ਤਰ ਨੂੰ ਭੇਜਣ ਲਈ ਐੱਸਓਪੀ ਦੀਆਂ ਹਦਾਇਤਾਂ ਬਾਰੇ ਜਾਣਕਾਰੀ ਦਿੱਤੀ ਅਤੇ ਅਗੇਤਰੇ ਲੋੜੀਂਦੇ ਪ੍ਰਬੰਧ ਕਰਨ ਦੀ ਹਦਾਇਤ ਵੀ ਕੀਤੀ ਜਿਸ ਵਿਚ 5-5 ਕੰਪਿਊਟਰ ਅਤੇ ਸ਼ਿਫਟ ਵਾਈਜ਼ 10 ਕੰਪਿਊਟਰ ਟੀਚਰਾਂ ਦੀ ਡਿਊਟੀ ਲਗਾਈ ਜਾਣੀ ਹੈ। ਉਨ੍ਹਾਂ ਵੱਲੋਂ ਇਸ ਤੋਂ ਇਲਾਵਾ ਗਣਨਾ ਫਾਰਮ ਨੂੰ ਈਸੀਆਈਨੈੱਟ ਤੋਂ ਡਾਊਨਲੋਡ ਅਤੇ ਮੁੱਖ ਚੋਣ ਅਫ਼ਸਰ, ਪੰਜਾਬ, ਚੰਡੀਗੜ੍ਹ ਦੇ ਸਰਵਰ ’ਤੇ ਸਮੇਂ ਸਿਰ ਅਪਲੋਡ ਕਰਨ ਲਈ ਕਿਹਾ ਗਿਆ। ਉਨ੍ਹਾਂ ਜ਼ਿਲ੍ਹਾ ਰੂਪਨਗਰ ਦੇ ਸਮੂਹ ਵੋਟਰਾਂ ਨੂੰ ਪੋਲਿੰਗ ਬੂਥ ’ਤੇ ਨਿਯੁਕਤ ਬੀਐੱਲਓਜ਼ ਨੂੰ ਪੂਰਨ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ। ਇਸ ਮੌਕੇ ਏਡੀਸੀ-ਕਮ-ਵਧੀਕ ਜ਼ਿਲਾ ਚੋਣ ਅਫ਼ਸਰ ਅਵਿਕੇਸ਼ ਗੁਪਤਾ ਵਲੋਂ ਵੀ ਐੱਸਆਈਆਰ ਸਬੰਧੀ ਸੰਖੇਪ ਜਾਣਕਾਰੀ ਦਿੱਤੀ ਗਈ। ਇਸ ਮੀਟਿੰਗ ਵਿਚ ਸੀਐੱਮਐੱਫਓ ਅਭਿਮੰਨਿਊ ਮਲਿਕ, ਐੱਸਡੀਐੱਮ ਰੂਪਨਗਰ ਜਸਪ੍ਰੀਤ ਸਿੰਘ, ਐੱਸਡੀਐੱਮ ਨੰਗਲ ਸਚਿਨ ਪਾਠਕ, ਐੱਸਡੀਐੱਮ ਸ਼੍ਰੀ ਅਨੰਦਪੁਰ ਸਾਹਿਬ ਸੁਖਪਾਲ ਸਿੰਘ, ਐੱਸਡੀਐੱਮ ਸ਼੍ਰੀ ਚਮਕੌਰ ਸਾਹਿਬ ਪ੍ਰਦੀਪ ਸਿੰਘ ਬੈਂਸ, ਐੱਸਡੀਐੱਮ ਮੋਰਿੰਡਾ ਚੇਤਨ ਬੰਗੜ ਅਤੇ ਹੋਰ ਉੱਚ ਅਧਿਕਾਰੀ ਹਾਜ਼ਰ ਸਨ।