ਪ੍ਰਵਾਸੀ ਮਹਿਲਾ ਤੋ ਪਰਸ ਖੋਹ ਕੇ ਲੁੱਟੇ 1 ਲੱਖ, ਮਾਮਲਾ ਦਰਜ
ਇਕ ਪ੍ਰਵਾਸੀ ਔਰਤ ਤੋ ਪਰਸ ਖੋਹ ਕੇ ਲੁੱਟੇ 1 ਲੱਖ ਰੁਪਏ, ਮਾਮਲਾ ਦਰਜ
Publish Date: Tue, 17 Mar 2026 05:31 PM (IST)
Updated Date: Tue, 17 Mar 2026 05:34 PM (IST)

ਅਮਰਜੀਤ ਧੀਮਾਨ, ਪੰਜਾਬੀ ਜਾਗਰਣ ਮੋਰਿੰਡਾ : ਮੋਰਿੰਡਾ ਅਤੇ ਆਸ-ਪਾਸ ਇਲਾਕਿਆਂ ਚ ਕਾਫੀ ਸਮੇਂ ਤੋਂ ਚੋਰ ਗਿਰੋਹ ਕਾਫੀ ਸਰਗਰਮ ਹਨ। ਇਨ੍ਹਾ ਚੋਰ, ਲੁਟੇਰਿਆਂ ਵੱਲੋਂ ਜਿੱਥੇ ਆਸ ਪਾਸ ਦੇ ਪਿੰਡਾਂ ਦੇ ਕਿਸਾਨਾਂ ਦੀਆਂ ਮੋਟਰਾਂ ਤੋਂ ਕੇਬਲਾਂ, ਫਿਊਜ ਅਤੇ ਸਟਾਰਟਰ ਆਦਿ ਚੋਰੀ ਕਰਕੇ ਕਿਸਾਨਾਂ ਨੂੰ ਵੱਡਾ ਆਰਥਿਕ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ, ਉੱਥੇ ਇਸ ਗਿਰੋਹ ਵੱਲੋਂ ਹਥਿਆਰਾਂ ਦੀ ਨੋਕ ਤੇ ਪ੍ਰਵਾਸੀ ਮਜ਼ਦੂਰਾਂ ਕੋਲੋਂ ਨਗਦੀ ਆਦਿ ਵੀ ਲੁੱਟਣ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਅਜਿਹਾ ਹੀ ਮਾਮਲਾ ਕੁਝ ਦਿਨ ਪਹਿਲਾਂ ਸਥਾਨਕ ਜੌਲੀ ਮਾਰਕੀਟ ਵਿੱਚ ਸਾਹਮਣੇ ਆਇਆ, ਜਿੱਥੇ ਇੱਕ ਐਕਟੀਵਾ ਤੇ ਸਵਾਰ ਤਿੰਨ ਅਣਪਛਾਤੇ ਲੁਟੇਰੇ ਜੌਲੀ ਮਾਰਕੀਟ ਵਿਚ ਸਥਿਤ ਇੱਕ ਹਸਪਤਾਲ ਵਿਚ ਮੈਡੀਕਲ ਚੈਕ ਅਪ ਕਰਵਾਉਣ ਆਈ ਇੱਕ ਪ੍ਰਵਾਸੀ ਮਹਿਲਾ ਤੋਂ ਉਸ ਦਾ ਪਰਸ ਝਪਟ ਕੇ ਭੱਜ ਨਿਕਲੇ ਜਿਸ ਵਿਚ ਮਹਿਲਾ ਅਨੁਸਾਰ ਇਕ ਲੱਖ ਰੁਪਏ ਤੋਂ ਵੱਧ ਰਕਮ ਅਤੇ ਜਰੂਰੀ ਦਸਤਾਵੇਜ਼ ਸਨ। ਇਸ ਸਬੰਧੀ ਮੋਰਿੰਡਾ ਸ਼ਹਿਰੀ ਪੁਲਿਸ ਸਟੇਸ਼ਨ ਵਿਚ ਲਿਖਵਾਈ ਰਿਪੋਰਟ ਵਿਚ ਦੀਪਕ ਕੁਮਾਰ ਪੁੱਤਰ ਲੇਟ ਓਮ ਪ੍ਰਕਾਸ਼ ਵਾਸੀ ਸਰਪੰਚ ਇਨਕਲੇਵ ਰੂਪਨਗਰ ਨੇ ਪੁਲਿਸ ਨੂੰ ਦੱਸਿਆ ਕਿ ਉਹ 12 ਮਾਰਚ ਨੂੰ ਉਹ ਆਪਣੀ ਪਤਨੀ ਪ੍ਰੀਆ ਦਾ ਮੈਡੀਕਲ ਚੈਕ ਅਪ ਕਰਵਾਉਣ ਲਈ ਜੋਲੀ ਮਾਰਕੀਟ ਵਿਚ ਸਥਿਤ ਗੁਰਪ੍ਰੀਤ ਹਸਪਤਾਲ ਵਿਚ ਆਏ ਸਨ। ਜਿੱਥੇ ਉਹ ਆਪਣੀ ਪਤਨੀ ਨੂੰ ਹਸਪਤਾਲ ਅੱਗੇ ਉਤਾਰ ਕੇ ਗੱਡੀ ਪਾਰਕਿੰਗ ਕਰਨ ਲਈ ਚਲੇ ਗਏ ਤਾਂ ਏਨੇ ਵਿਚ ਦੋ ਅਣਪਛਾਤੇ ਵਿਅਕਤੀ ਉਸ ਦੀ ਪਤਨੀ ਕੋਲੋਂ 20 ਰੁਪਏ ਦੇਣ ਦੀ ਮੰਗ ਕਰਨ ਲੱਗ ਪਏ। ਦੀਪਕ ਕੁਮਾਰ ਨੇ ਦੱਸਿਆ ਕਿ ਜਦੋਂ ਉਸ ਦੀ ਪਤਨੀ ਆਪਣੇ ਪਰਸ ਵਿੱਚੋਂ 20 ਰੁਪਏ ਕੱਢ ਕੇ ਦੇਣ ਲੱਗੀ ਤਾਂ ਕੋਲ ਖੜੇ ਇੱਕ ਹੋਰ ਵਿਅਕਤੀ ਨੇ ਝਪਟ ਮਾਰ ਕੇ ਪਰਸ ਖੋਹ ਲਿਆ, ਜਿਸ ਵਿਚ ਕਰੀਬ ਇੱਕ ਲੱਖ ਰੁਪਏ ਦੀ ਨਕਦੀ ਤੇ ਜਰੂਰੀ ਦਸਤਾਵੇਜ ਸਨ। ਦੀਪਕ ਨੇ ਦੱਸਿਆ ਕਿ ਐਕਟਿਵਾ ਦਾ ਪਿੱਛਾ ਕਰਨ ਤੇ ਉਸ ਵੱਲੋਂ ਐਕਟਿਵਾ ਦਾ ਨੰਬਰ ਸੀਐਚ- 01- ਸੀਆਰ- 4147 ਪੜ੍ਹਿਆ ਗਿਆ ਜਦਕਿ ਉਨ੍ਹਾਂ ਵੱਲੋ ਆਪਣੇ ਪੱਧਰ ਤੇ ਭਾਲ ਕਰਨ ਤੇ ਐਕਟਿਵਾ ਚਾਲਕ ਦਾ ਨਾਮ ਨਾਫੀਸ ਪੁੱਤਰ ਫਰੂਕ ਆਲਮ ਨਿਵਾਸੀ ਸੈਕਟਰ 45 ਚੰਡੀਗੜ੍ਹ ਪਤਾ ਲੱਗਿਆ ਹੈ। ਦੀਪਕ ਕੁਮਾਰ ਨੇ ਪੁਲਿਸ ਅਧਿਕਾਰੀਆਂ ਤੋਂ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕਰਨ ਅਤੇ ਪੈਸੇ ਤੇ ਦਸਤਾਵੇਜ ਵਾਪਸ ਕਰਵਾਉਣ ਦੀ ਮੰਗ ਕੀਤੀ ਹੈ। ਇਸੇ ਦੌਰਾਨ ਸਵੇਰੇ ਸਬਜੀ ਮੰਡੀ ਵਿੱਚੋਂ ਸਬਜ਼ੀ ਖਰੀਦਣ ਗਏ ਇੱਕ ਸਬਜ਼ੀ ਵਿਕਰੇਤਾ ਦੇਵਰਾਜ ਪੰਡਿਤ ਪੁੱਤਰ ਹਰੀ ਪੰਡਿਤ ਵਾਸੀ ਮੋਰਿੰਡਾ ਨੂੰ ਅਨਾਜ ਮੰਡੀ ਦੇ ਗੇਟ ਤੇ ਐਕਟਿਵਾ ਸਵਾਰ ਤਿੰਨ ਅਣਪਛਾਤੇ ਨੌਜਵਾਨਾਂ ਨੇ ਘੇਰ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਜਖਮੀ ਕਰ ਦਿੱਤਾ ਅਤੇ ਉਸ ਕੋਲੋਂ ਲਗਭਗ 7000 ਰੁਪਏ ਲੁੱਟ ਕੇ ਫਰਾਰ ਹੋ ਗਏ। ਜਖਮੀ ਹੋਏ ਦੇਵਰਾਜ ਪੰਡਿਤ ਵੱਲੋਂ ਸ਼ੋਰ ਮਚਾਉਣ ਤੇ ਹਮਲਾਵਰ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ ਅਤੇ ਸਾਥੀਆਂ ਵੱਲੋਂ ਲਹੂ ਲੁਹਾਨ ਹੋਏ ਦੇਵ ਰਾਜ ਪੰਡਿਤ ਨੂੰ ਇਲਾਜ ਲਈ ਸਰਕਾਰੀ ਸਿਵਲ ਹਸਪਤਾਲ ਮੋਰਿੰਡਾ ਵਿਖੇ ਭਰਤੀ ਕਰਵਾਇਆ ਗਿਆ। ਜਿੱਥੇ ਡਾਕਟਰਾਂ ਵੱਲੋਂ ਉਸਦੇ ਜਖਮਾਂ ਤੇ ਅੱਠ ਤੋਂ ਵੱਧ ਟਾਂਕੇ ਲਗਾਏ ਗਏ। ਦੇਵਰਾਜ ਪੰਡਿਤ ਨੇ ਦੱਸਿਆ ਕਿ ਉਹ ਸ਼ਹਿਰ ਵਿਚ ਸਬਜ਼ੀ ਦੀ ਰੇਹੜੀ ਲਗਾਉਂਦਾ ਹੈ ਅਤੇ ਹਰ ਰੋਜ਼ ਸਬਜੀ ਮੰਡੀ ਵਿੱਚੋਂ ਸਬਜ਼ੀ ਖਰੀਦ ਕੇ ਅੱਗੇ ਵੇਚਦਾ ਹੈ, ਰੋਜਾਨਾ ਵਾਂਗ ਜਦੋਂ ਅੱਜ ਉਹ ਸਵੇਰੇ ਪੰਜ ਵਜੇ ਸਬਜ਼ੀ ਮੰਡੀ ਵਿਚ ਗਿਆ ਤਾਂ ਗੇਟ ਤੇ ਹੀ ਇੱਕ ਐਕਟਿਵਾ ਤੇ ਸਵਾਰ ਤਿੰਨ ਨੌਜਵਾਨਾਂ ਵੱਲੋ ਘੇਰ ਕੇ ਉਸ ਪਾਸੋਂ ਪੈਸਿਆਂ ਦੀ ਮੰਗ ਕੀਤੀ ਗਈ। ਪ੍ਰੰਤੂ ਉਸ ਵੱਲੋਂ ਮਨ੍ਹਾਂ ਕਰਨ ਤੇ ਇਨਾਂ ਲੁਟੇਰਿਆਂ ਨੇ ਕਿਰਪਾਨਾਂ ਨਾਲ ਉਸਦੇ ਹਮਲਾ ਕਰ ਦਿੱਤਾ ਤੇ ਉਸਦੀ ਜੇਬ ਵਿੱਚੋਂ ਸਬਜ਼ੀ ਖਰੀਦਣ ਲਈ ਲਿਆਂਦੇ ਗਏ ਕਰੀਬ 7000 ਲੁੱਟ ਕੇ ਤਿੰਨੋ ਹਮਲਾਵਰ ਭੱਜ ਨਿਕਲੇ । ਦੇਵਰਾਜ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਹਮਲਾਵਰਾਂ ਵੱਲੋਂ ਦੋ ਵਾਰ ਉਸ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਪ੍ਰੰਤੂ ਦੋਨੋਂ ਵਾਰ ਉਹ ਬਚ ਗਿਆ ਸੀ ਦੇਵਰਾਜ ਨੇ ਦੱਸਿਆ ਕਿ ਇਸ ਸਬੰਧੀ ਮੋਰਿੰਡਾ ਸ਼ਹਿਰੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਐਸਐਚਓ ਸਿਟੀ ਗੁਰਮੁੱਖ ਸਿੰਘ ਨੇ ਦੱਸਿਆ ਕਿ ਦੀਪਕ ਕੁਮਾਰ ਵੱਲੋਂ ਦਿੱਤੀ ਰਿਪੋਰਟ ਦੇ ਅਧਾਰ ਤੇ ਨਾਫੀਸ ਪੁੱਤਰ ਫਾਰੂਕ ਆਲਮ ਸਮੇਤ ਦੋ ਅਣਪਛਾਤੇ ਵਿਅਕਤੀਆਂ ਖਿਲਾਫ ਬੀਐਨਐਸ ਦੀਆਂ ਵੱਖ ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕਰਕੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜਦਕਿ ਦੇਵਰਾਜ ਪੰਡਿਤ ਤੇ ਹੋਏ ਹਮਲੇ ਤੇ ਪੈਸੇ ਲੁੱਟਣ ਸਬੰਧੀ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਇਨ੍ਹਾਂ ਲੁਟੇਰਿਆਂ ਨੂੰ ਗ੍ਰਿਫਤਾਰ ਕਰਕੇ ਕਾਨੂੰਨ ਦੇ ਹਵਾਲੇ ਕੀਤਾ ਜਾਵੇਗਾ।