ਇਨਲਿਸਟਮੈਟ ਤੇ ਆਊਟਸੋਰਸ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਮੰਗ
ਇਨਲਿਸਟਮੈਟ ਤੇ ਆਊਟਸੋਰਸ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਮੰਗ
Publish Date: Fri, 13 Mar 2026 03:27 PM (IST)
Updated Date: Fri, 13 Mar 2026 03:30 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਰੂਪਨਗਰ ਵਿਖੇ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ ਸੂਬਾ ਕਮੇਟੀ ਦੇ ਸੱਦੇ ’ਤੇ ਸਤਨਾਮ ਸਿੰਘ ਸਰਸਾ ਨੰਗਲ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੇ 2026-27 ਦੇ ਬਜਟ ਦੀਆਂ ਕਾਪੀਆਂ ਸਾੜੀਆਂ ਗਈਆਂ। ਇਸ ਮੌਕੇ ਗੁਰਵਿੰਦਰ ਪਾਲ, ਜਗਜੀਤ ਸਿੰਘ, ਪੀਡਬਲਿਊਡੀ ਇਲੈਕਟਰੀਕਲ ਵਿੰਗ ਦੇ ਠੇਕਾ ਮੁਲਾਜ਼ਮਾਂ ਨੇ ਕਿਹਾ ਪਿਛਲੇ ਚਾਰ ਸਾਲਾਂ ਦੇ ਅਰਸੇ ਦੌਰਾਨ ਅਨੇਕਾਂ ਮੰਗ ਪੱਤਰ, ਧਰਨਿਆਂ-ਮੁਜ਼ਾਹਰਿਆਂ ਦੌਰਾਨ 40 ਵਾਰ ਲਿਖਤੀ ਰੂਪ ਵਿਚ ਮੀਟਿੰਗਾਂ ਕਰਨ ਦਾ ਸਮਾਂ ਤਾਂ ਜ਼ਰੂਰ ਦਿੱਤਾ ਗਿਆ ਪ੍ਰੰਤੂ ਹਰ ਵਾਰ ਰੁਝੇ ਹੋਣ ਦੇ ਬਹਾਨੇ ਹੇਠ ਮੀਟਿੰਗਾਂ ਰੱਦ ਕੀਤੀਆਂ ਜਾਂਦੀਆਂ ਰਹੀਆਂ। ਉਨ੍ਹਾਂ ਕਿਹਾ ਕਿ ਹੁਣ ਇਕ ਵਾਰ ਫਿਰ ਪੰਜਾਬ ਸਰਕਾਰ ਦੇ ਆਖਰੀ ਬਜਟ ਤੋਂ ਪਹਿਲਾਂ ਪੰਜਾਬ ਸਰਕਾਰ ਦੇ ਵਿਧਾਇਕਾਂ ਮੰਤਰੀਆਂ, ਮੁੱਖ ਮੰਤਰੀ, ਹਲਕਾ ਇੰਚਾਰਜ ਨੂੰ ਮੰਗ ਪੱਤਰ ਭੇਜ ਕੇ ਬਜਟ ਸੈਸ਼ਨ ਵਿਚ ਠੇਕਾ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਅਪੀਲ ਕੀਤੀ ਗਈ ਪ੍ਰੰਤੂ ਇਸ ਬਜਟ ਵਿਚ ਠੇਕਾ ਕਾਮਿਆਂ ਦੀ ਮੰਗ ਦਾ ਜ਼ਿਕਰ ਵੀ ਨਹੀਂ ਕੀਤਾ ਗਿਆ, ਜਿਸ ਦੇ ਵਿਰੋਧ ਵਿਚ ਬਜਟ ਦੀਆਂ ਕਾਪੀਆਂ ਸਾੜੀਆਂ ਗਈਆਂ ਹਨ। ਇਸ ਮੌਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ ਗਈ। ਆਗੂਆਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਆਪਣੇ ਵਾਅਦੇ ਅਨੁਸਾਰ ਆਊਟਸੋਰਸ ਅਤੇ ਇਨਲਿਸਟਮੈਂਟ ਕਾਮਿਆਂ ਨੂੰ ਪੱਕਾ ਰੁਜ਼ਗਾਰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ, ਜਿਸ ਦੀ ਜ਼ਿਮੇਵਾਰੀ ਸੂਬਾ ਸਰਕਾਰ ਦੀ ਹੋਵੇਗੀ। ਇਸ ਮੌਕੇ ਮਨਪ੍ਰੀਤ, ਪ੍ਰਦੀਪ ਕੁਮਾਰ, ਜਗਮੋਹਨ ਸਿੰਘ ਆਦਿ ਵਰਕਰ ਹਾਜ਼ਰ ਸਨ।