ਕੱਚੇ ਕਾਮਿਆ ਨੇ ਕੀਤੀ ਰੋਸ ਰੈਲੀ, 6 ਮਈ ਤੋਂ ਅਣਮਿੱਥੀ ਹੜਤਾਲ ਦੀ ਚੇਤਾਵਨੀ
ਮਿਊਂਸਪਲ ਕਮੇਟੀਆ ਦੇ ਕੱਚੇ ਕਾਮਿਆ ਨੇ ਕੀਤੀ ਰੋਸ ਰੈਲੀ, 6 ਮਈ ਤੋਂ ਅਣਮਿੱਥੇ ਸਮੇਂ ਲਈ ਹ
Publish Date: Thu, 12 Mar 2026 06:33 PM (IST)
Updated Date: Thu, 12 Mar 2026 06:36 PM (IST)

ਤਰਸ ਅਧਾਰਿਤ ਨੌਕਰੀ ਬਿਨਾਂ ਸ਼ਰਤ ਦਿੱਤੀ ਜਾਵੇ ਤੇ ਪੈਡਿੰਗ ਕੇਸਾਂ ਦਾ ਨਿਪਟਾਰਾ ਕੀਤਾ ਜਾਵੇ ਲਖਵੀਰ ਖਾਬੜਾ, ਪੰਜਾਬੀ ਜਾਗਰਣ ਰੂਪਨਗਰ : ਮਿਊਂਸਪਲ ਮੁਲਾਜ਼ਮ ਐਕਸਨ ਕਮੇਟੀ ਪੰਜਾਬ ਦੇ ਸੱਦੇ ‘ਤੇ ਵੀਰਵਾਰ ਨੂੰ ਜ਼ਿਲ੍ਹਾ ਰੂਪਨਗਰ ਇਕਾਈ ਵੱਲੋਂ ਆਪਣੀਆ ਮੰਗਾਂ ਨੂੰ ਲੈ ਕੇ ਕੌਸਲ ਦਫਤਰ ਤੋਂ ਪ੍ਰਧਾਨ ਅਜੇ ਕੁਮਾਰ ਭੱਟੀ ਦੀ ਅਗਵਾਈ ਵਿਚ ਮਿੰਨੀ ਸਕੱਤਰੇਤ ਤੱਕ ਰੋਸ ਰੈਲੀ ਕੱਢੀ ਅਤੇ ਸੂਬਾ ਸਰਕਾਰ ਦਾ ਪੁਤਲਾ ਫੂਕਿਆ ਅਤੇ ਚੇਤਵਨੀ ਦਿੱਤੀ ਕਿ ਜੇਕਰ ਸਾਡੀਆ ਮੰਗਾਂ ਦਾ ਹੱਲ ਸਰਕਾਰ ਨੇ ਨਾ ਕੀਤਾ ਤਾਂ 6 ਮਈ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕੀਤੀ ਜਾਵੇਗੀ । ਯੂਨੀਅਨ ਦੇ ਵੱਖ ਵੱਖ ਆਗੂਆ ਨੇ ਰੋਸ ਰੈਲੀ ਨੂੰ ਸੰਬੋਧਨ ਕਰਦਿਆ ਕਿਹਾ ਕਿ ਕੱਚੇ ਮੁਲਾਜ਼ਮਾਂ ਨਾਲ ਹਰਕੇ ਸਰਕਾਰ ਧੱਕਾ ਕਰਦੀ ਰਹੀ ਹੈ ਹੁਣ ਆਪ ਸਰਕਾਰ ਵੱਲੋਂ ਵੀ ਕੱਚੇ ਕਾਮਿਆ ਦਾ ਸੋਸ਼ਣ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾਕਿ ਸਫਾਈ ਸੇਵਕ,ਸੀਵਰਮੈਨ.ਮਾਲੀ, ਬੇਲਦਾਰ, ਸੇਵਾਦਾਰ, ਇਲੈਕਟ੍ਰਿਸ਼ਨ, ਪੰਪ ਉਪਰੇਟਰ, ਕੰਪਿਉਟਰ ਅਪਰੇਟਰ, ਕਲਰਕ, ਡਰਾਇਵਰ ਅਤੇ ਫਾਇਰ ਬ੍ਰਿਗੇਡ ਦੇ ਕੱਚੇ ਕਾਮੇ ਨਿਗੂਣੀਆ ਤਨਖਾਹਾਂ ‘ਤੇ ਦਿਨ ਰਾਤ ਕੰਮ ਕਰਦੇ ਹਨ । ਉਨ੍ਹਾਂ ਕਿਹਾਕਿ ਪੰਜਾਬ ਦੇ ਸ਼ਹਿਰ ਸਫਾਈ ਕਾਰਨ ਹੀ ਸੋਹਣੇ ਦਿੱਸ ਰਹੇ ਹਨ ਜੇਕਰ ਸਫਾਈ ਨਾ ਹੋਵੇ ਤਾਂ ਰੂਪਨਗਰ ਸ਼ਹਿਰ ਨੂੰ ਕਰੂਪਨਗਰ ਬਣਨ ਲੱਗੇ ਦੇਰ ਨਹੀ ਲੱਗਣੀ। ਉਨ੍ਹਾਂ ਕਿਹਾਕਿ ਯੂਨੀਅਨ ਦੀ ਮੰਗ ਹੈ ਕਿ ਮਿਤੀ 01 ਜਨਵਰੀ 2004 ਤੋਂ ਬਾਅਦ ਭਰਤੀ ਹੋਏ ਮਿਉਸਪਲ ਮੁਲਾਜ਼ਮਾਂ ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ ਅਤੇ ਇਨ੍ਹਾਂ ਮੁਲਾਜ਼ਮਾਂ ਨੂੰ ਪੀਐਫ ਵਿੱਚੋਂ ਵਾਪਸੀ ਯੋਗ ਕਰਜਾ ਲੈਣ ਦੀ ਪ੍ਰਵਾਨਗੀ ਦਿੱਤੀ ਜਾਵੇ , ਜਿਨ੍ਹਾਂ ਮੁਲਾਜ਼ਮਾਂ ਤੋਂ ਮਿਤੀ 31 ਦਸੰਬਰ 2011 ਤੱਕ ਪੈਨਸ਼ਨ ਸਬੰਧੀ ਆਪਸ਼ਨ ਲਈ ਹੈ ਦਾ ਪ੍ਰੋਸੈਸ ਪੂਰਾ ਕਰਕੇ ਪੈਨਸ਼ਨ ਲਗਾਈ ਜਾਵੇ ਅਤੇ ਤਨਖਾਹਾਂ ਸਮੇਂ ਸਿਰ ਦੇਣ ਲਈ ਵੈਟ ਦੀ ਰਾਸ਼ੀ ਦੁੱਗਣੀ ਕੀਤੀ ਜਾਵੇ । ਆਗੂਆ ਨੇ ਕਿਹਾਕਿ ਸਫਾਈ ਸੇਵਕਾਂ ਦੀ ਨਵੀ ਭਰਤੀ ਵਿਚ ਸਫ਼ਾਈ ਸੇਵਕ ਪਿਛੋਕੜ ਵਾਲੇ ਉਮੀਦਵਾਰ ਲਈ 75% ਰਾਖਵਾਂਕਰਨ ਕੀਤਾ ਜਾਵੇ।ਸਫਾਈ ਸੇਵਕਾਂ, ਸੀਵਰਮੈਨਾਂ ਤੇ ਫਾਇਰਮੈਨਾਂ ਦਾ ਸਲਾਨਾ ਐਕਸੀਡੈਂਟਲ ਬੀਮਾ ਹਰ ਸਾਲ ਕਰਵਾਉਣਾ ਯਕੀਨੀ ਬਣਾਇਆ ਜਾਵੇ ਅਤੇ ਬੀਮਾ ਵਧਾ ਕੇ 20 ਲੱਖ ਕੀਤਾ ਜਾਵੇ । ਉਨ੍ਹਾਂ ਕਿਹਾਕਿ ਸਫਾਈ ਸੇਵਕਾ ਤੇ ਸੀਵਰਮੈਨਾਂ ਨੂੰ ਮਿਲਦੀ ਗਰਮ ਤੇ ਠੰਢੀ ਵਰਦੀ ਦੇ ਕੱਪੜੇ ਸਿਲਾਈ,ਜਰਸੀ ਬੂਟ ਅਤੇ ਚੱਪਲਾ ਆਦਿ ਦੇ ਰੇਟਾਂ ਵਿਚ ਚਾਰ ਗੁਣਾ ਵਾਧਾ ਕੀਤਾ ਜਾਵੇ ਅਤੇ ਇਸੇ ਤਰਾ ਵਰਦੀ ਧੁਲਾਈ ਭੱਤੇ ਵਿਚ ਵਾਧਾ ਕੀਤਾ ਜਾਵੇ ਅਤੇ ਸਫਾਈ ਸੇਵਕਾ ਦੀ ਸਪੈਸ਼ਲ ਪੇਅ 1000/- ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇ । ਉਨ੍ਹਾਂ ਕਿਹਾਕਿ ਸਫ਼ਾਈ ਮੇਟਾਂ ਨੂੰ ਦੋ-ਪਹੀਆ ਵਾਹਨ ਲਈ ਤੇਲ ਭੱਤਾ ਦਿੱਤਾ ਜਾਵੇ ਅਤੇ ਸਪੈਸ਼ਲ ਇਨਕਰੀਮੈਂਟ ਦਿੱਤਾ ਜਾਵੇ । ਉਨ੍ਹਾਂ ਕਿਹਾਕਿ ਸ਼ਹਿਰੀ ਸਥਾਨਕ ਸੰਸਥਾਵਾਂ ਵਿਚ ਕੰਮ ਕਰਦੇ ਕਲਰਕ ਦੀ 15 ਸਾਲ ਦੀ ਸਰਵਿਸ਼ ਹੋਣ ਤੇ ਲਾਜ਼ਮੀ ਇੰਸਪੈਕਟਰ ਅਤੇ ਪੰਪ ਅਪਰੇਟਰ ਦੀ 15 ਸਾਲ ਦੀ ਸਰਵਿਸ ਪੂਰੀ ਹੋਣ ਤੇ ਲਾਜ਼ਮੀ ਜੇਈ ਬਣਾਇਆ ਜਾਵੇ।ਉਨ੍ਹਾਂ ਕਿਹਾਕਿ ਪ੍ਰਾਤੀਕਰਨ ਕਾਡਰ ਦੀਆਂ ਸਲਾਨਾ ਤਰੱਕੀਆਂ ਸਥਾਨਕ ਪੱਧਰ ਤੇ ਹੀ ਲਗਾਈਆਂ ਜਾਣ ।ਮਿਉਂਸਪਲ ਮੁਲਾਜ਼ਮਾਂ ਨੂੰ 20 ਸਾਲ ਦੀ ਸਰਵਿਸ ਤੇ ਪੂਰੇ ਸੇਵਾ-ਮੁਕਤੀ ਲਾਭ ਦਿੱਤੇ ਜਾਣ ਅਤੇ ਪੈਨਸ਼ਨ ਕਮਪਿਊਟ ਦੇ ਲਾਭ ਸਮੇਤ ਕੈਸ਼ ਲੈੱਸ ਸਿਹਤ ਸਕੀਮ ਲਾਗੂ ਕੀਤੀ ਜਾਵੇ । ਆਗੂਆ ਨੇ ਕਿਹਾ ਕਿ ਤਰਸ ਅਧਾਰਿਤ ਨੌਕਰੀ ਬਿਨਾਂ ਸ਼ਰਤ ਦਿੱਤੀ ਜਾਵੇ ਤੇ ਵਿਭਾਗ ਵਿਚ ਪੈਡਿੰਗ ਕੇਸਾਂ ਦਾ ਨਿਪਟਾਰਾ ਤੁਰੰਤ ਕੀਤਾ ਜਾਵੇ ਅਤੇ ਇਹ ਸਹੁਲਤ ਆਊਟ ਸੋਰਸ ਅਤੇ ਠੇਕਾ ਅਧਾਰਿਤ ਮੁਲਾਜ਼ਮਾਂ ‘ਤੇ ਵੀ ਲਾਗੂ ਕੀਤੀ ਜਾਵੇ।ਉਨ੍ਹਾਂ ਕਿਹਾਕਿ ਕਰਮਚਾਰੀ ਦੀ ਮੌਤ ਹੋ ਜਾਣ ਉਪਰੰਤ ਦਿੱਤੀ ਜਾਣ ਵਾਲੀ ਐਕਸ਼ਗ੍ਰੈਸੀਆ ਗ੍ਰਾਂਟ ਵਿਚ ਚਾਰ ਗੁਣਾ ਵਾਧਾ ਕੀਤਾ ਜਾਵੇ ਅਤੇ ਯੋਗਤਾ ਅਨੁਸਾਰ ਕੰਮ ਦਾ ਤਜ਼ਰਬਾ ਰੱਖਦੇ ਸਫ਼ਾਈ ਸੇਵਕਾਂ /ਸੀਵਰਮੈਨਾਂ ਸਮੇਤ (ਦਰਜਾ ਚਾਰ) ਹੋਰ ਕਰਮਚਾਰੀਆ ਨੂੰ ਪੰਪ ਉਪਰੇਟਰ . ਇਲੈਕਟ੍ਰਿਸ਼ਨ ਤੇ ਡਰਾਇਵਰ ਆਦਿ ਦੀ ਤਰੱਕੀ ਦੇ ਮੌਕੇ ਦਿੱਤੇ ਜਾਣ। ਉਨ੍ਹਾਂ ਕਿਹਾਕਿ ਸਫ਼ਾਈ ਸੇਵਕਾਂ ਤੇ ਸੀਵਰਮੈਨਾਂ ਨੂੰ ਵਿਸ਼ੇਸ ਕੈਟਾਗਰੀ ਵਿਚ ਤਬਦੀਲ ਕੀਤਾ ਜਾਵੇ ਅਤੇ ਇਨ੍ਹਾਂ ਦੀ ਬੇਸਿਕ ਪੇਅ 30,000/-ਰੁਪਏ ਕੀਤੀ ਜਾਵੇ ।ਸਫਾਈ ਸੇਵਕਾਂ ਨੂੰ ਕੂੜਾ ਚੁੱਕਣ ਲਈ ਹੱਥ-ਰਿਕਸਾ (ਰੇਹੜੀ) ਦੀ ਜਗ੍ਹਾ ਈ-ਰਿਕਸ਼ਾ ਮੁਹੱਈਆ ਕਰਵਾਏ ਜਾਣ ।ਉਨ੍ਹਾਂ ਕਿਹਾਕਿ ਕੱਚੇ ਕਾਮਿਆ ਦੀਆ ਮੰਗਾਂ ਨੂੰ ਸਰਕਾਰ ਜਲਦ ਪੂਰਾ ਕਰਕੇ ਬਣਦਾ ਲਾਭ ਦੇਵੇ । ਇਸ ਮੌਕੇ ਅਸ਼ੋਕ ਕੁਮਾਰ ਬੱਬੀ, ਬਲਰਾਜ ਸਿੰਘ, ਜਗਦੀਪ ਕੁਮਾਰ, ਤਰਲੋਚਨ ਸਿੰਘ, ਲਵਲੀ ਸ਼ਰਮਾ ਆਦਿ ਸਮੇਤ ਸਫਾਈ ਕਰਮਚਾਰੀਆਂ ਨੇ ਸ਼ਮੂਲੀਅਤ ਕੀਤੀ।