ਈਰਾਨ ਅਤੇ ਇਜ਼ਰਾਈਲ ਜੰਗ ਦਾ ਅਸਰ ਹੁਣ ਘਰੇਲੂ ਗੈਸ ਖਪਤਕਾਰਾਂ ‘ਤੇ ਪੈਣ ਲੱਗਾ
ਈਰਾਨ ਅਤੇ ਇਜ਼ਰਾਈਲ ਜੰਗ ਦਾ ਅਸਰ ਹੁਣ ਘਰੇਲੂ ਗੈਸ ਖਪਤਕਾਰਾਂ ‘ਤੇ ਪੈਣ ਲੱਗਾ
Publish Date: Wed, 11 Mar 2026 06:32 PM (IST)
Updated Date: Wed, 11 Mar 2026 06:36 PM (IST)

ਲਖਵੀਰ ਖਾਬੜਾ, ਪੰਜਾਬੀ ਜਾਗਰਣ ਰੂਪਨਗਰ : ਈਰਾਨ ਅਤੇ ਇਜ਼ਰਾਈਲ ਵਿਚਾਲੇ ਚੱਲ ਰਹੇ ਯੁੱਧ ਦਾ ਪ੍ਰਭਾਵ ਹੁਣ ਆਮ ਗਰੇਲੂ ਗੈਸ ਖਪਤਕਾਰ ‘ਤੇ ਪੈਣਾ ਸ਼ੁਰੂ ਹੋ ਗਿਆ ਹੈ। ਜ਼ਿਲ੍ਹੇ ਅੰਦਰ ਗੈਸ ਏਜੰਸੀਆ ਦੇ ਅੱਗੇ ਭੀੜ ਆਮ ਵੇਖਣ ਨੂੰ ਮਿਲ ਰਹੀ ਹੈ ਲੋਕਾਂ ਵਿਚ ਗੈਸ ਸਿਲੰਡਰ ਲੈਣ ਦੀ ਹੋੜ ਲੱਗ ਗਈ ਹੈ ਅਤੇ ਵਪਾਰਕ ਗੈਸ ਸਿਲੰਡਰਾਂ ਦੀ ਸਪਲਾਈ ਬੰਦ ਹੋਣ ਕਾਰਨ ਦੁਕਾਨ ਮਾਲਕਾ ਦੀਆਂ ਮੁਸ਼ਕਲਾਂ ਵਧ ਗਈਆਂ ਹਨ।ਉੱਧਰ ਡਿਪਟੀ ਕਮਿਸ਼ਨਰ ਅੱਦਿਤਿਆ ਡੇਚਲਵਾਲ ਨੇ ਗੈਸ ਦੀ ਕਾਲਾਬਜਾਰੀ ਨੂੰ ਰੋਕਣ ਲਈ ਕਮੇਟੀਆ ਦੀ ਗਠਨ ਕੀਤਾ ਗਿਆ ਹੈ। ਗੈਸ ਸਿਲੰਡਰ ਏਜੰਸੀਆਂ ਦੇ ਮਾਲਕਾਂ ਨਾਲ ਅਹਿਮ ਮੀਟਿੰਗ ਕਰਦਿਆਂ ਹਦਾਇਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਿਸੇ ਵੀ ਪੱਧਰ ‘ਤੇ ਘਰੇਲੂ ਗੈਸ ਸਿਲੰਡਰਾਂ ਦਾ ਭੰਡਾਰ ਕਰਨ ਅਤੇ ਕਾਲਾਬਾਜ਼ਾਰੀ ਕਰਨ ‘ਤੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਇਸੈਂਸ਼ੀਅਲ ਕੋਮੋਡਿਟੀਜ਼ ਐਕਟ, 1955 ਤੇ ਪ੍ਰੀਵੈਂਸ਼ਨ ਆਫ ਬਲੈਕ ਮਾਰਕੀਟਿੰਗ ਅਤੇ ਮੈਂਟੇਂਨਸ ਆਫ ਸਪਲਾਈਜ਼ ਆਫ ਇਸੈਂਸ਼ੀਅਲ ਕੋਮੋਡਿਟੀ ਐਕਟ 1980 ਅਧੀਨ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਘਰੇਲੂ ਗੈਸ ਸਿਲੰਡਰਾਂ ਨੂੰ ਗੈਰਕਾਨੂੰਨੀ ਢੰਗ ਦੇ ਨਾਲ ਨਾ ਵੇਚਿਆ ਜਾਵੇ ਅਤੇ ਨਾ ਹੀ ਕਾਲਾਬਾਜ਼ਾਰੀ ਕੀਤਾ ਜਾਵੇ। ਜਿਸ ਸਬੰਧੀ ਏਜੰਸੀ ਮਾਲਕਾਂ ਨੇ ਦੱਸਿਆ ਕਿ ਉਨ੍ਹਾਂ ਕੋਲ ਗੈਸ ਸਿਲੰਡਰਾਂ ਦੀ ਉਪਲਬਧਤਾ ਹੈ ਪਰ ਗੈਸ ਬੁੱਕ ਕਰਨ ਵਾਲੀ ਵੈੱਬਸਾਈਟ ‘ਤੇ ਕੁਝ ਤਕਨੀਕੀ ਕਾਰਨ ਬੁਕਿੰਗ ਘੱਟ ਹੋਣ ਸਦਕਾ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਇਸ ਮਾਮਲੇ ਦਾ ਨੋਟਿਸ ਲੈਂਦਿਆਂ ਤੁਰੰਤ ਘਰੇਲੂ ਗੈਸ ਸਿਲੰਡਰਾਂ ਦੀ ਸਪਲਾਈ ਕਰਨ ਵਾਲੀਆਂ ਕੰਪਨੀਆਂ ਨੂੰ ਵੈੱਬਸਾਈਟ ਸਬੰਧੀ ਤਕਨੀਕੀ ਖਰਾਬੀ ਨੂੰ ਠੀਕ ਕਰਨ ਦੀ ਹਦਾਇਤ ਦਿੱਤੀ ਅਤੇ ਕਿਹਾ ਕਿ ਆਮ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਇਨ੍ਹਾਂ ਹਦਾਇਤਾਂ ਦੀ ਪਾਲਣਾ ਯਕੀਨੀ ਕੀਤੀ ਜਾਵੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਵਿਚ ਇਨ੍ਹਾਂ ਜ਼ਰੂਰੀ ਵਸਤੂਆਂ ਦੀ ਸਪਲਾਈ ਸੁਚਾਰੂ ਢੰਗ ਨਾਲ ਬਣਾਈ ਜਾਵੇ ਅਤੇ ਕਿਸੇ ਵੀ ਕਿਸਮ ਦੀ ਕਾਲਾਬਾਜ਼ਾਰੀ ਜਾਂ ਗ਼ੈਰਕਾਨੂੰਨੀ ਸਟੋਰੇਜ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਸ ਸਬੰਧੀ ਸੁਚੇਤ ਕੀਤਾ ਜਾਵੇ ਕਿ ਪੈਟਰੋਲ ਡੀਜ਼ਲ ਅਤੇ ਘਰੇਲੂ ਗੈਰ ਸਿਲੰਡਰ ਦੀ ਜ਼ਿਲ੍ਹੇ ਵਿਚ ਕੋਈ ਕਮੀ ਨਹੀਂ ਹੈ ਤੇ ਇਸ ਸਬੰਧੀ ਕੋਈ ਅਫਵਾਹ ਨਾ ਫੈਲਾਈ ਜਾਵੇ। ਡਿਪਟੀ ਕਮਿਸ਼ਨਰ ਨੇ ਪੈਟਰੋਲ ਪੰਪ ਅਤੇ ਗੈਸ ਏਜੰਸੀ ਮਾਲਕਾਂ ਨੂੰ ਹਦਾਇਤ ਕੀਤੀ ਕਿ ਉਹ ਸਰਕਾਰ ਵੱਲੋਂ ਜਾਰੀ ਨਿਯਮਾਂ ਦੀ ਪਾਲਣਾ ਕਰਦੇ ਹੋਏ ਖਪਤਕਾਰਾਂ ਨੂੰ ਪੈਟਰੋਲ, ਡੀਜ਼ਲ ਅਤੇ ਘਰੇਲੂ ਗੈਸ ਸਿਲੰਡਰ ਸਮੇਂ ਸਿਰ ਅਤੇ ਪੂਰੀ ਮਾਤਰਾ ਵਿਚ ਉਪਲਬਧ ਕਰਵਾਉਣ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਗੈਸ ਸਿਲੰਡਰ ਅਤੇ ਪੈਟਰੋਲ ਡੀਜ਼ਲ ਦੀ ਕੋਈ ਕਮੀ ਨਹੀਂ ਹੈ ਜੇਕਰ ਕੋਈ ਇਸ ਬਾਰੇ ਅਫਵਾਹ ਫੈਲਾਉਂਦਾ ਦੇਖਿਆ ਗਿਆ ਤਾਂ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਜਿਲ੍ਹਾ ਕੰਟਰੋਲਰ ਖੁਰਾਕ ਸਿਵਲ ਸਪਲਾਈਜ਼ ਡਾ. ਕਿੰਮੀ ਵਨੀਤ ਕੌਰ ਸੇਠੀ ਨੇ ਸਪੰਰਕ ਕਰਨ ‘ਤੇ ਦੱਸਿਆ ਕਿ ਘਰੇਲੂ ਗੈਸ ਦੀ ਸਪਲਾਈ ਫਿਲਹਾਲ ਠੀਕ ਹੈ। ਉਨ੍ਹਾਂ ਕਿਹਾਕਿ ਡਿਪਟੀ ਕਮਿਸ਼ਨਰ ਵੱਲੋਂ ਕੀਤੀ ਮੀਟਿੰਗ ਵਿਚ ਗੈਸ ਸਪਲਾਈ ਨੂੰ ਨਿਰੰਤਰ ਅਤੇ ਕਾਲਾਬਜਾਰੀ ਨੂੰ ਰੋਕਣ ਲਈ ਕਮੇਟੀਆ ਦਾ ਗਠਨ ਕੀਤਾ ਗਿਆ ਜੋ ਨਿਗਰਾਨੀ ਕਰਨਗੀਆ।