ਬਜਾਰਾਂ ’ਚ ਨਾਜਾਇਜ਼ ਕਬਜ਼ੇ ਤੇ ਭਾਰ ਢੋਹਣ ਵਾਲੇ ਵਾਹਨ ਬਣ ਰਹੇ ਸਮੱਸਿਆ
ਬਜਾਰਾਂ ’ਚ ਨਾਜਾਇਜ਼ ਕਬਜ਼ੇ ਤੇ ਭਾਰ ਢੋਹਣ ਵਾਲੇ ਵਾਹਨ ਬਣ ਰਹੇ ਸਮੱਸਿਆ
Publish Date: Wed, 11 Mar 2026 04:24 PM (IST)
Updated Date: Wed, 11 Mar 2026 04:27 PM (IST)

ਅਮਰਜੀਤ ਧੀਮਾਨ, ਪੰਜਾਬੀ ਜਾਗਰਣ ਮੋਰਿੰਡਾ : ਮੋਰਿੰਡਾ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚ ਦੁਕਾਨਦਾਰਾਂ ਅਤੇ ਰੇਹੜੀ-ਫੜ੍ਹੀ ਵਾਲਿਆਂ ਵੱਲੋਂ ਕੀਤੇ ਨਜਾਇਜ਼ ਕਬਜ਼ੇ ਅਤੇ ਤੰਗ ਬਾਜ਼ਾਰਾਂ ਵਿਚ ਘੰਟਿਆਂ ਬੱਧੀ ਖੜੇ ਰਹਿੰਦੇ ਸਮਾਨ ਉਤਾਰਨ ਜਾਂ ਲੋਡ ਕਰਨ ਵਾਲੇ ਵਾਹਨ ਸ਼ਹਿਰ ਵਿਚ ਟਰੈਫਿਕ ਸਮੱਸਿਆ ਦਾ ਕਾਰਨ ਬਣ ਰਹੇ ਹਨ। ਇਸ ਸਬੰਧੀ ਸਮਾਜ ਸੇਵੀ ਮਨਮੋਹਨ ਕੁਮਾਰ, ਵਿਕਰਾਂਤ ਵਰਮਾ, ਨਗਰ ਕੌਂਸਲ ਦੇ ਸਾਬਕਾ ਕੌਂਸਲਰ ਜਗਪਾਲ ਸਿੰਘ ਜੌਲੀ, ਸੁਖਦੀਪ ਸਿੰਘ ਭੰਗੂ, ਪਰਮਿੰਦਰ ਸਿੰਘ ਬਿੱਟੂ ਕੰਗ, ਯੂਥ ਆਗੂ ਲੱਖੀ ਸ਼ਾਹ, ਮਜੀਦ ਖਾਂ ਮੋਨੂ ਖਾਂ, ਸੁਰਜੀਤ ਸਿੰਘ ਤਾਜਪੁਰ, ਭਾਜਪਾ ਆਗੂ ਜਤਿੰਦਰ ਗੁੰਬਰ, ਹਰਸ਼ ਕੋਹਲੀ ਆਦਿ ਨੇ ਦੱਸਿਆ ਕਿ ਪੁਲਿਸ ਜਾਂ ਸਿਵਲ ਪ੍ਰਸ਼ਾਸਨ ਆਮ ਲੋਕਾਂ ਦੀ ਇਸ ਸਮੱਸਿਆ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਉਨ੍ਹਾਂ ਕਿਹਾ ਕਿ ਦੁਕਾਨਦਾਰ ਆਪਣੀਆਂ ਦੁਕਾਨਾਂ ਅੱਗੇ ਰੇਹੜੀ-ਫੜੀ ਵਾਲਿਆਂ ਨੂੰ ਕਬਜ਼ੇ ਕਰਨ ਤੋਂ ਕਿਉਂ ਨਹੀਂ ਰੋਕਦੇ, ਜਦ ਕਿ ਬਹੁਤ ਸਾਰੇ ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਦੁਕਾਨਦਾਰ ਵੀ ਰੇਹੜੀ ਫੜੀ ਵਾਲਿਆਂ ਤੋਂ ਦੁਕਾਨਾਂ ਦੇ ਅੱਗੇ ਰੇਹੜੀਆਂ ਖੜੀਆਂ ਕਰਨ ਲਈ ਕਥਿਤ ਰੂਪ ਵਿਚ ਪੈਸੇ ਵਸੂਲ ਕਰਦੇ ਹਨ। ਇਹ ਨਜਾਇਜ਼ ਕਬਜ਼ਾਧਾਰਕ ਨਗਰ ਕੌਂਸਲ ਦੇ ਅਧਿਕਾਰੀਆਂ ਦਾ ਮੂੰਹ ਚੜਾ ਰਹੇ ਹਨ। ਇਥੋਂ ਤੱਕ ਕਿ ਨਗਰ ਕੌਂਸਲ ਦੇ ਦਫ਼ਤਰ ਦੇ ਬਾਹਰ ਵੀ ਬਹੁਤ ਸਾਰੇ ਲੋਕਾਂ ਵੱਲੋਂ ਮੁੱਖ ਸੜਕ ਸਮੇਤ ਪੁਰਾਣੀ ਬੱਸੀ ਪਠਾਣਾਂ ਰੋਡ, ਮੋਰਿੰਡ- ਚੁੰਨੀ ਰੋਡ, ਮੋਰਿੰਡਾ-ਕੁਰਾਲੀ ਰੋਡ, ਮੋਰਿੰਡਾ-ਖਰੜ ਰੋਡ, ਮੋਰਿੰਡਾ-ਕਾਈਨੌਰ ਰੋਡ, ਮੋਰਿੰਡਾ-ਸਰਹੰਦ ਰੋਡ ਤੇ ਮੋਰਿੰਡਾ-ਲੁਧਿਆਣਾ ਰੋਡ ਦੇ ਕਿਨਾਰਿਆਂ ’ਤੇ ਸਮਾਨ ਰੱਖ ਕੇ ਨਜਾਇਜ਼ ਕਬਜ਼ੇ ਕਰ ਰੱਖੇ ਹਨ। ਇਨ੍ਹਾਂ ਨੂੰ ਰੋਕਣ ਲਈ ਨਗਰ ਕੌਂਸਲ ਦੇ ਅਧਿਕਾਰੀ ਅਤੇ ਕਰਮਚਾਰੀ ਬੇਵੱਸ ਜਾਪ ਰਹੇ ਹਨ। ਇਸ ਸਬੰਧੀ ਲੋਕਾਂ ਦਾ ਇਲਜ਼ਾਮ ਹੈ ਕਿ ਇਨ੍ਹਾਂ ਨਜਾਇਜ਼ ਕਬਜ਼ਿਆਂ ਵਿਚ ਨਗਰ ਕੌਂਸਲ ਅਧਿਕਾਰੀਆਂ ਦੀ ਵੀ ਮਿਲੀ ਭੁਗਤ ਹੋ ਸਕਦੀ ਹੈ, ਜਿਸ ਦੇ ਕਾਰਨ ਉਹ ਹੋਰ ਕੋਈ ਕਾਰਵਾਈ ਨਹੀਂ ਕਰਦੇ। ਇਸ ਦੇ ਕਾਰਨ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚ ਟ੍ਰੈਫਿਕ ਜਾਮ ਵਾਲੀ ਸਥਿਤੀ ਬਣੀ ਰਹਿੰਦੀ ਹੈ ਅਤੇ ਆਮ ਲੋਕਾਂ ਨੂੰ ਇਸਦਾ ਖਮਿਆਜ਼ਾ ਭੁਗਤਣਾ ਪੈਂਦਾ ਹੈ। ਇੱਥੇ ਇਹ ਵੀ ਦੱਸਣ ਯੋਗ ਹੈ ਕਿ ਮੋਰਿੰਡਾ-ਚੁੰਨੀ ਸੜਕ ’ਤੇ ਹੀ ਤਹਿਸੀਲਦਾਰ ਅਤੇ ਐੱਸਡੀਐੱਮ ਦਫਤਰ ਸਥਿਤ ਹੈ ਪ੍ਰੰਤੂ ਇਨ੍ਹਾਂ ਅਧਿਕਾਰੀਆਂ ਵੱਲੋਂ ਵੀ ਸੜਕ ਕਿਨਾਰਿਆਂ ਉੱਤੇ ਸਬਜੀ ਤੇ ਫਲ ਵਿਕਰੇਤਾ ਰੇਹੜੀ ਫੜੀ ਵਾਲਿਆਂ ਵੱਲੋਂ ਕੀਤੇ ਗਏ ਨਜਾਇਜ਼ ਕਬਜ਼ਿਆਂ ਨੂੰ ਰੋਕਣ ਲਈ ਕੋਈ ਸਾਰਥਕ ਕਦਮ ਨਹੀਂ ਉਠਾਏ ਜਾ ਰਹੇ। ਜਿਸ ਕਾਰਨ ਨਜਾਇਜ਼ ਕਬਜ਼ਾਧਾਰੀ ਰੇਹੜੀ-ਫੜੀ ਵਾਲਿਆਂ ਦੇ ਹੌਸਲੇ ਦਿਨੋਂ ਦਿਨ ਬੁਲੰਦ ਹੁੰਦੇ ਜਾ ਰਹੇ ਹਨ ਅਤੇ ਉਨ੍ਹਾਂ ਵੱਲੋਂ ਮੋਰਿੰਡਾ-ਚੁੰਨੀ ਚੌਂਕ ਤੋਂ ਲੈ ਕੇ ਮੋਰਿੰਡਾ-ਸਰਹੰਦ ਚੌਂਕ ਤੱਕ ਬਾਈਪਾਸ ਵਾਲੀ ਸੜਕ ’ਤੇ ਬਹੁਤ ਸਾਰੀਆਂ ਥਾਵਾਂ ’ਤੇ ਬਿਨਾਂ ਕਿਸੇ ਮਨਜ਼ੂਰੀ ਤੋਂ ਦੁਕਾਨਾਂ ਲਗਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮਿਉਂਸਿਪਲ ਐਕਟ ਅਨੁਸਾਰ ਕੋਈ ਵੀ ਦੁਕਾਨਦਾਰ ਆਪਣੀ ਦੁਕਾਨ ਤੋਂ ਬਾਹਰ ਸੜਕ ’ਤੇ ਸਮਾਨ ਨਹੀਂ ਰੱਖ ਸਕਦਾ। ਉਨ੍ਹਾਂ ਮੰਗ ਕੀਤੀ ਹੈ ਕਿ ਨਗਰ ਕੌਂਸਲ ਇਸ ਵੱਲ ਸਖ਼ਤੀ ਨਾਲ ਕਾਰਵਾਈ ਕਰਦਿਆਂ ਸ਼ਹਿਰ ਦੀਆਂ ਬਾਹਰਲੀਆਂ ਸੜ੍ਹਕਾਂ ਸਮੇਤ ਪੂਰੇ ਸ਼ਹਿਰ ਨੂੰ ਕਬਜ਼ਾ ਮੁਕਤ ਕਰਨ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕਰੇ ਅਤੇ ਕਾਰਵਾਈ ਦੀ ਸਮਾਂ ਸੀਮਾ ਐਲਾਨ ਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਤੁਰੰਤ ਮੁਨਿਆਦੀ ਕਰਵਾਏ ਤਾਂ ਜੋ ਕੋਈ ਵੀ ਕਬਜ਼ਾਧਾਰੀ ਕਿਸੇ ਵੀ ਤਰ੍ਹਾਂ ਦੀ ਬਹਾਨੇਬਾਜ਼ੀ ਨਾ ਕਰ ਸਕੇ। ਇਹ ਕਾਰਵਾਈ ਸਾਰਿਆਂ ’ਤੇ ਬਰਾਬਰ ਹੋਣੀ ਚਾਹੀਦੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਕੌਂਸਲ ਦੇ ਕੁਝ ਕਰਮਚਾਰੀਆਂ ਵੱਲੋਂ ਸਬਜ਼ੀ ਵਿਕਰੇਤਾਵਾਂ ਅਤੇ ਰੇਹੜੀ ਫੜੀ ਵਾਲਿਆਂ ਕੋਲੋਂ ਕਥਿਤ ਤੌਰ ’ਤੇ ਮਹੀਨਾ ਵੀ ਵਸੂਲਿਆ ਜਾ ਰਿਹਾ ਹੈ। ਇਸ ਸਬੰਧੀ ਈਓ ਰਵੀ ਜਿੰਦਲ ਨੇ ਕਿਹਾ ਕਿ ਕਬਜ਼ਾ ਧਾਰਕਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ ਅਤੇ ਆਉਣ ਵਾਲੇ ਕੁਝ ਦਿਨਾਂ ਵਿਚ ਹੀ ਕਾਰਵਾਈ ਵੀ ਕੀਤੀ ਜਾਵੇਗੀ।