ਰਾਸ਼ਟਰਪਤੀ ਵਲੋਂ ਕੀਤਾ ਜਾਵੇਗਾ ਪੰਚਾਇਤਾਂ ਦਾ ਸਨਮਾਨ
ਰਾਸ਼ਟਰਪਤੀ ਵਲੋਂ ਕੀਤਾ ਜਾਵੇਗਾ ਕਟਲੀ ਅਤੇ ਪਪਰਾਲਾ ਦੀਆਂ ਪੰਚਾਇਤਾਂ ਦਾ ਸਨਮਾਨ
Publish Date: Wed, 11 Mar 2026 03:18 PM (IST)
Updated Date: Wed, 11 Mar 2026 03:21 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਮੁੱਖ ਮਹਿਮਾਨਾਂ ਵਿਚ ਜ਼ਿਲ੍ਹਾ ਰੂਪਨਗਰ ਦੇ ਪਿੰਡ ਕਟਲੀ ਅਤੇ ਪਪਰਾਲਾ ਦੇ ਪਾਣੀ ਦੀ ਕਮੇਟੀ ਵਿਚੋਂ ਮਹਿਲਾ ਸਰਪੰਚ ਗੁਰਪ੍ਰੀਤ ਕੌਰ ਅਤੇ ਜਸਵੰਤ ਕੌਰ ਨੂੰ ਸਮਾਗਮ ਵਿੱਚ ਹਿੱਸਾ ਲੈਣ ਲਈ ਸੱਦਾ ਦਿੱਤਾ ਗਿਆ ਹੈ। ਇਸ ਪ੍ਰੋਗਰਾਮ ਵਿਚ ਦੇਸ਼ ਦੇ ਰਾਸ਼ਟਰਪਤੀ ਦਰੋਪਦੀ ਮੁਰਮੂ ਵਲੋਂ ਪੰਚਾਇਤਾਂ ਨੂੰ ਸਨਮਾਨਿਤ ਕੀਤਾ ਜਾਣਾ ਹੈ। ਇਨ੍ਹਾਂ ਪੰਚਾਇਤਾਂ ਨੂੰ ਪਾਣੀ ਦੀ ਟੈਂਕੀ ਦਾ ਵਧੀਆਂ ਰੱਖ-ਰਖਾਵ ਅਤੇ ਸੇਵਾਵਾਂ ਦੇਣ ਵਜੋਂ ਸਮਾਗਮ ਵਿਚ ਸੱਦਾ ਪੱਤਰ ਦਿੱਤਾ ਗਿਆ ਹੈ। ਇਸ ਸਬੰਧੀ ਪਿੰਡ ਕਟਲੀ ਦੇ ਸਰਪੰਚ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਪਿੰਡ ਦੀ ਜਲ ਸਪਲਾਈ ਸਕੀਮ ਸੁਚਾਰੂ ਢੰਗ ਨਾਲ ਚਲਾਈ ਜਾ ਰਹੀ ਹੈ ਅਤੇ ਪਿੰਡ ਵਿਚ ਮਹੀਨਾਵਾਰ ਮੀਟਿੰਗ ਵੀ ਕੀਤੀ ਜਾਂਦੀ ਹੈ। ਪਿੰਡ ਪਪਰਾਲਾ ਦੇ ਸਰਪੰਚ ਸ਼੍ਰੀਮਤੀ ਜਸਵੰਤ ਕੌਰ ਨੇ ਕਿਹਾ ਕਿ ਪਿੰਡ ਦੀ ਪਾਣੀ ਦੀ ਕਮੇਟੀ ਵਲੋਂ ਅਣਥੱਕ ਯਤਨ ਕੀਤੇ ਗਏ ਹਨ ਤਾਂ ਜੋ ਪਿੰਡ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਕੋਈ ਸਮੱਸਿਆ ਨਾ ਆਵੇ ਅਤੇ ਉਨ੍ਹਾਂ ਦੇ ਰੱਖ ਰਖਾਵ ਖਾਤੇ ਵਿਚ 16 ਲੱਖ ਰੁਪਏ ਦੀ ਰਾਸ਼ੀ ਜਮ੍ਹਾਂ ਹੈ। ਇਸ ਮੌਕੇ ਦੋਨੋਂ ਮਹਿਲਾ ਸਰਪੰਚਾਂ ਨੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਸੀਂ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਸਾਨੂੰ ਵੱਡਾ ਮਾਣ ਬਖਸ਼ ਕੇ ਮਹਿਲਾ ਅੰਤਰ ਰਾਸ਼ਟਰੀ ਦਿਵਸ ਮੌਕੇ ਭਾਰਤ ਦੀ ਰਾਜਧਾਨੀ ਦਿੱਲੀ ਵਿਖੇ ਸ਼ਾਮਿਲ ਹੋਣ ਲਈ ਚੁਣਿਆ ਹੈ।