ਸਿਹਤ ਵਿਭਾਗ ਵੱਲੋਂ ਕੈਂਸਰ ਵਿਰੁੱਧ ਜੰਗ ਜਾਗਰੂਕਤਾ ਮੁਹਿੰਮ ਸ਼ੁਰੂ
ਸਿਹਤ ਵਿਭਾਗ ਰੂਪਨਗਰ ਵੱਲੋਂ ਕੈਂਸਰ ਵਿਰੁੱਧ ਜੰਗ ਜਾਗਰੂਕਤਾ ਮੁਹਿੰਮ ਸ਼ੁਰੂ
Publish Date: Wed, 11 Mar 2026 03:16 PM (IST)
Updated Date: Wed, 11 Mar 2026 03:18 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਜ਼ਿਲ੍ਹਾ ਸਿਹਤ ਵਿਭਾਗ ਰੂਪਨਗਰ ਵੱਲੋਂ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਦੇ ਜਲਦੀ ਪਛਾਣ ਅਤੇ ਇਲਾਜ ਸਬੰਧੀ ਜਾਗਰੂਕ ਕਰਨ ਲਈ ਕਮਿਊਨਿਟੀ ਹੈੱਲਥ ਅਫ਼ਸਰ ਅਤੇ ਏਐੱਨਐੱਮ ਦੀ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੌਕੇ ਕਾਰਜਕਾਰੀ ਸਿਵਲ ਸਰਜਨ ਰੂਪਨਗਰ ਡਾ.ਨਵਰੂਪ ਕੌਰ ਅਤੇ ਹੋਰ ਮਾਹਿਰ ਡਾਕਟਰਾਂ ਨੇ ਵੱਖ-ਵੱਖ ਤਰ੍ਹਾਂ ਦੇ ਕੈਂਸਰ ਦੇ ਲੱਛਣਾਂ ਅਤੇ ਬਚਾਅ ਬਾਰੇ ਅਹਿਮ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਕੈਂਸਰ ਦਾ ਨਾਮ ਸੁਣ ਕੇ ਡਰਨ ਦੀ ਲੋੜ ਨਹੀਂ ਹੈ ਬਲਕਿ ਸਮੇਂ ਸਿਰ ਜਾਂਚ ਕਰਵਾ ਕੇ ਇਲਾਜ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜੇਕਰ ਕੈਂਸਰ ਦਾ ਪਹਿਲੀ ਸਟੇਜ ’ਤੇ ਪਤਾ ਲੱਗ ਜਾਵੇ ਤਾਂ ਇਸ ਦਾ ਮੁਕੰਮਲ ਇਲਾਜ ਸੰਭਵ ਹੈ। ਪੰਜਾਬ ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ ਵਿਚ ਕੈਂਸਰ ਦੇ ਟੈਸਟ ਅਤੇ ਇਲਾਜ ਲਈ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਕਿਸੇ ਵੀ ਸ਼ੱਕੀ ਲੱਛਣ ਨੂੰ ਨਜ਼ਰਅੰਦਾਜ਼ ਨਾ ਕਰਨ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ 14 ਸਾਲ ਦੀਆਂ ਲੜਕੀਆਂ ਲਈ ਇੱਕ ਵਿਸ਼ੇਸ਼ ਐੱਚਪੀਵੀ ਵੈਕਸੀਨੇਸ਼ਨ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਵੈਕਸੀਨ 14 ਸਾਲ ਪੂਰੇ ਕਰ ਚੁੱਕੀਆਂ ਅਤੇ 15 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਨੂੰ ਲਗਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਭਾਰਤ ਵਿਚ ਔਰਤਾਂ ਵਿਚ ਸਭ ਤੋਂ ਵੱਧ ਛਾਤੀ ਦਾ ਕੈਂਸਰ ਅਤੇ ਦੂਸਰੇ ਨੰਬਰ ’ਤੇ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਪਾਇਆ ਜਾਂਦਾ ਹੈ। ਇਸ ਮੌਕੇ ਡਾ.ਰਜਨੀਤ ਕੌਰ ਨੇ ਚੇਤਾਵਨੀ ਦਿੱਤੀ ਕਿ ਤੰਬਾਕੂ, ਬੀੜੀ, ਸਿਗਰਟ ਅਤੇ ਗੁਟਕੇ ਦਾ ਸੇਵਨ ਇਸ ਬਿਮਾਰੀ ਦਾ ਮੁੱਖ ਕਾਰਨ ਹੈ। ਇਸ ਦੇ ਲੱਛਣ ਮੂੰਹ ਵਿਚ ਲੰਬੇ ਸਮੇਂ ਤੋਂ ਠੀਕ ਨਾ ਹੋਣ ਵਾਲਾ ਜ਼ਖਮ, ਮੂੰਹ ਦਾ ਪੂਰਾ ਨਾ ਖੁੱਲ੍ਹਣਾ ਜਾਂ ਚਿੱਟੇ/ਲਾਲ ਰੰਗ ਦੇ ਧੱਬੇ ਪੈਣਾ ਆਦਿ ਹਨ। ਉਨ੍ਹਾਂ ਕਿਹਾ ਕਿ ਹਰ ਛੇ ਮਹੀਨੇ ਬਾਅਦ ਆਪਣੇ ਦੰਦਾਂ ਅਤੇ ਮੂੰਹ ਦੀ ਜਾਂਚ ਜ਼ਰੂਰ ਕਰਵਾਓ। ਉਨ੍ਹਾਂ ਕਿਹਾ ਕਿ ਨਸ਼ਿਆਂ ਤੋਂ ਦੂਰ ਰਹਿ ਕੇ ਇਸ ਖਤਰਨਾਕ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਇਸ ਮੌਕੇ ਡਾ.ਰਮਨਪ੍ਰੀਤ ਕੌਰ ਨੇ ਦੱਸਿਆ ਕਿ ਔਰਤਾਂ ਨੂੰ ਆਪਣੇ ਸਰੀਰ ਦੀ ਖੁਦ ਜਾਂਚ ਕਰਨੀ ਚਾਹੀਦੀ ਹੈ। ਜੇਕਰ ਛਾਤੀ ਵਿਚ ਕੋਈ ਗੰਢ, ਅਸਾਧਾਰਨ ਸੋਜ ਜਾਂ ਰਿਸਾਅ ਮਹਿਸੂਸ ਹੋਵੇ ਤਾਂ ਤੁਰੰਤ ਮਾਹਿਰ ਡਾਕਟਰ ਨੂੰ ਮਿਲਣਾ ਚਾਹੀਦਾ ਹੈ। ਬੱਚੇਦਾਨੀ ਦੇ ਮੂੰਹ ਦਾ ਕੈਂਸਰ ਬਾਰੇ ਉਨ੍ਹਾਂ ਦੱਸਿਆ ਕਿ ਇਸ ਕੈਂਸਰ ਦੇ ਬਚਾਅ ਲਈ ਪੈਪ ਸਮੀਅਰ ਟੈਸਟ ਬਹੁਤ ਜ਼ਰੂਰੀ ਹੈ। 30 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਇਹ ਟੈਸਟ ਨਿਯਮਿਤ ਤੌਰ ’ਤੇ ਕਰਵਾਉਣਾ ਚਾਹੀਦਾ ਹੈ। ਛੋਟੀ ਉਮਰ ਦੀਆਂ ਲੜਕੀਆਂ ਲਈ ਇਸ ਦੇ ਬਚਾਅ ਵਾਸਤੇ ਵੈਕਸੀਨ ਵੀ ਉਪਲੱਬਧ ਹੈ। ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਡੌਲੀ ਸਿੰਗਲਾ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਪਿੰਡ ਪੱਧਰ ’ਤੇ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡਾ ਮਕਸਦ ਹਰ ਨਾਗਰਿਕ ਤੱਕ ਸਰਕਾਰੀ ਸਿਹਤ ਸਕੀਮਾਂ ਦਾ ਲਾਭ ਪਹੁੰਚਾਉਣਾ ਹੈ। ਉਨ੍ਹਾਂ ਕਿਹਾ ਕਿ ਆਯੁਸ਼ਮਾਨ ਭਾਰਤ ਯੋਜਨਾ ਤਹਿਤ ਕੈਂਸਰ ਦੇ ਮਰੀਜ਼ਾਂ ਦਾ ਮੁਫ਼ਤ ਇਲਾਜ ਵੀ ਯਕੀਨੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੈਂਸਰ ਤੋਂ ਬਚਾਅ ਨਸ਼ਿਆਂ ਅਤੇ ਤੰਬਾਕੂ ਤੋਂ ਪਰਹੇਜ ਕਰਨਾ ਚਾਹੀਦਾ ਹੈ। ਪੌਸ਼ਟਿਕ ਖੁਰਾਕ ਅਤੇ ਰੋਜ਼ਾਨਾ ਕਸਰਤ ਨੂੰ ਆਪਣੀ ਜੀਵਨ ਸ਼ੈਲੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਕਿਸੇ ਵੀ ਤਰ੍ਹਾਂ ਦੀ ਅਸਧਾਰਨ ਗੰਢ ਜਾਂ ਦਰਦ ਹੋਣ ’ਤੇ ਤੁਰੰਤ ਸਰਕਾਰੀ ਹਸਪਤਾਲ ਨਾਲ ਸੰਪਰਕ ਕਰਨਾ ਚਾਹੀਦਾ ਹੈ। ਇਸ ਮੌਕੇ ਜ਼ਿਲ੍ਹਾ ਸਮੂਹ ਸਿੱਖਿਆ ਅਤੇ ਸੂਚਨਾ ਅਫਸਰ ਗੁਰਮੀਤ ਕੌਰ, ਡਿਪਟੀ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਰਵਿੰਦਰ ਸਿੰਘ, ਐੱਸਟੀਐੱਸ ਇੰਦਰਜੀਤ ਸਿੰਘ ਆਦਿ ਹਾਜ਼ਰ ਸਨ।