ਬਿਜਲੀ ਕਾਮਿਆਂ ਨੇ ਬਿੱਲ ਦਾ ਵਿਰੋਧ ’ਚ ਸਾੜੀਆਂ ਕਾਪੀਆਂ
ਬਿਜਲੀ ਕਾਮਿਆਂ ਨੇ ਬਿਜਲੀ ਬਿੱਲ ਦਾ ਕੀਤਾ ਵਿਰੋਧ, ਸਾੜੀਆਂ ਕਾਪੀਆਂ
Publish Date: Tue, 10 Mar 2026 04:23 PM (IST)
Updated Date: Tue, 10 Mar 2026 04:27 PM (IST)

ਅਮਰਜੀਤ ਧੀਮਾਨ, ਪੰਜਾਬੀ ਜਾਗਰਣ ਮੋਰਿੰਡਾ : ਬਿਜਲੀ ਦਫਤਰ ਮੋਰਿੰਡਾ ਵਿਖੇ ਬਿਜਲੀ ਕਾਮਿਆਂ, ਠੇਕਾ ਕਾਮਿਆਂ ਤੇ ਪੈਨਸ਼ਨਰਾਂ ਨੇ ਕੇਂਦਰ ਸਰਕਾਰ ਵੱਲੋਂ ਸੰਸਦ ਵਿਚ ਬਿਜਲੀ ਬਿਲ ਪੇਸ਼ ਕਰਨ ਖਿਲਾਫ ਰੋਸ ਪ੍ਰਦਰਸ਼ਨ ਕਰਦੇ ਹੋਏ ਬਿਲ ਦੀਆਂ ਕਾਪੀਆਂ ਸਾੜੀਆਂ। ਇਹ ਰੋਸ ਧਰਨਾ ਪ੍ਰਧਾਨ ਪੈਨਸ਼ਨਰ ਐਸੋਸੀਏਸ਼ਨ ਹਰਭਜਨ ਸਿੰਘ ਅਤੇ ਪ੍ਰਧਾਨ ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਜੰਗ ਸਿੰਘ ਦੀ ਅਗਵਾਈ ਹੇਠ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੈਨਸ਼ਨਰ ਐਸੋਸੀਏਸ਼ਨ ਦੇ ਡਿਵੀਜ਼ਨ ਸਕੱਤਰ ਜਗਦੀਸ਼ ਕੁਮਾਰ ਨੇ ਦੱਸਿਆ ਕਿ ਪੇਸ਼ ਕੀਤੇ ਜਾ ਰਹੇ ਇਸ ਬਿਲ ਦੇ ਕਾਨੂੰਨ ਬਣਨ ਨਾਲ ਬਿਜਲੀ ਖੇਤਰ ਵਿਚ ਪ੍ਰਾਈਵੇਟ ਕੰਪਨੀਆਂ ਨੂੰ ਦਾਖਲ ਹੋਣ ਦੀ ਖੁੱਲ ਮਿਲ ਜਾਵੇਗੀ। ਉਨ੍ਹਾਂ ਕਿਹਾ ਕਿ ਨਿੱਜੀ ਕੰਪਨੀਆਂ ਨੂੰ ਖਪਤਕਾਰਾਂ ਨੂੰ ਲੁੱਟਣ ਅਤੇ ਵਾਧੂ ਮੁਨਾਫਾ ਕਮਾਉਣ ਲਈ ਇਹ ਬਿਲ ਲਿਆਂਦਾ ਗਿਆ ਹੈ। ਇਸ ਮੌਕੇ ਵੱਖ ਵੱਖ ਆਗੂਆਂ ਨੇ ਕਿਹਾ ਕਿ ਕੇਂਦਰ ਵੱਲੋਂ ਬਿਜਲੀ ਅਧਿਕਾਰਾਂ ਦਾ ਕੇਂਦਰੀਕਰਨ ਕਰਕੇ ਜਬਰੀ ਮੁਕੰਮਲ ਨਿੱਜੀਕਰਨ ਦੇ ਹੁਕਮ ਮੜ੍ਹੇ ਜਾਣੇ ਹਨ। ਉਨ੍ਹਾਂ ਕਿਹਾ ਕਿ ਨਿੱਜੀ ਕੰਪਨੀਆਂ ਪਹਿਲਾਂ ਤੋਂ ਹੀ ਪਾਈਆਂ ਗਈਆਂ ਬਿਜਲੀ ਲਾਈਨਾਂ ਤੋਂ ਹੀ ਕੁਨੈਕਸ਼ਨ ਜਾਰੀ ਕਰਨਗੀਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਨਿੱਜੀ ਕੰਪਨੀਆਂ ਵੱਲੋਂ ਨਵੀਂ ਭਰਤੀ ਨਹੀਂ ਕੀਤੀ ਜਾਵੇਗੀ ਸਗੋਂ ਪਹਿਲਾਂ ਕੰਮ ਕਰਦੇ ਕਾਮਿਆਂ ਦੀ ਛਾਂਟੀ ਕੀਤੀ ਜਾਵੇਗੀ। ਇਨ੍ਹਾਂ ਕੰਪਨੀਆਂ ਵੱਲੋਂ ਕੱਚੇ ਕਾਮਿਆਂ ਨੂੰ ਨਿਗੂਣੀਆਂ ਤਨਖਾਹਾਂ ਦੇ ਕੇ ਸੋਸ਼ਣ ਕੀਤਾ ਜਾਵੇਗਾ, ਕਰਾਸ ਸਬਸਿਡੀ ਬੰਦ ਕੀਤੀ ਜਾਵੇਗੀ ਅਤੇ ਮਨ ਮਰਜ਼ੀ ਦੇ ਰੇਟ ਨਾਲ ਬਿਜਲੀ ਵੇਚੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਖਪਤਕਾਰਾਂ ਨੂੰ ਦਿੱਤੀ ਜਾਂਦੀ ਸਬਸਿਡੀ ਦੀ ਰਾਸ਼ੀ ਕੰਪਨੀ ਕੋਲ ਐਡਵਾਂਸ ਜਮ੍ਹਾਂ ਨਹੀਂ ਕਰਵਾਈ ਜਾਂਦੀ ਤਾਂ ਕੰਪਨੀ ਪੂਰਾ ਬਿੱਲ ਵਸੂਲ ਕਰੇਗੀ ਅਤੇ ਚਿੱਪ ਵਾਲੇ ਮੀਟਰ ਲਗਾ ਕੇ ਹੇਰਾ ਫੇਰੀ ਰਾਹੀਂ ਖਪਤਕਾਰਾਂ ਦੀ ਹੋਰ ਲੁੱਟ ਕੀਤੀ ਜਾਵੇਗੀ। ਇਸ ਮੌਕੇ ਨਵਨੀਤ ਕੌਰ, ਦਵਿੰਦਰ ਸਿੰਘ ਸਰਕਲ ਪ੍ਰਧਾਨ ਟੀਐੱਸਯੂ, ਤਰਨਜੀਤ ਸਿੰਘ ਪ੍ਰਧਾਨ ਫੈਡਰੇਸ਼ਨ ਏਟਕ, ਰਣਧੀਰ ਸਿੰਘ ਡਿਵੀਜ਼ਨ ਸਕੱਤਰ ਟੀਐੱਸਯੂ, ਭਾਗ ਸਿੰਘ, ਮੇਹਰ ਸਿੰਘ ਆਦਿ ਨੇ ਕਿਹਾ ਕਿ ਸਾਂਝੇ ਪਲੇਟਫਾਰਮ ਤੋਂ ਸੰਘਰਸ਼ ਕਰਕੇ ਮੋਦੀ ਸਰਕਾਰ ਨੂੰ ਪਿੱਛੇ ਮੁੜਨ ਲਈ ਮਜ਼ਬੂਰ ਕੀਤਾ ਜਾਵੇਗਾ।