ਜ਼ਿਲ੍ਹਾ ਪ੍ਰਸ਼ਾਸਨ ਆਵਾਰਾ ਕੁੱਤਿਆਂ ਦੀ ਸਮੱਸਿਆ ਦਾ ਹੱਲ ਕਰੇ
ਜ਼ਿਲ੍ਹਾ ਪ੍ਰਸ਼ਾਸਨ ਆਵਾਰਾ ਕੁੱਤਿਆਂ ਦੀ ਸਮੱਸਿਆ ਦਾ ਹੱਲ੍ਹ ਕਰੇ
Publish Date: Mon, 09 Mar 2026 07:02 PM (IST)
Updated Date: Mon, 09 Mar 2026 07:03 PM (IST)

ਗੁਰਮੁੱਖ ਸਿੰਘ ਸਲਾਹਪੁਰੀ, ਪੰਜਾਬੀ ਜਾਗਰਣ ਬੇਲਾ : ਆਵਾਰਾ ਕੁੱਤਿਆਂ ਵੱਲੋਂ ਰੋਜ਼ਾਨਾ ਬੱਚਿਆਂ ਅਤੇ ਬਜ਼ੁਰਗਾਂ ਨੂੰ ਅਪਣਾ ਸ਼ਿਕਾਰ ਬਣਾਇਆ ਜਾ ਰਿਹਾ। ਹਾਈ ਕੋਰਟ ਵੱਲੋਂ ਅਵਾਰਾ ਕੁੱਤਿਆਂ ਦੀ ਸਮੱਸਿਆ ਦੇ ਹੱਲ੍ਹ ਲਈ ਕਈ ਵਾਰ ਹੁਕਮ ਜਾਰੀ ਕੀਤੇ ਗਏ ਪ੍ਰੰਤੂ ਸਥਾਨਕ ਪ੍ਰਸ਼ਾਸਨ ਵੱਲੋਂ ਇਸ ਸਮੱਸਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਇਸ ਦੇ ਕਾਰਨ ਹਰ ਪਾਸੇ ਆਵਾਰਾ ਕੁੱਤਿਆਂ ਦੀ ਦਹਿਸ਼ਤ ਬਣੀ ਹੋਈ ਹੈ। ਨਿੱਤ ਦਿਨ ਅਖਬਾਰਾਂ ਵਿਚ ਖਬਰਾਂ ਛੱਪਦੀਆਂ ਹਨ ਕਿ ਆਵਾਰਾ ਕੁੱਤਿਆਂ ਨੇ ਕਿਤੇ ਬੱਚੇ ਨੂੰ ਤੇ ਕਿਤੇ ਬਜ਼ੁਰਗਾਂ ਨੂੰ ਨੋਚਿਆ ਤੇ ਆਪਣਾ ਸ਼ਿਕਾਰ ਬਣਾਇਆ। ਇਨ੍ਹਾਂ ਅਵਾਰਾ ਕੁੱਤਿਆਂ ਦੇ ਹਮਲੇ ਦੌਰਾਨ ਪਿਛਲੇ ਦਿਨਾਂ ਵਿਚ ਬੱਚਿਆਂ ਦੀ ਜਾਨ ਤੱਕ ਜਾ ਚੁੱਕੀ ਹੈ, ਪ੍ਰੰਤੂ ਆਵਾਰਾ ਕੁੱਤਿਆਂ ਦੇ ਹਮਲਿਆਂ ਤੋਂ ਆਮ ਲੋਕਾਂ ਵਿਸ਼ੇਸ਼ ਤੌਰ ’ਤੇ ਬਜ਼ੁਰਗਾਂ ਤੇ ਬੱਚਿਆਂ ਨੂੰ ਬਚਾਉਣ ਸਬੰਧੀ ਇਨ੍ਹਾਂ ਕੁੱਤਿਆਂ ਦੀ ਸਮੱਸਿਆ ਸਬੰਧੀ ਕੋਈ ਠੋਸ ਕਦਮ ਨਹੀਂ ਚੁੱਕੇ ਜਾ ਰਹੇ ਹਨ। ਪਿੰਡ ਸਲਾਹਪੁਰ ਤੇ ਆਸਪਾਸ ਦੇ ਪਿੰਡਾਂ ਵਿਚ ਵੀ ਅਵਾਰਾ ਕੁੱਤਿਆਂ ਦੇ ਵੱਡੇ ਝੁੰਡੀ ਘੁੰਮਦੇ ਆਮ ਦੇਖੇ ਜਾ ਸਕਦੇ ਹਨ। ਪਿੰਡਾਂ ਦੀਆਂ ਗਲੀਆਂ ਮੁਹੱਲਿਆਂ ਵਿਚ ਅਵਾਰਾ ਕੁੱਤੇ ਵੱਡੀ ਗਿਣਤੀ ਵਿਚ ਬੈਠੇ ਰਹਿੰਦੇ ਹਨ। ਪਿੰਡ ਸਲਾਹਪੁਰ ਵਿਖੇ ਗੁਰਦੁਆਰਾ ਸਾਹਿਬ ਅਤੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸਲਾਹਪੁਰ ਦੇ ਆਸਪਾਸ ਇਨ੍ਹਾਂ ਅਵਾਰਾ ਕੁੱਤਿਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਪਿੰਡ ਦੇ ਸਕੂਲ ਵਿਚ ਛੋਟੇ ਛੋਟੇ ਬੱਚੇ ਪੜ੍ਹਨ ਲਈ ਆਉਂਦੇ ਹਨ ਜੋ ਕਿ ਕਦੀ ਵੀ ਇਨ੍ਹਾਂ ਅਵਾਰਾ ਕੁੱਤਿਆਂ ਦੇ ਹਮਲੇ ਦਾ ਸ਼ਿਕਾਰ ਹੋ ਸਕਦੇ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਕੂਲ ਵਿਖੇ ਛੋਟੇ ਬੱਚਿਆਂ ਦਾ ਇਕੱਲੇ ਆਉਣਾ ਜਾਣਾ ਖਤਰੇ ਤੋਂ ਖਾਲੀ ਨਹੀਂ ਹੈ ਕਿਉਂਕਿ ਆਵਾਰਾ ਕੁੱਤੇ ਕਦੇ ਵੀ ਸਕੂਲ ਆਉਣ ਜਾਣ ਸਮੇਂ ਬੱਚਿਆਂ ’ਤੇ ਹਮਲਾ ਕਰ ਕੇ ਜ਼ਖਮੀ ਕਰ ਸਕਦੇ ਹਨ। ਇਸੇ ਤਰ੍ਹਾਂ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਪਿੰਡ ਦੇ ਬਜ਼ੁਰਗ ਆਉਂਦੇ ਜਾਂਦੇ ਹਨ। ਇਨ੍ਹਾਂ ਬਜ਼ੁਰਗਾਂ ਵਿਚ ਵੀ ਅਵਾਰਾ ਕੁੱਤਿਆਂ ਦੇ ਕਾਰਨ ਡਰ ਤੇ ਸਹਿਮ ਬਣਿਆ ਰਹਿੰਦਾ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਇਹ ਕੁੱਤੇ ਅਕਸਰ ਸਕੂਲ ਤੇ ਗੁਰਦੁਆਰਾ ਸਾਹਿਬ ਦੇ ਅੱਗੇ ਬੈਠੇ ਰਹਿੰਦੇ ਹਨ ਜੋ ਬੱਚਿਆਂ ਤੇ ਬਜ਼ੁਰਗਾਂ ’ਤੇ ਕਦੇ ਵੀ ਹਮਲਾ ਕਰਕੇ ਜਾਨੀ ਨੁਕਸਾਨ ਕਰ ਸਕਦੇ ਹਨ। ਪਿੰਡ ਵਾਸੀਆਂ ਨੇ ਇਨਾਂ ਆਵਾਰਾ ਕੁੱਤਿਆਂ ਤੋਂ ਬਚਾਅ ਲਈ ਸਥਾਈ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ।