ਰੈਲੀ ’ਚ ਫੀਲਡ ਮੁਲਾਜ਼ਮ ਕਰਨਗੇ ਸ਼ਮੂਲੀਅਤ : ਖਮਾਣੋਂ
ਰੈਲੀਆਂ ’ਚ ਵੱਡੀ ਗਿਣਤੀ ’ਚ ਫੀਲਡ ਮੁਲਾਜ਼ਮ ਸ਼ਮੂਲੀਅਤ ਕਰਨਗੇ:ਖਮਾਣੋਂ
Publish Date: Sat, 07 Mar 2026 06:12 PM (IST)
Updated Date: Sat, 07 Mar 2026 06:15 PM (IST)

ਰਾਜਵੀਰ ਸਿੰਘ ਚੌਂਤਾ, ਪੰਜਾਬੀ ਜਾਗਰਣ ਸ਼੍ਰੀ ਚਮਕੌਰ ਸਾਹਿਬ : ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਪੰਜਾਬ ਦੇ ਸੱਦੇ ’ਤੇ ਪੰਜਾਬ ਸਰਕਾਰ ਦੇ ਆਖਰੀ ਬਜਟ ਸੈਸ਼ਨ ਦੌਰਾਨ ਮੋਹਾਲੀ ਵਿਖੇ 8 ਮਾਰਚ ਤੋਂ ਸੂਬਾ ਪੱਧਰੀ ਰੋਸ ਰੈਲੀਆਂ ਕਰਨ ਅਤੇ ਵਿਧਾਨ ਸਭਾ ਵੱਲ ਮਾਰਚ ਕਰਨ ਦੇ ਐਲਾਨ ਅਨੁਸਾਰ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੀ ਅਗਵਾਈ ਹੇਠ ਵੱਖ-ਵੱਖ ਵਿਭਾਗਾਂ ਦੇ ਸੈਂਕੜੇ ਫੀਲਡ ਮੁਲਾਜ਼ਮ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨਗੇ। ਇਸ ਸਬੰਧੀ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ਼ ਯੂਨੀਅਨ ਦੇ ਸੂਬਾ ਕਾਰਜਕਾਰੀ ਪ੍ਰਧਾਨ ਮਲਾਗਰ ਸਿੰਘ ਖਮਾਣੋਂ, ਮੀਤ ਪ੍ਰਧਾਨ ਓਂਕਾਰ ਯਾਦਵ, ਵਿੱਤ ਸਕੱਤਰ ਭੂਸ਼ਣ ਗੋਇਲ, ਸੰਯੁਕਤ ਸਕੱਤਰ ਦੀਦਾਰ ਸਿੰਘ ਢਿੱਲੋਂ, ਬਰਾਂਚ ਫਤਿਹਗੜ੍ਹ ਸਾਹਿਬ ਦੇ ਪ੍ਰਧਾਨ ਤਰਲੋਚਨ ਸਿੰਘ ਚੁੰਨੀ, ਬਲਜਿੰਦਰ ਸਿੰਘ ਕਜੌਲੀ, ਜਗਤਾਰ ਸਿੰਘ ਮਹੈਣ ਆਦਿ ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਆਖਰੀ ਬਜਟ ਦੌਰਾਨ ਸਾਂਝੇ ਫਰੰਟ ਦੀ ਅਗਵਾਈ ਹਠ ਕੀਤੀਆਂ ਜਾਣ ਵਾਲੀਆਂ ਸੂਬਾ ਪੱਧਰੀ ਰੈਲੀਆਂ ਇਸ ਸਰਕਾਰ ਦੇ ਕਫਨ ਵਿਚ ਆਖਰੀ ਕਿੱਲ ਸਾਬਤ ਹੋਣਗੀਆਂ। ਇਨ੍ਹਾਂ ਆਗੂਆਂ ਨੇ ਕਿਹਾ ਕੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਵਿਧਾਨ ਸਭਾ ਚੋਣਾਂ ਦੌਰਾਨ ਸਮੁੱਚੇ ਮੁਲਾਜ਼ਮਾਂ, ਪੈਨਸ਼ਨਰਾਂ, ਠੇਕਾ ਕਾਮਿਆਂ, ਮਾਣ ਭੱਤਾ ਵਰਕਰਾਂ ਨਾਲ ਆਪ ਦੀ ਸਰਕਾਰ ਬਣਨ ’ਤੇ ਉਨ੍ਹਾਂ ਦੀਆਂ ਮੰਗਾਂ ਨੂੰ ਪਹਿਲ ਦੇ ਅਧਾਰ ’ਤੇ ਪੂਰਾ ਕਰਨ ਦੇ ਵਾਅਦੇ ਕੀਤੇ ਸਨ ਪ੍ਰੰਤੂ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਵੀ ਮੁਲਾਜ਼ਮਾਂ ਦੀਆਂ ਮੰਗਾਂ ਜਿਉਂ ਦੀ ਤਿਉਂ ਲਟਕ ਰਹੀਆਂ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਪੰਜਾਬ ਬਾਰ-ਬਾਰ ਕਹਿੰਦੇ ਹਨ ਕਿ ਖਜ਼ਾਨਾ ਭਰਿਆ ਹੋਇਆ ਹੈ ਪ੍ਰੰਤੂ ਮੁਲਾਜ਼ਮਾਂ ਦੀਆਂ ਸੰਵਿਧਾਨਿਕ ਤੇ ਹੱਕੀ ਮੰਗਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ। ਇਸ ਦੇ ਕਾਰਨ ਸਮੁੱਚੇ ਮੌਜੂਦਾ ਮੁਲਾਜ਼ਮਾਂ, ਪੈਨਸ਼ਨਰਾਂ, ਠੇਕਾ ਕਾਮਿਆਂ, ਮਾਣ ਭੱਤਾ ਵਰਕਰਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾਂ ਹੈ। ਉਨ੍ਹਾਂ ਕਿਹਾ ਕਿ ਇਹ ਸੂਬੇ ਦੀ ਪਹਿਲੀ ਤੇ ਆਖਰੀ ਸਰਕਾਰ ਹੈ ਜਿਸ ਨੂੰ ਅਦਾਲਤਾਂ ਵੀ ਲਾਹਨਤਾਂ ਪਾ ਰਹੀਆਂ ਹਨ ਅਤੇ ਸਮੁੱਚੇ ਮੁਲਾਜ਼ਮ ਵੀ। ਉਨ੍ਹਾਂ ਕਿਹਾ ਕਿ ਜੇਕਰ ਬਜਟ ਦੌਰਾਨ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਕਰਨ ਸਬੰਧੀ ਐਲਾਨ ਨਾ ਕੀਤਾ ਗਿਆ ਤਾਂ ਸੰਘਰਸ਼ ਹੋਰ ਤੇਜ਼ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਡੀਐੱਮਐੱਫ ਦੀ ਅਗਵਾਈ ਹੇਠ 10 ਮਾਰਚ ਨੂੰ ਸਮੁੱਚੇ ਫੀਲਡ ਮੁਲਾਜ਼ਮ ਸ਼ਮੂਲੀਅਤ ਕਰਨਗੇ।