ਸਿਹਤ ਮੰਤਰੀ ਦੀ ਰਿਹਾਇਸ਼ ਦਾ ਭਲਕੇ ਕੀਤਾ ਜਾਵੇਗਾ ਘਿਰਾਓ, ਸਰਕਾਰ ਦਾ ਪੁਤਲਾ ਫੂਕਣ ਦਾ ਐਲਾਨ
ਉਨ੍ਹਾਂ ਦੱਸਿਆ ਕਿ ਐਸੋਸੀਏਸ਼ਨ ਵੱਲੋਂ 18 ਫਰਵਰੀ ਨੂੰ ਮੀਟਿੰਗ ਕਰਨ ਅਤੇ ਮੰਗਾਂ ਪੂਰੀਆਂ ਕੀਤੇ ਜਾਣ ਦੇ ਭਰੋਸੇ ਤੋਂ ਬਾਅਦ ਧਰਨਾ ਚੁੱਕਿਆ ਗਿਆ ਸੀ ਪ੍ਰੰਤੂ ਨਾਲ ਹੀ ਐਸੋਸੀਏਸ਼ਨ ਵੱਲੋਂ ਪ੍ਰਸ਼ਾਸਨ ਅਤੇ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਸੀ ਕਿ ਜੇਕਰ ਇੱਕ ਹਫ਼ਤੇ ਵਿਚ ਕਰਮਚਾਰੀਆਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਮਾਰਚ ਦੇ ਪਹਿਲੇ ਹਫਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
Publish Date: Sat, 07 Mar 2026 03:49 PM (IST)
Updated Date: Sat, 07 Mar 2026 04:41 PM (IST)
ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਰੂਪਨਗਰ : ਪੰਜਾਬ ਸਟੇਟ ਏਡਜ਼ ਕੰਟਰੋਲ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਦੇ ਬੈਨਰ ਹੇਠ ਸਿਹਤ ਵਿਭਾਗ ਪੰਜਾਬ ਦੇ ਕਰਮਚਾਰੀਆਂ ਵੱਲੋਂ ਮਹਿਲਾ ਦਿਵਸ ਮੌਕੇ 8 ਮਾਰਚ ਨੂੰ ਸਿਹਤ ਮੰਤਰੀ ਪੰਜਾਬ ਦੀ ਪਟਿਆਲਾ ਵਿਖੇ ਨਿੱਜੀ ਰਿਹਾਇਸ਼ ਦਾ ਘੇਰਾਓ ਕਰਨ ਅਤੇ ਸਰਕਾਰ ਦਾ ਪੁੱਤਲਾ ਫੂਕਣ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਜਸਮੇਲ ਸਿੰਘ ਦਿਓਲ ਅਤੇ ਜ਼ਿਲ੍ਹਾ ਪ੍ਰਧਾਨ ਰੂਪਨਗਰ ਗਗਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਵਿਭਾਗ ਵਿਚ ਲੱਗਭੱਗ 90 ਫੀਸਦੀ ਮਹਿਲਾਵਾਂ ਕੰਮ ਕਰਦੀਆਂ ਹਨ ਅਤੇ ਪੰਜਾਬ ਸਰਕਾਰ ਮਹਿਲਾਵਾਂ ਦੇ ਪ੍ਰਤੀ ਕਿੰਨੀ ਕੁ ਸੁਹਿਰਦ ਹੈ, ਇਸ ਬਾਰੇ ਨਾਰੀ ਸ਼ਕਤੀ ਸਰਕਾਰ ਭਾਂਡਾ ਭੰਨੇਗੀ।
ਇਸ ਰੋਸ ਪ੍ਰਦਰਸ਼ਨ ਦੌਰਾਨ ਗੁਰਦੁਆਰਾ ਸਾਹਿਬ ਤ੍ਰਿਪੜੀ ਤੋਂ ਹੁੰਦੇ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਦੇ ਚੌਕ ਵਿਚ ਚੱਕਾ ਜਾਮ ਕਰਕੇ ਸਿਹਤ ਮੰਤਰੀ ਦੀ ਰਿਹਾਇਸ਼ ਦਾ ਘੇਰਾਓ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਬੀਤੀ 15 ਫਰਵਰੀ ਨੂੰ ਵੀ ਕਰਮਚਾਰੀਆਂ ਵੱਲੋਂ ਸਿਹਤ ਮੰਤਰੀ ਦੀ ਨਿੱਜੀ ਰਿਹਾਇਸ਼ ਪਟਿਆਲਾ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਐਸੋਸੀਏਸ਼ਨ ਵੱਲੋਂ 18 ਫਰਵਰੀ ਨੂੰ ਮੀਟਿੰਗ ਕਰਨ ਅਤੇ ਮੰਗਾਂ ਪੂਰੀਆਂ ਕੀਤੇ ਜਾਣ ਦੇ ਭਰੋਸੇ ਤੋਂ ਬਾਅਦ ਧਰਨਾ ਚੁੱਕਿਆ ਗਿਆ ਸੀ ਪ੍ਰੰਤੂ ਨਾਲ ਹੀ ਐਸੋਸੀਏਸ਼ਨ ਵੱਲੋਂ ਪ੍ਰਸ਼ਾਸਨ ਅਤੇ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਸੀ ਕਿ ਜੇਕਰ ਇੱਕ ਹਫ਼ਤੇ ਵਿਚ ਕਰਮਚਾਰੀਆਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਮਾਰਚ ਦੇ ਪਹਿਲੇ ਹਫਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ 15 ਦਿਨ ਬੀਤ ਜਾਣ ਉਪਰੰਤ ਵੀ ਕਰਮਚਾਰੀਆਂ ਦੀਆਂ ਮੰਗਾਂ ਪੂਰੀਆਂ ਕਰਨ ਸਬੰਧੀ ਕੋਈ ਕਰਵਾਈ ਨਹੀਂ ਕੀਤੀ ਗਈ। ਇਸ ਦੇ ਕਾਰਨ ਐਸੋਸੀਏਸ਼ਨ ਵੱਲੋਂ 8 ਮਾਰਚ ਨੂੰ ਸਿਹਤ ਮੰਤਰੀ ਦੀ ਨਿੱਜੀ ਰਿਹਾਇਸ਼ ਪਟਿਆਲਾ ਦਾ ਘੇਰਾਓ ਕਰ ਕੇ ਰੋਸ ਮੁਜਾਹਰ ਕੀਤਾ ਜਾਵੇਗਾ। ਇਸ ਮੌਕੇ ਜਨਰਲ ਸਕੱਤਰ ਗੁਰਜੰਟ ਸਿੰਘ ਖੰਨਾ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਸਰਕਾਰ ਬਣਨ ਉਪਰੰਤ ਇੱਕ ਮਹੀਨੇ ਵਿਚ ਸਾਰੇ ਕੱਚੇ ਕਾਮਿਆਂ ਨੂੰ ਰੈਗੂਲਰ ਕਰਨ ਅਤੇ ਤਨਖਾਹਾਂ ਵਿਚ 20 ਪ੍ਰਤੀਸ਼ਤ ਤੱਕ ਵਾਧਾ ਕਰਨ ਦੇ ਵਾਅਦੇ ਕੀਤੇ ਗਏ ਸਨ ਪ੍ਰੰਤੂ ਅਜੇ ਤੱਕ ਕੋਈ ਵੀ ਵਾਅਦ ਪੂਰਾ ਨਹੀਂ ਕੀਤਾ ਗਿਆ।
ਉਨ੍ਹਾਂ ਰੋਸ ਜਤਾਉਂਦੇ ਹੋਏ ਕਿਹਾ ਕਿ ਸਿਹਤ ਮੰਤਰੀ ਨਾਲ ਲੱਗਭੱਗ 50 ਤੋਂ ਵੱਧ ਮੀਟਿੰਗਾਂ ਹੋਣ ਦੇ ਬਾਵਜੂਦ ਕਰਮਚਾਰੀਆਂ ਦੇ ਹੱਕ ਵਿਚ ਕੋਈ ਠੋਸ ਫੈਸਲਾ ਨਹੀਂ ਲਿਆ ਗਿਆ। ਉਨ੍ਹਾਂ ਕਿਹਾ ਕਿ ਸਿਹਤ ਮੰਤਰੀ ਵੱਲੋਂ ਇਸ ਮਾਮਲੇ ਦੇ ਹੱਲ੍ਹ ਲਈ ਕੇਵਲ ਲਾਰੇ ਲਗਾਏ ਗਏ ਪ੍ਰੰਤੂ ਜ਼ਮੀਨੀ ਪੱਧਰ ‘ਤੇ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਇਹ ਧਰਨਾ ਛੁੱਟੀ ਵਾਲੇ ਦਿਨ ਲਗਾਇਆ ਜਾ ਰਿਹਾ ਹੈ ਤਾਂ ਜੋ ਮਰੀਜ਼ਾਂ ਨੂੰ ਕਿਸੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਏ।
ਇਸ ਮੌਕੇ ਯੂਨੀਅਨ ਦੇ ਪ੍ਰੈੱਸ ਸਕੱਤਰ ਮੁਨੀਸ਼ ਮੁੱਖ ਦਫਤਰ ਚੰਡੀਗੜ੍ਹ ਨੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਜਲਦ ਹੀ ਕਰਮਚਾਰੀਆਂ ਨਾਲ ਕੀਤੇ ਵਾਅਦੇ ਪੂਰੇ ਨਾ ਕੀਤੇ ਗਏ ਤਾਂ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਐਸੋਸੀਏਸ਼ਨ ਦੇ ਹੋਰ ਅਹੁੱਦੇਦਾਰ ਤੇ ਮੈਂਬਰ ਹਾਜ਼ਰ ਸਨ।