ਅਧਿਆਪਕਾਂ ਵੱਲੋਂ ਵਿਧਾਇਕ ਦੇ ਘਰ ਅੱਗੇ ਰੋਸ ਪ੍ਰਦਰਸ਼ਨ
ਵੱਡੀ ਗਿਣਤੀ ਵਿਚ ਅਧਿਆਪਕਾਂ ਨੇ ਵਿਧਾਇਕ ਦੇ ਘਰ ਅੱਗੇ ਕੀਤਾ ਰੋਸ ਪ੍ਰਦਰਸ਼ਨ
Publish Date: Mon, 02 Mar 2026 06:48 PM (IST)
Updated Date: Mon, 02 Mar 2026 06:49 PM (IST)

ਲਖਵੀਰ ਖਾਬੜਾ, ਪੰਜਾਬੀ ਜਾਗਰਣ ਰੂਪਨਗਰ : ਅਧਿਆਪਕਾਂ ਨੇ ਸੋਮਵਾਰ ਨੂੰ ਆਮ ਆਦਮੀ ਪਾਰਟੀ ਦੇ ਰੂਪਨਗਰ ਤੋਂ ਵਿਧਾਇਕ ਦਿਨੇਸ਼ ਚੱਢਾ ਦੇ ਨਿਵਾਸ ਸਥਾਨ ਤੇ ਰੋਹ ਭਰਪੂਰ ਪ੍ਰਦਰਸ਼ਨ ਕਰਦਿਆਂ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਤੋਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਬਾਗ ਵਿਚ ਇੱਕਠੇ ਹੋਏ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਗੁਰਬਿੰਦਰ ਸਿੰਘ ਸਸਕੌਰ, ਪਰਵਿੰਦਰ ਭਾਰਤੀ, ਗੁਰਿੰਦਰਪਾਲ ਸਿੰਘ ਖੇੜੀ, ਹਰਪ੍ਰੀਤ ਸਿੰਘ ਸੰਧੂ, ਮਨਦੀਪ ਸਰਥਲੀ, ਗੁਰਚਰਨ ਆਲੋਵਾਲ, ਧਰਮਿੰਦਰ ਸਿੰਘ ਭੰਗੂ, ਕੁਲਵੀਰ ਸਿੰਘ ਕੰਧੋਲਾ, ਸੰਜੀਵ ਕੁਮਾਰ ਮੋਠਾਪੁਰ ਆਦਿ ਨੇ ਨੇ ਕਿਹਾ ਕਿ ਸਿੱਖਿਆ ਵਿਭਾਗ ਵਿਚ ਕੰਮ ਕਰਦੇ ਸਮੁੱਚੇ ਅਧਿਆਪਕਾਂ ਦੀ ਭਰਤੀ ਸਿਵਲ ਸਰਵਿਸਿਜ ਰੂਲਾਂ ਤਹਿਤ ਵੱਖ-ਵੱਖ ਸਮੇਂ ਕੀਤੀ ਗਈ ਹੈ। ਇਨਾਂ ਨਿਯਮਾਂ ਨੂੰ ਅੱਖੋਂ-ਪਰੋਖੇ ਕਰਦੇ ਹੋਏ ਵਿਭਾਗ ਵੱਲੋਂ ਹੁਣ ਲੰਬੇ ਸਮੇਂ ਤੋਂ ਕੰਮ ਕਰਦੇ ਉਨ੍ਹਾਂ ਅਧਿਆਪਕਾਂ ਨੂੰ ਵੀ ਟੈਟ ਪਾਸ ਕਰਨ ਦੇ ਹੁਕਮ ਦਿੱਤੇ ਗਏ ਹਨ, ਜਿਨਾਂ ਅਧਿਆਪਕਾਂ ਦੀ ਭਰਤੀ ਟੈਟ ਦੀ ਹੋਂਦ ਤੋਂ ਪਹਿਲਾਂ ਹੋਈ ਹੈ।ਉਨ੍ਹਾਂ ਕਿਹਾਕਿ ਅਧਿਆਪਕਾਂ ਤੇ ਟੈਟ ਦੀ ਸ਼ਰਤ ਲਗਾਉਣਾ ਗੈਰ ਸੰਵਿਧਾਨਿਕ ਹੈ। ਇਸ ਧੱਕੇ ਵਿਰੁੱਧ ਅਧਿਆਪਕਾਂ ਵੱਲੋਂ 22 ਫਰਵਰੀ ਨੂੰ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ। ਪ੍ਰਸ਼ਾਸਨ ਵੱਲੋਂ ਅਧਿਆਪਕਾਂ ਦੇ ਰੋਹ ਨੂੰ ਦੇਖਦੇ ਹੋਏ ਸਿੱਖਿਆ ਮੰਤਰੀ ਪੰਜਾਬ ਨਾਲ ਅਧਿਆਪਕ ਜਥੇਬੰਦੀਆਂ ਦੀ 27 ਫਰਵਰੀ ਨੂੰ ਮੀਟਿੰਗ ਤੈਅ ਕਰਵਾਈ ਸੀ। ਪਰ ਸਿੱਖਿਆ ਮੰਤਰੀ 27 ਫਰਵਰੀ ਨੂੰ ਮੀਟਿੰਗ ਤੋਂ ਮੁੱਕਰ ਗਏ । ਜਿਸ ਕਾਰਨ ਅਧਿਆਪਕ ਜਥੇਬੰਦੀਆਂ ਵੱਲੋਂ ਸੱਤਾਧਾਰੀ ਧਿਰ ਦੇ ਮੰਤਰੀਆਂ/ ਵਿਧਾਇਕਾਂ ਦੇ ਘਰਾਂ ਅੱਗੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ।ਉਨ੍ਹਾਂ ਕਿਹਾਕਿ ਅਧਿਆਪਕ ਮੰਗ ਕਰ ਰਹੇ ਹਨ ਕਿ ਸਾਰੇ ਅਧਿਆਪਕਾਂ ਤੇ ਥੋਪੇ ਟੈਟ ਦੇ ਗੈਰ ਸੰਵਿਧਾਨਿਕ ਫੈਸਲੇ ਨੂੰ ਰੋਕਣ ਲਈ ਪੰਜਾਬ ਵਿਧਾਨ ਸਭਾ ਵਿਚ ਬਿੱਲ ਪਾਸ ਕੀਤਾ ਜਾਵੇ। ਉਨ੍ਹਾਂ ਕਿਹਾਕਿ ਅਧਿਆਪਕਾਂ ਨੂੰ ਇਨਸਾਫ ਦਵਾਉਣ ਲਈ ਸੁਪਰੀਮ ਕੋਰਟ ਵਿਚ ਰਿਵਿਊ ਪਟੀਸ਼ਨ ਦਾਖਲ ਕੀਤੀ ਜਾਵੇ। ਅਧਿਆਪਕਾਂ ਦੀਆਂ ਤੁਰੰਤ ਪਦਉਨਤੀਆਂ ਕੀਤੀਆਂ ਜਾਣ। ਵਿਭਾਗ ਵੱਲੋਂ ਲਿਆ ਜਾ ਰਿਹਾ ਟੈੱਟ ਰੱਦ ਕੀਤਾ ਜਾਵੇ। ਇਸ ਮੌਕੇ ਤੇ ਹਲਕਾ ਵਿਧਾਇਕ ਦਿਨੇਸ਼ ਚੱਢਾ ਵੱਲੋਂ ਸੀਨੀਅਰ ਆਪ ਆਗੂ ਇੰਦਰਪਾਲ ਸਿੰਘ ਰਾਜੂ ਸਤਿਆਲ ਅਤੇ ਤਹਿਸੀਲਦਾਰ ਅੰਮ੍ਰਿਤਪਾਲ ਸਿੰਘ ਰੂਪਨਗਰ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਸੁਰਿੰਦਰ ਸਿੰਘ ਚਕ ਢੇਰਾਂ, ਇਕਬਾਲ ਸਿੰਘ ਹਫਿਜਾਬਾਦ , ਗੁਰਦੀਪ ਸਿੰਘ ਖਾਬੜਾ ,ਰੂਪ ਚੰਦ ਸਲੌਰਾ, ਮਹਿੰਦਰ ਪਾਲ ਸਿੰਘ ਖੇੜੀ , ਦਲਜੀਤ ਸਿੰਘ ਜਟਾਣਾ, ਦਵਿੰਦਰ ਪਾਲ ਸਿੰਘ ਬੇਦੀ , ਹਰਨੇਕ ਸਿੰਘ, ਬਹਾਦਰ ਸਿੰਘ ਜਗਤਪੁਰ , ਅਸ਼ਵਨੀ ਕੁਮਾਰ ਬਾਮਾ ,ਗੁਰਪ੍ਰੀਤ ਸਿੰਘ ਗਿੱਲ, ਕੁਲਵਿੰਦਰ ਸਿੰਘ ਬਿੱਟੂ, ਸਿਮਰਨਜੀਤ ਸਿੰਘ ਰੱਕੜ, ਜਗਦੀਪ ਸਿੰਘ ਝੱਲੀਆਂ, ਤਰਸੇਮ ਕੁਮਾਰ, ਭੀਮ ਸੈਨ, ਕੇਸਰ ਸਿੰਘ ਲੈਹੜੀਆਂ, ਤਨਵੀਰ ਰਾਠੌੜ, ਕੁਲਵਿੰਦਰ ਸਿੰਘ ਝੱਲੀਆਂ, ਆਦਿ ਸਮੇਤ ਵੱਡੀ ਗਿਣਤੀ ਵਿਚ ਅਧਿਆਪਕ ਮੌਜੂਦ ਸਨ।