ਕਿਲ੍ਹਾ ਕੋਟਲਾ ਨਿਹੰਗ ਖਾਂ ਦੇ ਦਰਸ਼ਨਾ ਲਈ ਸੰਗਤ ਨਤਮਸਤਕ
ਹੋਲਾ ਮਹੱਲਾ ਮੌਕੇ ਕੋਟਲਾ ਨਿਹੰਗ ਖਾਂ ਦੇ ਕਿਲ੍ਹੇ ਦੇ ਦਰਸ਼ਨਾ ਲਈ ਸੰਗਤਾਂ ਹੋ ਰਹੀਆ ਹਨ ਨਤਮਸਤਕ
Publish Date: Mon, 02 Mar 2026 04:15 PM (IST)
Updated Date: Mon, 02 Mar 2026 04:16 PM (IST)

ਲਖਵੀਰ ਖਾਬੜਾ, ਪੰਜਾਬੀ ਜਾਗਰਣ ਰੂਪਨਗਰ : ਰਾਸ਼ਟਰੀ ਤਿਉਹਾਰ ਹੋਲਾ ਮਹੱਲਾ ਮੌਕੇ ਪਿੰਡ ਕੋਟਲਾ ਨਿਹੰਗ ਵਿਖੇ ਪੁਰਾਤਨ ਕਿਲ੍ਹਾ ਕੋਟਲਾ ਨਿਹੰਗ ਖਾਂ ਦੇ ਦਰਸ਼ਨਾਂ ਲਈ ਸੰਗਤਾਂ ਪਹੁੰਚ ਰਹੀਆ ਹਨ।ਜ਼ਿਕਰਯੋਗ ਹੈ ਕਿ ਕਿਲ੍ਹੇ ਦੀ ਸੇਵਾ ਸੰਭਾਲ ਬਾਬਾ ਬਲਬੀਰ ਸਿੰਘ ਮੁੱਖੀ ਨਿਹੰਗ ਜਥੇਬੰਦੀ ਬੁੱਢਾ ਦਲ 96 ਕਰੋੜੀ ਕੋਲ ਹੈ। ਸੇਵਾਦਾਰ ਬਾਬਾ ਬਲਦੇਵ ਸਿੰਘ ਨੇ ਦੱਸਿਆ ਕਿ ਹੋਲਾ ਮਹੱਲਾ ਮੌਕੇ ਸ੍ਰੀ ਆਖੰਡ ਪਾਠ ਸਾਹਿਬ ਆਰੰਭ ਹਨ ਜ਼ਿਸ ਦਾ ਭੋਗ ਮੰਗਲਵਾਰ ਅੱਜ ਪੈਣਗੇ ਅਤੇ ਪੰਥ ਪ੍ਰਸਿੱਧ ਰਾਗੀ ਢਾਡੀ ਜਥੇ ਸੰਗਤਾਂ ਨੂੰ ਗੁਰੂ ਜਸ ਸੁਣਾ ਕੇ ਨਿਹਾਲ ਕਰਨਗੇ। ਉਨ੍ਹਾਂ ਕਿਹਾ ਕਿ ਸੰਗਤਾਂ ਲਈ ਗੁਰੂ ਦੇ ਲੰਗਰ ਅਤੁੱਟ ਚੱਲ ਰਹੇ ਹਨ।ਇਸ ਮੌਕੇ ਤੇ ਉਨ੍ਹਾਂ ਸਮਾਜਸੇਵੀ ਦਲਜੀਤ ਸਿੰਘ ਨੂੰ ਸਮਾਜਸੇਵਾ ਦੇ ਕਾਰਜਾ ਵਿਚ ਸੇਵਾ ਕਰਨ ਬਦਲੇ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ। ਕਿਲ੍ਹਾ ਕੋਟਲਾ ਨਿਹੰਗ ਦਾ ਇਤਿਹਾਸਕ ਪੱਖ ਜਾਣਕਾਰੀ ਅਨੁਸਾਰ ਨੌਰੰਗ ਖਾਂ ਤੇ ਨਿਹੰਗ ਖਾਂ ਦੋਨੋਂ ਪਿਉ-ਪੁੱਤਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਆਕੇ ਚੰਗੀ ਨਸਲ ਦੇ ਘੋੜੇ ਲਿਆ ਕੇ ਵੇਚਦੇ ਸਨ ਤੇ ਧਨ ਪ੍ਰਾਪਤ ਕਰਦੇ ਸਨ। 1947 ਵਿਚ ਦੇਸ਼ ਦੀ ਵੰਡ ਹੋਣ ਦੇ ਨਾਲ ਨਾਲ ਨਿਹੰਗ ਖਾਂ ਦਾ ਪਰਿਵਾਰ ਸੱਭ ਕੁੱਝ ਛੱਡ ਕੇ ਪਾਕਿਸਤਾਨ ਚਲਿਆ ਗਿਆ ਸੀ। ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਸ਼੍ਰੀ ਆਨੰਦਪੁਰ ਸਾਹਿਬ ਦਾ 6,7 ਪੋਹ ਦੀ ਰਾਤ ਨੂੰ ਕਿਲ੍ਹਾ ਛੱਡਿਆ ਤਾਂ ਉਸ ਸਮੇਂ ਭਾਈ ਬਚਿੱਤਰ ਸਿੰਘ ਜੀ ਤੇ ਉਨਾਂ ਦੇ ਭਾਈ ਉਦੈ ਸਿੰਘ ਵੀ ਨਾਲ ਸਨ । ਗੁਰੂ ਜੀ ਪਰਿਵਾਰ ਵਿਛੋੜੇ ਤੋਂ ਬਾਅਦ ਸਰਸਾ ਨਦੀ ਤੋ ਸਿੱਧਾ ਪਿੰਡ ਕੋਟਲਾ ਨਿਹੰਗ ਵਿੱਖੇ ਚੌਧਰੀ ਨਿਹੰਗ ਖਾਂ ਦੇ ਕਿਲੇ ਵਿਚ ਪਹੁੰਚੇ ਸੀ, ਜੋ ਕਿ ਗੁਰੂਘਰ ਦਾ ਸੱਚਾ ਸ਼ਰਧਾਲੂ ਸੀ। ਭਾਈ ਬਚਿੱਤਰ ਸਿੰਘ ਜੀ ਦੀ ਵੈਰੀ ਫੌਜਾਂ ਨਾਲ ਮਲਕਪੁਰ ਦੇ ਰੰਗੜਾ ਦੇ ਨਾਲ ਜੰਗ ਹੋ ਗਈ। ਸਾਰੇ ਸਿੰਘਾਂ ਨੇ ਵੈਰੀ ਫੌਜ ਨਾਲ ਸਖਤ ਟੱਕਰ ਲਈ ਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਭਾਈ ਬਚਿੱਤਰ ਸਿੰਘ ਜੀ ਵੀ ਸਖ਼ਤ ਜਖਮੀ ਹੋ ਗਏ ਸਨ। ਅਚਾਨਕ ਪਿਛੋਂ ਤੋਂ ਸਾਹਿਬਜਾਦਾ ਅਜੀਤ ਸਿੰਘ ਤੇ ਭਾਈ ਮਦਨ ਸਿੰਘ ਜੀ ਸਿੱਖਾਂ ਨਾਲ ਉਥੋਂ ਲੰਘੇ ਤਾਂ ਜਖਮੀ ਹਾਲਤ ਵਿਚ ਬਚਿੱਤਰ ਸਿੰਘ ਨੂੰ ਕੋਟਲਾ ਨਿਹੰਗ ਵਿਖੇ ਚੌਧਰੀ ਨਿਹੰਗ ਖਾਂ ਦੇ ਕਿਲੇ ਵਿੱਚ ਪਹੁੰਚਾਇਆ। ਜਿੱਥੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਚੌਧਰੀ ਨਿਹੰਗ ਖਾਂ ਪਠਾਣ ਦੇ ਕੋਲ ਪਹਿਲਾ ਹੀ ਠਹਿਰੇ ਹੋਏ ਸਨ। ਭਾਈ ਬਚਿੱਤਰ ਸਿੰਘ ਜੀ ਨੂੰ ਇੱਕ ਪਲੰਘ ਤੇ ਲਿਟਾਇਆ ਤੇ ਗੁਰੂ ਗੋਬਿੰਦ ਸਿੰਘ ਜੀ ਅੱਧੀ ਰਾਤ ਨੂੰ ਭਾਈ ਬਚਿੱਤਰ ਸਿੰਘ ਜੀ ਦੀ ਸੇਵਾ ਵਿੱਚ ਚੌਧਰੀ ਨਿਹੰਗ ਖਾਂ ਦੀ ਡਿਊਟੀ ਲਗਾ ਕੇ ਆਪ ਦੋਨੋਂ ਸਾਹਿਬਜਾਦੇ, ਬਾਬਾ ਜੋਰਾਵਾਰ ਸਿੰਘ ਤੇ ਭਾਈ ਮੋਹਕਮ ਸਿੰਘ ਆਦਿ ਸਿੰਘਾਂ ਨਾਲ ਅੱਗੇ ਰਵਾਨਾਂ ਹੋ ਗਏ । ਚੌਧਰੀ ਨਿਹੰਗ ਖਾਂ ਨੇ ਗੁਰੂ ਦੀ ਦੇ ਆਦੇਸ਼ ਅਨੁਸਾਰ ਬਚਿੱਤਰ ਸਿੰਘ ਜੀ ਦੀ ਸੇਵਾ ਕੀਤੀ । ਕਿਸੀ ਦੋਖੀ ਨੇ ਰੋਪੜ ਚੌਂਕੀ ਦੇ ਮੁਖੀ ਨੂੰ ਸੂਹ ਦਿੱਤੀ ਤੇ ਜਾਫ਼ਰ ਅਲੀ ਖਾਨ ਨੇ ਆਪਣੇ ਸਿਪਾਹੀਆਂ ਨਾਲ ਕਿਲੇ ਨੂੰ ਘੇਰਿਆ ਤੇ ਚੌਧਰੀ ਨਿਹੰਗ ਖਾਂ ਦੇ ਕਿਲੇ ਦੀ ਛਾਣਬੀਣ ਕੀਤੀ। ਕਿਲ੍ਹੇ ਦੀ ਕੇਵਲ ਇੱਕ ਕੋਠੜੀ ਹੀ ਤਲਾਸ਼ੀ ਬਿਨ੍ਹਾਂ ਰਹਿ ਗਈ ਸੀ। ਜਿਸ ਬਾਰੇ ਪੁੱਛਣ ਤੇ ਚੌਧਰੀ ਨਿਹੰਗ ਖਾਂ ਨੇ ਕਿਹਾ ਕਿ ਕੋਠੜੀ ਵਿਚ ਮੇਰੀ ਲੜਕੀ ਮੁਮਤਾਜ ਤੇ ਦਾਮਾਦ ਆਰਾਮ ਕਰ ਰਹੇ ਹਨ। ਕਹਿੰਦੇ ਹੋ ਤਾਂ ਖੁਲਵਾਂ ਕੇ ਦਿਖਾ ਦਿੰਦਾ ਹਾਂ। ਸਰਦਾਰ ਜਾਫਰ ਅਲੀ ਖਾਨ ਚੌਧਰੀ ਨਿਹੰਗ ਖਾਂ ਤੋ ਖਿਮਾ ਮੰਗਕੇ ਵਾਪਸ ਚਲੇ ਗਿਆ ਸੀ। ਕੋਠੜੀ ਵਿਚ ਜ਼ਖਮੀ ਭਾਈ ਬਚਿੱਤਰ ਸਿੰਘ ਦੀ ਸੇਵਾ ਬੇਟੀ ਮੁਮਤਾਜ ਕਰ ਰਹੀ ਸੀ ਤੇ ਪਿਤਾ ਜੀ ਦੇ ਬਚਨ ਸੁਣ ਕੇ ਬੇਟੀ ਮੁਮਤਾਜ ਨੇ ਸਾਰੀ ਉਮਰ ਵਿਆਹ ਨਹੀਂ ਕਰਵਾਇਆ ।ਦੱਸਣਯੋਗ ਹੈ ਕਿ ਬੀਬੀ ਮੁਮਤਾਜ ਜੀ ਦੀ ਯਾਦ ਵਿਚ ਪਿੰਡ ਬੜੀ ਨੇੜੇ ਪੁਰਖਾਲੀ ਕੋਲ ਤਪ ਅਸਥਾਨ ਗੁਰਦੁਆਰਾ ਬੀਬੀ ਮੁਮਤਾਜ ਜੀ ਸਸ਼ੋਬਿਤ ਹਨ ਜਿਸ ਦੀ ਸੇਵਾ ਸੰਭਾਲ ਵੀ ਬਾਬਾ ਬਲਬੀਰ ਸਿੰਘ ਜੀ ਕੋਲ ਹੈ ਅਤੇ ਸੇਵਾਦਾਰ ਬਾਬਾ ਗੁਰਪ੍ਰੀਤ ਸਿੰਘ ਉੱਥੇ ਸੇਵਾਦਾਰ ਹਨ। ਫੋਟੋ:02ਆਰਪੀਆਰ09 ਕੈਪਸ਼ਨ: ਪਿੰਡ ਕੋਟਲਾ ਨਿਹੰਗ ਵਿਖੇ ਕੋਟਲਾ ਨਿਹੰਗ ਖਾਂ ਦੇ ਪੁਰਾਤਨ ਕਿਲ੍ਹੇ ਵਿਚ ਇਤਿਹਾਸ ਦੱਸਣ ਉਪਰੰਤ ਸਮਾਜਸੇਵੀ ਦਲਜੀਤ ਸਿੰਘ ਦਾ ਸਨਮਾਨ ਕਰਦੇ ਹੋਏੇ ਬਾਬਾ ਬਲਦੇਵ ਸਿੰਘ